ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਤੋਂ ਮੁਖ਼ ਮੋੜਿਆ
ਪੱਤਰ ਪ੍ਰੇਰਕ
ਅਜਨਾਲਾ, 11 ਜੂਨ
ਖੇਤੀਬਾੜੀ ਵਿਭਾਗ ਵੱਲੋਂ ਜਿੱਥੇ ਧਰਤੀ ਹੇਠਲਾ ਪਾਣੀ ਬਚਾਉਣ ਦੇ ਉਦੇਸ਼ ਨਾਲ ਕਿਸਾਨਾਂ ਨੂੰ ਸਾਉਣੀ ਦੀ ਫਸਲ ਝੋਨੇ ਦੀ ਖੇਤਾਂ ਵਿੱਚ ਸਿੱਧੀ ਬਿਜਾਈ ਕਰਨ ਦੀ ਅਪੀਲ ਕੀਤੀ ਗਈ ਉੱਥੇ ਕਿਸਾਨਾਂ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਵਿੱਚ ਕੋਈ ਬਹੁਤੀ ਦਿਲਸਪੀ ਨਹੀਂ ਦਿਖਾਈ ਅਤੇ ਕੁਝ ਕੁ ਕਿਸਾਨਾਂ ਵੱਲੋਂ ਹੀ ਝੋਨੇ ਦੀ ਪਰਮਲ, ਬਾਸਮਤੀ ਕਿਸਮ ਦੀ ਸਿੱਧੀ ਬਿਜਾਈ ਕੀਤੀ ਗਈ ਹੈ ਭਾਵੇਂ ਕਿ ਖੇਤੀ ਅਧਿਕਾਰੀ ਇਸ ਕਿਸਮ ਦੇ ਝੋਨੇ ਵਿੱਚ ਕਿਸਾਨਾਂ ਦੀ ਵੱਧ ਲਾਗਤ ਅਤੇ ਘੱਟ ਮੁਨਾਫਾ ਹੋਣ ਦੀ ਗੱਲ ਕਰ ਰਹੇ ਹਨ ਪਰ ਅਸਲੀਅਤ ਵਿੱਚ ਕਿਸਾਨਾਂ ਨੂੰ ਪਾਣੀ ਬਚਾਉਣ ਦੀ ਮਹੱਤਤਾ ਬਾਰੇ ਪੂਰੀ ਤਰ੍ਹਾਂ ਜਾਗਰੂਕ ਨਹੀਂ ਕੀਤਾ ਜਾ ਰਿਹਾ। ਜੇਕਰ ਦੇਖਿਆ ਜਾਵੇ ਤਾਂ ਪਿਛਲ਼ੇ ਸਾਲ ਹਰੇਕ ਪਿੰਡ ਵਿੱਚ 5 ਤੋਂ 8 ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ ਪਰ ਇਸ ਸਮੇਂ ਨਾ-ਮਾਤਰ ਬਿਜਾਈ ਹੋਈ। ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਭਾਵੇਂ ਪੰਜਾਬ ਸਰਕਾਰ ਵੱਲੋਂ ਨਹਿਰਾਂ ਅਤੇ ਰਜਬਾਹਿਆਂ ਨੂੰ ਪੱਕਾ ਕਰਕੇ ਅਖੀਰ ਤੱਕ ਫਸਲਾਂ ਲਈ ਪਾਣੀ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਪਰ ਜ਼ਿਆਦਾਤਰ ਜ਼ਮੀਨਾਂ ਨਹਿਰਾਂ ਅਤੇ ਰਜਬਾਹਿਆਂ ਦੀ ਪਹੁੰਚ ਤੋਂ ਦੂਰ ਹੋਣ ਕਾਰਨ ਸਿਰਫ ਧਰਤੀ ਹੇਠਲੇ ਪਾਣੀ ‘ਤੇ ਹੀ ਨਿਰਭਰ ਹਨ। ਇਸ ਸਬੰਧੀ ਕਿਸਾਨ ਹਰਪਾਲ ਸਿੰਘ, ਗੁਰਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਪਾਣੀ ਦੀ ਤਾਂ ਜ਼ਰੂਰ ਬਚਤ ਹੁੰਦੀ ਹੈ ਪਰ ਨਦੀਨਾਂ ਨੂੰ ਖਤਮ ਕਰਨ ਲਈ ਮਹਿੰਗੀਆਂ ਦਵਾਈਆਂ ਦਾ ਛਿੜਕਾਅ ਦੂਜੀ ਬਿਜਾਈ ਦੇ ਮੁਕਾਬਲੇ ਜ਼ਿਆਦਾ ਕਰਨਾ ਪੈਂਦਾ ਹੈ ਜਿਸ ਨਾਲ ਖੇਤੀ ਲਾਗਤ ਦੇ ਖਰਚੇ ਦੁੱਗਣੇ ਹੋ ਜਾਂਦੇ ਹਨ ਅਤੇ ਦਾਣੇ ਕਮਜ਼ੋਰ ਪੈਣ ਨਾਲ ਝਾੜ ਵੀ ਘੱਟ ਨਿਕਲਦਾ ਹੈ। ਖੇਤੀਬਾੜੀ ਵਿਕਾਸ ਅਫਸਰ ਅਜਨਾਲਾ ਜੋਗਰਾਜਬੀਰ ਸਿੰਘ ਨੇ ਦੱਸਿਆ ਕਿ ਬਲਾਕ ਅਜਨਾਲਾ ਅੰਦਰ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ 8 ਹਜ਼ਾਰ ਏਕੜ ਦਾ ਟੀਚਾ ਮਿਥਿਆ ਗਿਆ ਸੀ ਪਰ ਇਸ ਸਮੇਂ 400 ਏਕੜ ਦੇ ਕਰੀਬ ਹੀ ਸਿੱਧੀ ਬਿਜਾਈ ਹੋਈ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ ਅੱਜ ਤੱਕ 1200 ਏਕੜ ਘੱਟ ਬਿਜਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਸਿੱਧੀ ਬਿਜਾਈ ਵਾਲੇ ਝੋਨੇ ਦਾ ਝਾੜ 17 ਤੋਂ 18 ਕੁਇੰਟਲ ਪ੍ਰਤੀ ਏਕੜ ਰਿਹਾ ਸੀ ਜਦ ਕਿ ਕੱਦੂ ਕਰਕੇ ਲੱਗੇ ਝੋਨੇ ਦੀ ਫਸਲ ਦਾ ਝਾੜ 20 ਤੋਂ 23 ਕੁਇੰਟਲ ਪ੍ਰਤੀ ਏਕੜ ਤੱਕ ਹੋਣ ਕਾਰਨ ਇਸ ਵਾਰ ਕਿਸਾਨ ਸਿੱਧੀ ਬਿਜਾਈ ਨੂੰ ਘੱਟ ਤਰਜੀਹ ਦੇ ਰਹੇ ਹਨ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਧੰਨਵੰਤ ਸਿੰਘ ਖਤਰਾਏ ਕਲਾਂ ਨੇ ਕਿਹਾ ਕਿ ਬਜ਼ਾਰਾਂ ਵਿੱਚ ਮਿਲਦੇ ਨਕਲੀ ਨਦੀਨਨਾਸ਼ਕਾਂ ‘ਤੇ ਰੋਕ ਲਾਈ ਜਾਵੇ, ਜ਼ਮੀਨਾਂ ਨੂੰ ਵੱਧ ਤੋਂ ਵੱਧ ਨਹਿਰੀ ਪਾਣੀ ਅਧੀਨ ਲਿਆਂਦਾ ਜਾਵੇ ਤਾਂ ਹੀ ਕਿਸਾਨ ਸਿੱਧੀ ਬਿਜਾਈ ਲਈ ਉਤਸ਼ਾਹਿਤ ਹੋਣਗੇ।