ਪਰਾਲੀ ਸਾੜਨ ਤੋਂ ਰੋਕਣ ਆਈ ਟੀਮ ਨੂੰ ਕਿਸਾਨਾਂ ਨੇ ਘੇਰਿਆ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 18 ਨਵੰਬਰ
ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਉੱਤੇ ਕਾਰਵਾਈ ਕਰਨ ਆਈ ਪ੍ਰਦੂਸ਼ਣ ਕੰਟਰੋਲ ਵਿਭਾਗ ਅਤੇ ਖੇਤੀਬਾੜੀ ਵਿਭਾਗ ਦੀ ਸਾਂਝੀ ਟੀਮ ਦੇ ਮੈਂਬਰਾਂ ਨੂੰ ਪਿੰਡ ਘੱਗਾ ਵਿੱਚ ਖੇਤਾਂ ਵਿੱਚ ਇਕੱਤਰ ਕਿਸਾਨਾਂ ਨੇ ਉਸ ਵਕਤ ਘੇਰ ਲਿਆ ਜਦੋਂ ਉਹ ਅੱਗ ਲਗਾਉਣ ਵਾਲੇ ਕਿਸਾਨਾਂ ਕੋਲ ਸਿੱਧੇ ਖੇਤਾਂ ਵਿੱਚ ਪਹੁੰਚ ਗਏ। ਟੀਮ ਦੇ ਆਉਣ ਦਾ ਪਤਾ ਲੱਗਦਿਆਂ ਹੀ ਆਸ-ਪਾਸ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਅਗਵਾਈ ਵਿੱਚ ਪਹੁੰਚ ਕੇ ਟੀਮ ਦੇ ਮੈਂਬਰਾਂ ਦਾ ਕਥਿਤ ਘਿਰਾਓ ਕਰ ਕੇ ਬਿਠਾ ਲਿਆ। ਪਤਾ ਲੱਗਦਿਆਂ ਹੀ ਪ੍ਰਸ਼ਾਸਨ ਪੂਰੀ ਹਰਕਤ ਵਿੱਚ ਆ ਗਿਆ ਅਤੇ ਕਰੀਬ ਇਕ ਘੰਟੇ ਬਾਅਦ ਘੇਰੇ ਹੋਏ ਟੀਮ ਦੇ ਮੈਂਬਰਾਂ ਨੂੰ ਏਡੀਸੀ ਪਟਿਆਲਾ ਅਤੇ ਐੱਸਡੀਐੱਮ ਪਾਤੜਾਂ ਦੇ ਦਖਲ ਮਗਰੋਂ ਛੱਡਿਆ ਗਿਆ। ਪਿੰਡ ਘੱਗਾ ਦੇ ਖੇਤਾਂ ਵਿੱਚ ਕਣਕ ਦੀ ਬਜਾਈ ਵਾਸਤੇ ਖੇਤਾਂ ਨੂੰ ਵਿਹਲਾ ਕਰਨ ਲਈ ਕਿਸਾਨਾਂ ਵੱਲੋਂ ਅੱਗ ਲਗਾਈ ਹੋਈ ਸੀ ਜਿਸ ਦਾ ਪਤਾ ਲੱਗਦਿਆਂ ਹੀ ਖੇਤੀਬਾੜੀ ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੀ ਸਾਂਝੀ ਟੀਮ ਰਾਕੇਸ਼ ਕੁਮਾਰ ਅਤੇ ਪ੍ਰਭਦੀਪ ਸਿੰਘ ਦੀ ਅਗਵਾਈ ਵਿੱਚ ਪੁੱਜੀ ਜਿਸ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਇਕਾਈ ਪ੍ਰਧਾਨ ਹਰਪਾਲ ਸਿੰਘ, ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਘੇਰ ਲਿਆ। ਕਿਸਾਨ ਆਗੂਆਂ ਕਿਹਾ ਕਿ ਕਿਸਾਨਾਂ ਵੱਲੋਂ ਮਜਬੂਰੀਵੱਸ ਪਰਾਲੀ ਨੂੰ ਅੱਗ ਲਾ ਕੇ ਖੇਤਾਂ ਨੂੰ ਵਿਹਲੇ ਕੀਤਾ ਜਾ ਰਿਹਾ ਹੈ ਅਜਿਹਾ ਕਰਨ ਵਾਲੇ ਕਿਸਾਨਾਂ ਨੂੰ ਪ੍ਰਦੂਸ਼ਣ ਦੇ ਨਾਂ ’ਤੇ ਰਾਜ ਅਤੇ ਕੇਂਦਰ ਸਰਕਾਰ ਵੱਲੋਂ ਤੰਗ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਪਰਾਲੀ ਦਾ ਨਹੀਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਅਤੇ ਲੋੜੀਂਦੀ ਮਸ਼ੀਨਰੀ ਉਪਲੱਧ ਕਾਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣਾ ਉਨ੍ਹਾਂ ਦਾ ਸ਼ੌਕ ਨਹੀਂ ਸਗੋਂ ਮਜਬੂਰੀ ਹੈ ਅਤੇ ਇਸ ਨੂੰ ਉਹ ਭਲੀਭਾਂਤ ਜਾਣਦੇ ਹਨ।
ਦੂਜੇ ਪਾਸੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਮਹਿਜ਼ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਪਹੁੰਚੇ ਸਨ ਅਤੇ ਕਿਸੇ ਵੀ ਕਿਸਾਨ ਉੱਤੇ ਕੋਈ ਕੇਸ ਦਰਜ ਨਹੀਂ ਕਰਵਾਇਆ ਗਿਆ। ਕਿਸਾਨਾਂ ਵੱਲੋਂ ਕੀਤੇ ਗਏ ਘਿਰਾਓ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਦੱਸੀਆਂ ਗਈਆਂ ਮੁਸ਼ਕਿਲਾਂ ਨੂੰ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ।