ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦਾ ਘਿਰਾਓ
ਸ਼ਗਨ ਕਟਾਰੀਆ
ਬਠਿੰਡਾ, 29 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਵਿਖਾਵਾ ਕੀਤਾ। ਪ੍ਰਦਰਸ਼ਨਕਾਰੀਆਂ ਅਨੁਸਾਰ ਇਹ ਪ੍ਰਦਰਸ਼ਨ ਝੋਨੇ ਦੀ ਖਰੀਦ ਵਿੱਚ ਹੋ ਰਹੀ ਕਿਸਾਨੀ ਦੀ ਕਥਿਤ ਲੁੱਟ, ਡੀਏਪੀ ਖਾਦ ਦੀ ਵੱਡੇ ਪੱਧਰ ’ਤੇ ਹੋ ਰਹੀ ਕਾਲਾ ਬਾਜ਼ਾਰੀ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਦਿੱਤੇ ਜਾ ਰਹੇ ਪੁਲੀਸ ਪਰਚੇ ਅਤੇ ਜ਼ਮੀਨੀ ਰਿਕਾਰਡ ਵਿੱਚ ਕੀਤੀਆਂ ਜਾ ਰਹੀਆਂ ਰੈੱਡ ਐਂਟਰੀਆਂ ਖ਼ਿਲਾਫ਼ ਰੋਸ ਵਜੋਂ ਕੀਤਾ ਗਿਆ।
ਇਸ ਮੌਕੇ ਸਰਕਾਰਾਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਕਿਸਾਨ ਜਾਣਦਾ ਹੈ ਕਿ ਇਹ ਸਭ ਰਾਜ ਅਤੇ ਕੇਂਦਰ ਸਰਕਾਰਾਂ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਿਸਾਨ ਮੰਡੀਆਂ ਵਿੱਚ ਪ੍ਰੇਸ਼ਾਨ ਹੋ ਰਿਹਾ ਹੈ, ਉੱਥੇ ਪਰਾਲੀ ਸਾੜਨ ਦੇ ਨਾਂ ’ਤੇ ਕਿਸਾਨਾਂ ਉੱਪਰ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਜ਼ਮੀਨੀ ਰਿਕਾਰਡ ਵਿੱਚ ਰੈੱਡ ਐਂਟਰੀਆਂ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ ਪਰਾਲੀ ਦੀ ਸਮੱਸਿਆ ਲਈ ਖੁਦ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਪੈਦਾ ਹੁੰਦੀ ਪਰਾਲੀ ਦੇ ਹੱਲ ਲਈ ਸਰਕਾਰ ਨੇ ਕੋਈ ਠੋਸ ਉਪਰਾਲਾ ਨਹੀਂ ਕੀਤਾ ਅਤੇ ਨਾ ਹੀ ਕੋਈ ਕਿਸਾਨਾਂ ਦੀ ਸਹਾਇਤਾ ਕੀਤੀ ਹੈ। ਸਰਕਾਰ ਕੇਵਲ ਕਿਸਾਨਾਂ ਨੂੰ ਦਬਾ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ, ਜੋ ਕਿ ਅਸੰਭਵ ਹੈ। ਬੁਲਾਰਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਇਨ੍ਹਾਂ ਹਰਕਤਾਂ ਤੋਂ ਬਾਜ਼ ਆਵੇ। ਉਨ੍ਹਾਂ ਕਿਹਾ ਕਿ ਝੋਨੇ ਅਤੇ ਡੀਏਪੀ ਦੇ ਮਾਮਲੇ ਵਿੱਚ ਕਿਸਾਨਾਂ ਦੀ ਲੁੱਟ ਬੰਦ ਕਰਾਈ ਜਾਵੇ ਅਤੇ ਪਰਾਲੀ ਦੇ ਨਾਂ ’ਤੇ ਦਿੱਤੇ ਜਾ ਰਹੇ ਪਰਚੇ ਬੰਦ ਕੀਤੇ ਜਾਣ।
ਮੋਗਾ (ਮਹਿੰਦਰ ਸਿੰਘ ਰੱਤੀਆਂ):
ਸੂਬੇ ’ਚ ਝੋਨੇ ਦੀ ਖਰੀਦ ’ਚ ਬਣੇ ਅੜਿੱਕਿਆਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਸੱਦੇ ’ਤੇ ਇਥੇ ਕਿਸਾਨਾਂ ਨੇ ਜਿਲ੍ਹਾ ਸਕੱਤਰੇਤ ਦਾ ਘਿਰਾਓ ਕਰਕੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੀਕੇਯੂ ਏਕਤਾ ਉਗਰਾਹਾਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਪੂਤਲੇ ਫੂਕ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ):
