ਪਸ਼ੂ ਪਾਲਣ ਕਿੱਤੇ ਲਈ ਵੈਟਰਨਰੀ ਸਾਇੰਸ ਕਾਲਜ ਤੋਂ ਸੇਧ ਲੈਣ ਕਿਸਾਨ: ਸਿੱਧੂ
ਗੁਰਜੀਤ ਭੁੱਲਰ/ਰਮਨਦੀਪ ਸਿੰਘ
ਰਾਮਪੁਰਾ ਫੂਲ, 23 ਨਵੰਬਰ
ਕਾਲਜ ਆਫ਼ ਵੈਟਰਨਰੀ ਸਾਇੰਸ ਰਾਮਪੁਰਾ ਫੂਲ ਨੇ ਕਾਲਜ ਵਿੱਚ ਇੱਕ ਰੋਜ਼ਾ ਪਸ਼ੂ ਪਾਲਣ ਮੇਲਾ ਲਾਇਆ ਗਿਆ। ਇਸ ਮੌਕੇ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਡਾ. ਗੁਰਸ਼ਰਨਜੀਤ ਸਿੰਘ ਬੇਦੀ, ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਜਤਿੰਦਰ ਪਾਲ ਸਿੰਘ ਗਿੱਲ, ਵੀਸੀ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ, ਡਾ. ਦਿਗਵਿਜੇ ਸਿੰਘ ਡੀਨ, ਕਾਲਜ ਆਫ਼ ਵੈਟਰਨਰੀ ਸਾਇੰਸ ਰਾਮਪੁਰਾ ਫੂਲ ਨੇ ਮੇਲੇ ਦਾ ਉਦਘਾਟਨ ਕੀਤਾ। ਇਸ ਮੌਕੇ ਪੁੱਜੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਦੇ ਨਾਲ ਚੰਗੀ ਨਸਲ ਦੇ ਪਸ਼ੂ ਪਾਲਣ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਉਹ ਪਸ਼ੂ ਪਾਲਣਾ ਸ਼ੁਰੂ ਕਰਨ ਤਾਂ ਕਾਲਜ ਆਫ਼ ਵੈਟਰਨਰੀ ਸਾਇੰਸ ਦੇ ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰ ਕੇ ਇਹ ਕਿੱਤਾ ਸ਼ੁਰੂ ਕਰਨ।
ਇਸ ਮੌਕੇ ਡਾ. ਪ੍ਰਕਾਸ਼ ਸਿੰਘ ਬਰਾੜ ਨੇ ਪਸ਼ੂ ਪਾਲਣ ਮੇਲੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਨੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਅਤੇ ਪਸ਼ੂਆਂ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਣਨ ਲਈ ਡੂੰਘੀ ਦਿਲਚਸਪੀ ਦਿਖਾਈ। ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਯੂਨੀਵਰਸਿਟੀ ਪਿੰਡਾਂ ਨੂੰ ਗੋਦ ਲੈਣ ਦੀ ਪ੍ਰਕਿਰਿਆ ਵਿੱਚ ਹੈ ਤਾਂ ਜੋ ’ਵਰਸਿਟੀ ਦੇ ਵਿਗਿਆਨੀ ਕਿਸਾਨਾਂ ਦੀ ਹਰ ਪੱਖੋਂ ਮਦਦ ਕਰਨ ਲਈ ਉਨ੍ਹਾਂ ਦੇ ਪੱਧਰ ਤੱਕ ਪਹੁੰਚ ਕਰ ਸਕਣ। ਸਮਾਗਮ ਦੀ ਮੁੱਖ ਵਿਸ਼ੇਸ਼ਤਾ ‘ਸਭ ਤੋਂ ਵਧੀਆ ਪਸ਼ੂ’ ਮੁਕਾਬਲਾ ਸੀ, ਜਿਸ ਵਿੱਚ ਭਾਗ ਲੈਣ ਵਾਲਿਆਂ ਨੇ ਉੱਚ ਗੁਣਵੱਤਾ ਵਾਲੀਆਂ ਮੱਝਾਂ ਅਤੇ ਬੱਕਰੀਆਂ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਹਰ ਸ਼੍ਰੇਣੀ ਵਿੱਚ ਚੋਟੀ ਦੇ ਤਿੰਨ ਮਾਲਕਾਂ ਨੂੰ ਸਰਟੀਫਿਕੇਟ ਅਤੇ ਨਕਦ ਇਨਾਮ ਦਿੱਤੇ ਗਏ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਰੋਬੀ ਬਰਾੜ, ਡਾ. ਓ ਪੀ ਚੌਧਰੀ, ਗੁਰਭਜਨ ਢਿੱਲੋਂ, ਸ਼ੇਰ ਬਹਾਦਰ ਸਿੰਘ, ਇੰਦਰ ਬਾਵਾ ਤੇ ਜੱਸੀ ਭੁੱਲਰ ਹਾਜ਼ਰ ਸਨ।