ਕਿਸਾਨਾਂ ਨੇ ਕੈਬਨਿਟ ਮੰਤਰੀਆਂ ਦੇ ਘਰ ਘੇਰੇ
ਹਤਿੰਦਰ ਮਹਿਤਾ
ਜਲੰਧਰ, 11 ਸਤੰਬਰ
ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲੀਨੰਗਲ ਦੀ ਅਗਵਾਈ ਹੇਠ ਨਿਊ ਗਰੀਨ ਪਾਰਕ, ਨਕੋਦਰ ਰੋਡ, ਜਲੰਧਰ ਵਿੱਚ ਕੈਬਨਿਟ ਮੰਤਰੀ ਪੰਜਾਬ ਬਲਕਾਰ ਸਿੰਘ ਦੀ ਰਿਹਾਇਸ਼ ਅੱਗੇ ਕਿਸਾਨ ਜਥੇਬੰਦੀ ਵੱਲੋਂ ਤਿੰਨ ਰੋਜ਼ਾ ਧਰਨਾ ਸ਼ੁਰੂ ਕੀਤਾ ਗਿਆ ਹੈ। ਇਸ ਵਿਚ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ’ਤੇ ਮੰਨਣ ਲਈ ਕਿਹਾ। ਕਿਸਾਨਾਂ ਨੇ ਕਿਹਾ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਇਸ ਮੌਕੇ ਜਸਵੰਤ ਸਿੰਘ ਜਿਲਾ ਪੀਡੀਟੀ ਬੀਕੇਯੂ ਲੱਖੋਵਾਲ, ਸੰਤੋਖ ਸਿੰਘ ਸੰਧੂ, ਜਿਲਾ ਪੀਡੀਟੀ, ਕਿਰਤੀ ਕਿਸਾਨ ਯੂਨੀਅਨ, ਸੰਤੋਖ ਸਿੰਘ ਚਿੱਟੀ, ਜਿਲਾ ਜਨਰਲ ਸਕੱਤਰ, ਬੀਕੇਯੂ ਲੱਖੋਵਾਲ, ਪਰਮਿੰਦਰ ਸਿੰਘ, ਜਲ ਕੈਂਟ ਪੀਡੀਟੀ ਬੀਕੇਯੂ ਲੱਖੋਵਾਲ, ਰਾਜਵਿੰਦਰ ਕੌਰ ਰਾਜੂ ਪ੍ਰਧਾਨ ਮਹਿਲਾ ਕਿਸਾਨ ਯੂਨੀਅਨ ਨੇ ਸੰਬੋਧਨ ਕੀਤਾ।
ਪੱਟੀ (ਬੇਅੰਤ ਸਿੰਘ ਸੰਧੂ): ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਰਿਹਾਇਸ਼ ਸਾਹਮਣੇ ਸੰਯੁਕਤ ਮੋਰਚੇ ਅੰਦਰ ਸ਼ਾਮਲ ਜੱਥੇਬੰਦੀਆਂ ਵੱਲੋਂ ਲੋਕ ਹਿੱਤਾਂ ਦੀਆਂ ਮੰਗਾਂ ਲਈ ਤਿੰਨ ਰੋਜ਼ਾ ਧਰਨਾ ਸ਼ੁਰੂ ਕੀਤਾ ਗਿਆ। ਜਮਹੂਰੀ ਕਿਸਾਨ ਸਭਾ ਦੇ ਮਨਜੀਤ ਸਿੰਘ ਬੱਗੂ ਕਿਰਤੀ ਕਿਸਾਨ ਯੂਨੀਅਨ ਦੇ ਗੁਰਚਰਨ ਸਿੰਘ ਕੌਮੀ ਕਿਸਾਨ ਯੂਨੀਅਨ ਦੇ ਬਲਬੀਰ ਸਿੰਘ ਝਾਮਕਾ ਪੰਜਾਬ ਕਿਸਾਨ ਯੂਨੀਅਨ, ਪਰਗਟ ਸਿੰਘ ਭਾਰਤੀ ਕਿਸਾਨ ਯੂਨੀਅਨ ਦੇ ਤਰਸੇਮ ਸਿੰਘ ਕਲਸੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਰਛਪਾਲ ਸਿੰਘ ਬਾਠ ਕੁਲ ਹਿੰਦ ਕਿਸਾਨ ਸਭਾ ਦੇ ਕੁਲਦੀਪ ਸਿੰਘ ਫਤਿਆਬਾਦ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਨਿਰਵੈਰ ਸਿੰਘ ਡਾਲੇਕੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਏਕਤਾ ਪੰਜਾਬ ਵੱਲੋਂ ਸ਼ਮੂਲੀਅਤ ਕੀਤੀ ਗਈ । ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦਕ ਆਗੂਆਂ ਨੇ ਪੰਜਾਬ ਸਰਕਾਰ ਦੀ ਹੜ੍ਹ ਪੀੜਤਾਂ ਪ੍ਰਤੀ ਉਦਾਸੀਨ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਨੇ ਹੜ੍ਹਾਂ ਤੋਂ ਪਹਿਲਾਂ ਕੋਈ ਤਿਆਰੀ ਨਹੀਂ ਕੀਤੀ ਤੇ ਹੜ੍ਹ ਦੋਰਾਨ ਵੀ ਮੌਕੇ ’ਤੇ ਕੋਈ ਰਾਹਤ ਪਹੁੰਚਾਉਣ ਵਿੱਚ ਅਸਮਰੱਥ ਰਹੀ ਹੈ। ਪੰਜਾਬ ਸਰਕਾਰ ਮੁਆਵਜ਼ੇ ਬਾਰੇ ਮੀਡੀਆ ਤੇ ਖੋਖਲੇ ਦਾਅਵੇ ਕਰਦੀ ਰਹੀ ਪਰ ਅਸਲੀਅਤ ਵਿੱਚ ਸਰਕਾਰ ਦੇ ਸਾਰੇ ਵਾਅਦੇ ਝੂਠੇ ਸਾਬਤ ਹੋਏ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਫ਼ਸਲ ਖਰਾਬੇ ਦੇ ਮੁਆਵਜ਼ੇ ਲਈ ਪ੍ਰਤੀ ਏਕੜ ਘੱਟੋ-ਘੱਟ 70,000 ਰੁਪਏ, ਮੌਤ ਹੋਣ ’ਤੇ ਦਸ ਲੱਖ,ਮਕਾਨ ਦੇ ਨੁਕਸਾਨ ਲਈ ਯੋਗ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ।
ਕੇਂਦਰੀ ਮੰਤਰੀ ਦੀ ਕੋਠੀ ਅੱਗੇ ਲਗਾਇਆ ਧਰਨਾ
ਫਗਵਾੜਾ (ਜਸਬੀਰ ਸਿੰਘ ਚਾਨਾ): ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀ ਪੰਜਾਬ ’ਚ ਆਏ ਹੜ੍ਹਾਂ ਨਾਲ ਹੋਏ ਕਿਸਾਨਾਂ ਦੇ ਨੁਕਸਾਨ ਦਾ ਦੋਨਾਂ ਸਰਕਾਰਾਂ ਵਲੋਂ ਕੋਈ ਮੁਆਵਜ਼ਾ ਅਜੇ ਤੱਕ ਕਿਸਾਨਾਂ ਦੇ ਪੱਲੇ ਨਾ ਪਾਉਣ ਦੇ ਰੋਸ ਵਜੋਂ ਕਿਸਾਨ ਜਥੇਬੰਦੀਆਂ ਨੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਤੇ ਕਿਸਾਨ ਯੂਨੀਅਨ ਪੰਜਾਬ ਦੇ ਕੁਲਵੀਰ ਸਿੰਘ ਵਜੀਦਪੁਰ ਨੇ ਕਿਹਾ ਕਿ ਦੋਨਾਂ ਸਰਕਾਰਾਂ ਨੇ ਕਿਸਾਨੀ ਨੂੰ ਬਚਾਉਣ ਲਈ ਗੈਰ ਜ਼ਿੰਮੇਵਾਰੀ ਵਾਲਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ, ਰਾਜ ਸਭਾ ਮੈਂਬਰਾਂ, ‘ਆਪ’ ਦੇ ਵਿਧਾਇਕਾਂ ਦੀਆਂ ਰਿਹਾਇਸ਼ਾ ਅੱਗੇ 11, 12 ਤੇ 13 ਸਤੰਬਰ ਨੂੰ ਧਰਨੇ ਦਿੱਤਾ ਜਾ ਰਹੇ ਹਨ। ਫ਼ਿਰ ਵੀ ਜੇਕਰ ਸਰਕਾਰ ਇਸ ਸਬੰਧੀ ਗੰਭੀਰ ਨਾ ਹੋਈ ਤਾਂ ਮੁੱਖ ਮੰਤਰੀ ਪੰਜਾਬ ਤੇ ਰਾਜਪਾਲ ਪੰਜਾਬ ਦੀਆਂ ਰਿਹਾਇਸ਼ਾ ਅੱਗੇ ਪੱਕੇ ਤੌਰ ’ਤੇ ਧਰਨੇ ਦਿੱਤੇ ਜਾਣਗੇ।
ਕਿਸਾਨਾਂ ਦੀਆਂ ਮੰਗਾਂ ’ਤੇ ਪੱਕਾ ਮੋਰਚਾ ਸ਼ੁਰੂ
ਤਰਨ ਤਾਰਨ (ਗੁਰਬਖ਼ਸ਼ਪੁਰੀ): ਹੜ੍ਹਾਂ ਨਾਲ ਕਿਸਾਨਾਂ ਅਤੇ ਹੋਰਨਾਂ ਦੇ ਹੋਏ ਨੁਕਸਾਨ ਲਈ ਸਰਕਾਰ ਤੋਂ ਉੱਚਿਤ ਮੁਆਵਜ਼ਾ ਲੈਣ ਤੇ ਹੋਰਨਾਂ ਮੰਗਾਂ ਮਨਵਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਅਣਮਿੱਥੇ ਸਮੇਂ ਦਾ ਮੋਰਚਾ ਸ਼ੁਰੂ ਕੀਤਾ| ਜਥੇਬੰਦੀ ਦੇ ਜ਼ਿਲ੍ਹਾ ਆਗੂ ਸਲਵਿੰਦਰ ਸਿੰਘ ਡਾਲੇਕੇ, ਸੁਖਵਿੰਦਰ ਸਿੰਘ ਦੁੱਗਲਵਾਲਾ, ਨਿਰਵੈਲ ਸਿੰਘ ਧੁੰਨ, ਹਰਪ੍ਰੀਤ ਸਿੰਘ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਅਤੇ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ ਨੇ ਜ਼ਿਲ੍ਹੇ ਅੰਦਰ ਨਸ਼ਿਆਂ ਤੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਾਬੂ ਪਾਉਣ ਵਿੱਚ ਅਸਫ਼ਲ ਰਹਿਣ ਦਾ ਦੋਸ਼ ਲਾਇਆ। ਆਗੂਆਂ ਇਲਾਕੇ ਦੇ ਪਿੰਡ ਰੁੜੇਆਸਲ ਦੇ ਸੱਤ ਜਣਿਆਂ ਖਿਲਾਫ਼ ਝੂਠਾ ਕੇਸ ਰੱਦ ਕੀਤੇ ਜਾਣ ਦੀ ਵੀ ਆਵਾਜ ਉਠਾਈ| ਪੱਕੇ ਮੋਰਚੇ ਵਿੱਚ ਹਾਜਰ ਵਰਕਰਾਂ ਨਾਲ ਜਥੇਬੰਦੀ ਦੀਆਂ ਮਹਿਲਾ ਆਗੂ ਬੀਬੀ ਸੁਖਵੰਤ ਕੋਰ, ਬੀਬੀ ਦਵਿੰਦਰ ਕੋਰ ਪਿੱਦੀ, ਬੀਬੀ ਬਲਵੀਰ ਕੋਰ ਰੂੜੀਆਲਾ, ਬੀਬੀ ਜਸਮਿੰਦਰ ਕੋਰ ਮਾਣੋਚਾਹਲ ਨੇ ਵੀ ਵਿਚਾਰ ਸਾਂਝੇ ਕੀਤੇ|