ਮੁਕਤਸਰ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਮੁੱਖ ਦੁਆਰ ਮੂਹਰੇ ਧਰਨਾ ਦਿੰਦਿਆਂ ਮੰਡੀਆਂ ’ਚ ਰੁਲ ਰਹੇ ਝੋਨੇ ਦੇ ਨਾਲ ਕਿਸਾਨੀ ਨੂੰ ਦਰਪੇਸ਼ ਹੋਰ ਸਮੱਸਿਆਵਾਂ ’ਤੇ ਚਰਚਾ ਕਰਦਿਆਂ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਕਿਸਾਨ ਮਾਰੂ ਨੀਤੀਆਂ ਦੀ ਆਲੋਚਨਾ ਕੀਤੀ।
ਜੋਗਾ (ਸ਼ੰਗਾਰਾ ਸਿੰਘ ਅਕਲੀਆ):
ਝੋਨੇ ਦੀ ਲਿਫਟਿੰਗ ਨੂੰ ਲੈ ਕੇ ਬੀਤੇ ਦਿਨੀਂ ਸਵੱਖਤੇ ਤੋਂ ਪਿੰਡ ਅਕਲੀਆ ਦੇ ਮੁੱਖ ਬੱਸ-ਸਟੈਂਡ ਦੇ ਨਜ਼ਦੀਕ ਮਾਨਸਾ-ਬਰਨਾਲਾ ਮੁੱਖ ਮਾਰਗ ਸੜਕ ਦੇ ਉੱਪਰ ਅਣਮਿਥੇ ਸਮੇਂ ਲਈ ਲੱਗਿਆ ਧਰਨਾਂ ਅੱਜ ਵੀ ਦਿਨ ਭਰ ਜਾਰੀ ਰਿਹਾ। ਧਰਨੇ ਦੌਰਾਨ ਸਮੂਹ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਰਥੀ ਸਾੜੀ ਗਈ।
ਮਾਨਸਾ (ਜੋਗਿੰਦਰ ਸਿੰਘ ਮਾਨ):
ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਕੀਤੇ ਘਿਰਾਓ ਦੌਰਾਨ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਪੈਦਾ ਕੀਤੇ ਹਾਲਤਾਂ ਨੇ ਕਿਸਾਨ ਨੂੰ ਘੱਟ ਰੇਟ ’ਤੇ ਝੋਨਾ ਵੇਚਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਕੁਝ ਲਾਲਚੀ ਕਿਸਮ ਦੇ ਸ਼ੈੱਲਰ ਮਾਲਕ ਮੰਡੀਆਂ ਵਿੱਚ ਕਿਸਾਨ ਦੀ ਮਿਹਨਤ ਨੂੰ ਲੁੱਟਣ ਲਈ ਸਰਗਰਮ ਹੋ ਗਏ ਹਨ। ਉਨ੍ਹਾਂ ਇਸ ਲੁੱਟ ਨੂੰ ਤੁਰੰਤ ਰੋਕਣ ਲਈ ਸਰਕਾਰ ਨੂੰ ਸਖਤ ਕਦਮ ਚੁੱਕਣ ਦੀ ਮੰਗ ਕੀਤੀ।
ਤਲਵੰਡੀ ਸਾਬੋ (ਪੱਤਰ ਪ੍ਰੇਰਕ):
ਝੋਨੇ ਦੀ ਖਰੀਦ ਨੂੰ ਲੈ ਕੇ ਪਿੰਡ ਜਗਾ ਰਾਮ ਤੀਰਥ ਦੇ ਖਰੀਦ ਕੇਂਦਰ ’ਚ ਝੋਨੇ ਦੇ ਅੰਬਾਰ ਲੱਗ ਜਾਣ ਤੋਂ ਤੰਗ ਕਿਸਾਨਾਂ ਨੇ ਅੱਜ ਤਲਵੰਡੀ ਸਾਬੋ-ਸਰਦੂਲਗੜ੍ਹ ਮੁੱਖ ਸੜਕ ਮਾਰਗ ’ਤੇ ਜਾਮ ਲਗਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ।
ਬਰਨਾਲਾ (ਖੇਤਰੀ ਪ੍ਰਤੀਨਿਧ):
