ਕਿਸਾਨਾਂ ਨੇ ਚੌਕ ਬਜਾਜ ’ਚੋਂ ਧਰਨਾ ਚੁੱਕਿਆ
ਦਲੇਰ ਸਿੰਘ ਚੀਮਾ
ਭੁਲੱਥ, 11 ਨਵੰਬਰ
ਝੋਨੇ ਦੀ ਖਰੀਦ ਅਤੇ ਕਟੌਤੀ ਸਬੰਧੀ ਕਿਸਾਨਾਂ ਵੱਲੋਂ ਚੌਕ ਬਜਾਜ ਵਿੱਚ ਲਾਏ ਧਰਨੇ ਵਿੱਚ ਦੇਰ ਸ਼ਾਮ ਐੱਸਡੀਐੱਮ ਭੁਲੱਥ ਡੇਵੀ ਗੋਇਲ ਤੇ ਮੰਡੀਕਰਨ ਅਧਿਕਾਰੀਆਂ ਵੱਲੋਂ ਕਿਸਾਨਾਂ ਤੇ ਆੜ੍ਹਤੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਸਾਨਾਂ ਨੂੰ ਖ਼ਰੀਦ ਏਜੰਸੀਆਂ ਤੇ ਆੜ੍ਹਤੀਆਂ ਵੱਲੋਂ ਲਿਖਤੀ ਤੌਰ ’ਤੇ ਕਿਸੇ ਵੀ ਕਿਸਮ ਦੀ ਕਟੌਤੀ ਨਾ ਕਰਨ ਅਤੇ ਖ਼ਰੀਦ ਦੋ ਦਿਨ ਵਿੱਚ ਪਾ ਦਿੱਤੇ ਜਾਣ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਕਿਸਾਨ ਨੰਬਰਦਾਰ ਜਸਵਿੰਦਰ ਸਿੰਘ, ਹਰਦਿਆਲ ਸਿੰਘ ਬੁੱਟਰ, ਸਾਬਕਾ ਸਰਪੰਚ ਸ਼ਮਸ਼ੇਰ ਸਿੰਘ, ਕੁਲਦੀਪ ਸਿੰਘ ਸਾਬੀ ਸਰਪੰਚ ਫਤਿਹਪੁਰ, ਹਰਭਜਨ ਸਿੰਘ ਚੀਮਾ ਤੇ ਹਰਦੀਪ ਸਿੰਘ ਵੱਲੋਂ ਜਿੱਥੇ ਪੰਜਾਬੀ ਟ੍ਰਿਬਿਊਨ ਅਖ਼ਬਾਰ ਵੱਲੋਂ ਪ੍ਰਮੁੱਖਤਾ ਨਾਲ ਧਰਨੇ ਨਾਲ ਸਬੰਧਤ ਖ਼ਬਰ ਛਾਪਣ ਲਈ ਧੰਨਵਾਦ ਕੀਤਾ ਗਿਆ, ਉੱਥੇ ਉਨ੍ਹਾਂ ਸਥਾਨਕ ਪ੍ਰਸ਼ਾਸਨ ਵੱਲੋਂ ਦੇਰ ਨਾਲ ਹੀ ਸਹੀ ਪਰ ਸਮੇਂ ਸਿਰ ਕਾਰਵਾਈ ਕਰਨ ’ਤੇ ਤਸੱਲੀ ਪ੍ਰਗਟ ਕੀਤੀ। ਐੱਸਡੀਐੱਮ ਡੇਵੀ ਗੋਇਲ ਨੇ ਦੱਸਿਆ ਕਿ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੇ ਇੱਕ-ਇੱਕ ਦਾਣੇ ਦੀ ਖਰੀਦ ਕਰਨ ਤੇ ਕਿਸੇ ਵੀ ਕਿਸਮ ਕਟੌਤੀ ਨਾ ਕਰਾਉਣ ਲਈ ਪ੍ਰਸ਼ਾਸਨ ਵਚਨਬੱਧ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਲਿਖਤੀ ਸਮਝੌਤੇ ਤੋਂ ਬਾਅਦ ਵੀ ਕਿਸੇ ਆੜ੍ਹਤੀਏ ਵੱਲੋਂ ਕਟੌਤੀ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਖਤੀ ਤੌਰ ’ਤੇ ਲਿਆਉਣ ਜਿਸ ਮਗਰੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਦੌਰਾਨ ਧਰਨੇ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਹਾਜ਼ਰੀ ਭਰੀ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਤੇ ਭਗਵੰਤ ਮਾਨ ਸਰਕਾਰ ਦੇ ਅਫਸਰਾਂ ਵੱਲੋਂ ਸ਼ੈਲਰ ਮਾਲਕਾਂ ਨਾਲ ਰਲ ਕੇ ਕਿਸਾਨਾਂ ਦੀ ਲੁੱਟ ਕਰ ਕੇ ਅਪਰਾਧਿਕ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਦੇਣ ਦਾ ਐਲਾਨ ਕੀਤਾ।
ਕਿਸਾਨਾਂ ਵੱਲੋਂ ਡੀਸੀ ਦਫ਼ਤਰ ਅੱਗੇ ਪੱਕਾ ਧਰਨਾ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਧੋਵਾਲ ਵੱਲੋਂ ਝੋਨੇ ਦੇ ਕੱਟ ਨੂੰ ਲੈ ਕੇ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੱਕਾ ਮੋਰਚਾ ਲਾਇਆ ਗਿਆ। ਇਸ ਮੌਕੇ ਕਿਸਾਨ ਆਗੂ ਪਰਮਜੀਤ ਸਿੰਘ ਭੁੱਲਾ ਅਤੇ ਰਣਧੀਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਅਤੇ ਕਿਸਾਨੀ ਮੁੱਦਿਆਂ ’ਤੇ ਪੰਜਾਬ ਤੇ ਕੇਂਦਰ ਸਰਕਾਰਾਂ ਚੁੱਪ ਬੈਠੀਆਂ ਹਨ। ਦਵਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਇੱਕ ਪਾਸੇ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ ਤੇ ਕਣਕ ਦੀ ਬਿਜਾਈ ਕਰਨ ਤੋਂ ਪੱਛੜ ਰਿਹਾ ਹੈ ਤੇ ਦੂਜੇ ਪਾਸੇ ਸਰਕਾਰ ਵੱਲੋਂ ਧਮਕੀਆਂ ਆ ਰਹੀਆਂ ਹਨ ਕਿ ਜਿਸ ਕਿਸਾਨ ਨੇ ਪਰਾਲੀ ਨੂੰ ਅੱਗ ਲਾਈ, ਉਸ ਖਿਲਾਫ਼ ਪਰਚਾ ਦਰਜ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਾਰੇ ਮਸਲੇ ਹੱਲ ਨਹੀਂ ਕੀਤੇ ਜਾਂਦੇ, ਇਹ ਪੱਕਾ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ। ਐੱਮਪੀ ਰਵਨੀਤ ਬਿੱਟੂ ਵੱਲੋਂ ਕਿਸਾਨਾਂ ਖਿਲਾਫ਼ ਕੀਤੀ ਗਲਤ ਬਿਆਨਬਾਜ਼ੀ ਨੂੰ ਲੈ ਕੇ ਕਿਸਾਨਾਂ ਨੇ ਉਨ੍ਹਾਂ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ।