For the best experience, open
https://m.punjabitribuneonline.com
on your mobile browser.
Advertisement

ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕਰਨ ਲਈ ਸੜਕਾਂ ’ਤੇ ਉਤਰੇ ਕਿਸਾਨ

07:31 AM May 25, 2024 IST
ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕਰਨ ਲਈ ਸੜਕਾਂ ’ਤੇ ਉਤਰੇ ਕਿਸਾਨ
ਜਲੰਧਰ ’ਚ ਪ੍ਰਧਾਨ ਮੰਤਰੀ ਦੀ ਰੈਲੀ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। -ਫੋਟੋ: ਸਰਬਜੀਤ
Advertisement

ਪਾਲ ਸਿੰਘ ਨੌਲੀ
ਜਲੰਧਰ, 24 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਚੋਣ ਰੈਲੀ ਦਾ ਵਿਰੋਧ ਕਰਨ ਲਈ ਅੱਜ ਕਿਸਾਨ ਸੜਕਾਂ ’ਤੇ ਉਤਰ ਆਏ। ਕਿਸਾਨਾਂ ਨੂੰ ਰੈਲੀ ਤੋਂ ਦੂਰ ਰੱਖਣ ਲਈ ਪੁਲੀਸ ਨੇ ਜਿੱਥੇ ਥਾਂ-ਥਾਂ ’ਤੇ ਸਖਤ ਰੋਕਾਂ ਲਾਈਆਂ ਹੋਈਆਂ ਸਨ, ਉੱਥੇ ਬਹੁਤ ਸਾਰੇ ਕਿਸਾਨ ਆਗੂਆਂ ਨੂੰ ਤੜਕਸਾਰ ਹੀ ਘਰਾਂ ਵਿੱਚ ਨਜ਼ਰਬੰਦ ਕਰ ਲਿਆ ਗਿਆ। ਕਿਸਾਨਾਂ ਨੇ ਰੋਸ ਪ੍ਰਦਰਸ਼ਨ ਦੌਰਾਨ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਪਸ ਜਾਓ’ ਦੇ ਨਾਅਰੇ ਬੁਲੰਦ ਕੀਤੇ। ਪ੍ਰਦਰਸ਼ਨਕਾਰੀਆਂ ਨੇ ਕਿਸਾਨੀ ਅੰਦੋਲਨ ਦੌਰਾਨ ਮੰਨੀਆਂ ਮੰਗਾਂ ਲਾਗੂ ਨਾ ਕਰਨ ਦਾ ਤਿੱਖਾ ਵਿਰੋਧ ਕੀਤਾ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸਕੱਤਰ ਜਨਰਲ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਤੜਕੇ ਪੰਜ ਵਜੇ ਪੰਜਾਬ ਪੁਲੀਸ ਨੇ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਲਿਆ ਸੀ। ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਤਰਸੇਮ ਪੀਟਰ ਤੇ ਜਨਰਲ ਸਕੱਤਰ ਕਸ਼ਮੀਰ ਸਿੰਘ ਘੁਗਸ਼ੋਰ ਆਪਣੇ ਮੋਬਾਈਲ ਘਰਾਂ ਵਿੱਚ ਹੀ ਛੱਡ ਗਏ ਤਾਂ ਜੋ ਪੁਲੀਸ ਮੋਬਾਈਲਾਂ ਤੋਂ ਉਨ੍ਹਾਂ ਨੂੰ ਲੱਭ ਨਾ ਸਕਣ।
ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਜਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੂੰ ਵੀ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਉੱਥੇ ਹੀ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਕੇਕੇਯੂ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਮੋਦੀ ਖ਼ਿਲਾਫ ਸ਼ਾਂਤਮਈ ਪ੍ਰਦਰਸ਼ਨ ਕਰਨ ਜਾ ਰਹੇ ਕਿਸਾਨਾਂ-ਮਜ਼ਦੂਰਾਂ ਨੂੰ ਧੱਕੇ ਨਾਲ ਰੋਕਿਆ ਗਿਆ। ਯੂਨੀਅਨ ਦੇ ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਦੀ ਅਗਵਾਈ ਹੇਠ ਕੇਂਦਰੀ ਏਜੰਸੀਆਂ ਤੋਂ ਡਰਦੀ ਭਗਵੰਤ ਮਾਨ ਸਰਕਾਰ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਨੂੰ ਅੰਦਰ ਖ਼ਾਤੇ ਸਫਲ ਬਣਾਉਣ ਵਿੱਚ ਲੱਗੀ ਨਜ਼ਰ ਆਈ।

Advertisement

ਇਫਟੂ ਪ੍ਰਧਾਨ ਕੁਲਵਿੰਦਰ ਵੜੈਚ ਦੀ ਨਜ਼ਰਬੰਦੀ ਖ਼ਤਮ ਕਰਵਾਈ

ਨਵਾਂਸ਼ਹਿਰ (ਪੱਤਰ ਪ੍ਰੇਰਕ): ਇੰਡੀਅਨ ਫੈੱਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਅਤੇ ਸਹਿਯੋਗੀ ਜਥੇਬੰਦੀਆਂ ਨੇ ਅੱਜ ਕਿਹਾ ਕਿ ਥਾਣਾ ਸਿਟੀ ਨਵਾਂਸ਼ਹਿਰ ਅੱਗੇ ਰੋਸ ਪ੍ਰਦਰਸ਼ਨ ਕਰ ਕੇ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਦੀ ਘਰ ’ਚ ਨਜ਼ਰਬੰਦੀ ਖ਼ਤਮ ਕਰਵਾਈ ਗਈ ਹੈ। ਇਫਟੂ ਵਰਕਰਾਂ ਨੇ ਥਾਣੇ ਅੱਗੇ ਲਗਪਗ 20 ਮਿੰਟ ਰੋਸ ਪ੍ਰਦਰਸ਼ਨ ਕੀਤਾ । ਇਸ ਉਪਰੰਤ ਡੀਐੱਸਪੀ ਨਵਾਂਸ਼ਹਿਰ ਮਾਧਵੀ ਸ਼ਰਮਾ ਨੇ ਮੌਕੇ ਉੱਤੇ ਆ ਕੇ ਦੱਸਿਆ ਕਿ ਕੁਲਵਿੰਦਰ ਸਿੰਘ ਵੜੈਚ ਦੇ ਘਰ ਜਾ ਕੇ ਉਨ੍ਹਾਂ ਦੀ ਨਜ਼ਰਬੰਦੀ ਵੀ ਖ਼ਤਮ ਕਰ ਦਿੱਤੀ।

ਦੀਨਾਨਗਰ ’ਚ 40 ਕਿਸਾਨ-ਮਜ਼ਦੂਰ ਗ੍ਰਿਫ਼ਤਾਰ

ਦੀਨਾਨਗਰ (ਸਰਬਜੀਤ ਸਾਗਰ): ਦੀਨਾਨਗਰ ਹਲਕੇ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਰੈਲੀ ਦੌਰਾਨ ਪ੍ਰਦਰਸ਼ਨ ਦੀ ਤਿਆਰੀ ਕਰ ਰਹੇ ਕਰੀਬ 40 ਕਿਸਾਨਾਂ ਤੇ ਮਜ਼ਦੂਰਾਂ ਨੂੰ ਅੱਜ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਇਨ੍ਹਾਂ ਨੂੰ ਬੱਸਾਂ ਵਿੱਚ ਬਿਠਾ ਕੇ ਦੂਸਰੇ ਹਲਕੇ ਦੇ ਇੱਕ ਥਾਣੇ ਵਿੱਚ ਲਿਜਾ ਕੇ ਨਜ਼ਰਬੰਦ ਕਰ ਦਿੱਤਾ। ਕਿਸਾਨਾਂ-ਮਜ਼ਦੂਰਾਂ ਨੇ ਗ੍ਰਿਫ਼ਤਾਰੀ ਮੌਕੇ ‘ਮੋਦੀ ਵਾਪਸ ਜਾਓ’ ਅਤੇ ‘ਮੋਦੀ ਰਾਜ ਮੁਰਦਾਬਾਦ’ ਦੇ ਨਾਅਰੇ ਲਗਾਏ।

Advertisement
Author Image

joginder kumar

View all posts

Advertisement
Advertisement
×