ਜ਼ਿਲ੍ਹਾ ਬਰਨਾਲਾ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਝੋਨੇ ਦੀ ਢਿੱਲੀ ਖਰੀਦ ਅਤੇ ਡੀਏਪੀ ਖਾਦ ਦੀ ਘਾਟ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਰਨਾਲਾ ਦਫ਼ਤਰ ਦਾ ਘਿਰਾਓ ਧਰਨਾ ਦੇ ਕੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਸੰਬੋਧਨ ਕਰਦਿਆਂ ਸੂਬਾਈ ਆਗੂ ਰੁਲਦੂ ਸਿੰਘ ਮਾਨਸਾ, ਪਵਿੱਤਰ ਸਿੰਘ ਲਾਲੀ, ਦਰਸ਼ਨ ਸਿੰਘ ਉੱਗੋਕੇ ਤੇ ਜਗਸੀਰ ਸਿੰਘ ਸੀਰਾ ਨੇ ਕਿਹਾ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਸਿੱਟੇ ਵਜੋਂ ਕਿਸਾਨ ਘੱਟ ਰੇਟ ’ਤੇ ਝੋਨਾ ਵੇਚਣ ਤੇ ਮੰਡੀਆਂ ਵਿੱਚ ਰੁਲਣ ਮਜ਼ਬੂਰ ਹੈ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਸਥਾਨਕ ਰਿਹਾਇਸ਼ ਅੱਗੇ ਪੱਕੇ ਮੋਰਚੇ ਦੇ ਚਲਦਿਆਂ ਅੱਜ ਸੂਬਾਈ ਸੱਦੇ ‘ਤੇ ਸ਼ਹਿਰ ‘ਚ ਝੰਡਾ ਮਾਰਚ ਕੱਢਿਆ ਤੇ ਵਾਪਸ ਕਚਹਿਰੀ ਚੌਕ ਪੁੱਜ ਕੇ ਵਿਸ਼ਵ ਵਪਾਰ ਸੰਸਥਾ ਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਗਏ।
ਚੀਮਾ ਵਿੱਚ ਏਡੀਸੀ ਨੂੰ ਕਿਸਾਨਾਂ ਦੇ ਤਿੱਖੇ ਸਵਾਲਾਂ ਦਾ ਕਰਨਾ ਪਿਆ ਸਾਹਮਣਾ
ਮਹਿਲ ਕਲਾਂ (ਲਖਵੀਰ ਸਿੰਘ ਚੀਮਾ):
ਹਲਕੇ ਦੇ ਪਿੰਡ ਚੀਮਾ ਦੀ ਸੱਥ ਵਿੱਚੇ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਜਾਗਰੂਕ ਕਰਨ ਆਏ ਏਡੀਸੀ ਬਰਨਾਲਾ ਲਤੀਫ਼ ਅਹਿਮਦ ਨੂੰ ਕਿਸਾਨਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਬੀਕੇਯੂ ਉਗਰਾਹਾਂ ਆਗੂ ਦਰਸ਼ਨ ਸਿੰਘ ਅਤੇ ਬੀਕੇਯੂ ਡਕੌਂਦਾ ਆਗੂ ਰਜਿੰਦਰ ਸਿੰਘ ਭੰਗੂ ਨੇ ਕਿਹਾ ਕਿ ਕਿਸਾਨ ਖ਼ੁਦ ਅੱਗ ਲਗਾਉਣ ਦੇ ਹੱਕ ਵਿੱਚ ਨਹੀਂ ਹਨ ਪਰ ਝੋਨੇ ਦੀ ਰਹਿੰਦ-ਖੂੰਹਦ ਸਾੜੇ ਬਿਨਾਂ ਉਨ੍ਹਾਂਦਾ ਗੁਜ਼ਾਰਾ ਨਹੀਂ ਹੈ ਕਿਉਂਕਿ ਇਸ ਨਾਲ ਅੱਗੇ ਕਣਕ ਵਿੱਚ ਵੱਡੀ ਦਿੱਕਤ ਆਉਂਦੀ ਹੈ। ਕਣਕ ਦੀ ਫ਼ਸਲ ਸੁੰਡੀ ਦਾ ਸ਼ਿਕਾਰ ਹੋ ਜਾਂਦੀ ਹੈ। ਉਨ੍ਹਾਂ ਏਡੀਸੀ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਰਕਾਰ ਜਾਂ ਪ੍ਰਸ਼ਾਸਨ ਉਸ ਨੂੰ ਪਰਾਲੀ ਸਾੜਨ ਦੀ ਇਜਾਜ਼ਤ ਦੇਵੇ ਜਾਂ ਨਾ, ਉਹ ਪਰਾਲੀ ਨੂੰ ਅੱਗ ਲਾਉਣਗੇ। ਏਡੀਸੀ ਲਤੀਫ਼ ਅਹਿਮਦ ਨੇ ਕਿਸਾਨਾਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਅੱਗ ਲਾਉਣਾ ਕੋਈ ਹੱਲ ਨਹੀਂ ਹੈ। ਬਰਨਾਲਾ ਜ਼ਿਲ੍ਹੇ ਵਿੱਚ ਪਰਾਲੀ ਦੇ ਪ੍ਰਬੰਧਨ ਲਈ ਸਰਕਾਰ ਜਲਦੀ ਹੀ ਬਾਇਓ ਗੈਸ ਪਲਾਂਟ ਲਗਾਉਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਚੀਮਾ ਵਿੱਚ 20 ਹੈਪੇਸੀਟਰ 80 ਫੀਸਦੀ ਸਬਸਿਡੀ ’ਤੇ ਦਿੱਤੀਆਂ ਗਈਆਂ ਹਨ। ਜਿਸ ਨਾਲ ਕਿਸਾਨ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਸਕਦੇ ਹਨ।