ਨਕਲੀ ਖਾਦ ਵੇਚਣ ਵਾਲਿਆਂ ਖ਼ਿਲਾਫ਼ ਕਿਸਾਨਾਂ ਨੇ ਡੀਸੀ ਦਫ਼ਤਰ ਘੇਰਿਆ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਸਤੰਬਰ
ਡੀਏਪੀ ਖਾਦ ਦੀ ਕਿੱਲਤ ਦੇ ਨਾਲ ਨਾਲ ਹੋਰ ਵਸਤਾਂ ਦੇਣ ਵਿੱਚ ਹੋ ਰਹੀ ਦੇਰੀ ਅਤੇ ਨਕਲੀ ਖਾਦ ਵੇਚਣ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਣ ਲਈ ਕਿਸਾਨਾਂ ਨੇ ਇੱਕ ਵਾਰ ਫਿਰ ਸ਼ਹਿਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਬੁੱਧਵਾਰ ਸਵੇਰੇ ਦਫ਼ਤਰ ਦੇ ਬਾਹਰ ਧਰਨਾ ਦਿੰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਨਕਲੀ ਖਾਦ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਧਰਨੇ ਦੌਰਾਨ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਗੈਰਹਾਜ਼ਰੀ ਕਾਰਨ ਕਿਸਾਨਾਂ ਨੇ ਐੱਸਡੀਐੱਮ ਰਵਨੀਤ ਸਿੰਘ ਹੀਰ ਨੂੰ ਮੰਗ ਪੱਤਰ ਸੌਂਪਿਆ ਤੇ ਮੰਗ ਕੀਤੀ ਕਿ ਕਿਸਾਨਾਂ ਦੀ ਇਹ ਮੰਗ ਤੁਰੰਤ ਮੰਨੀ ਜਾਵੇ।
ਧਰਨੇ ਦੀ ਅਗਵਾਈ ਕਰਦਿਆਂ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਕਿਹਾ ਕਿ ਜਦੋਂ ਵੀ ਫ਼ਸਲ ਬੀਜਣ ਦਾ ਸਮਾਂ ਆਉਂਦਾ ਹੈ ਤਾਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਬਣਦੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕੀਤੇ ਜਾਣ, ਪਰ ਹਰ ਵਾਰ ਸਰਕਾਰ ਦੀ ਦੇਰੀ ਕਾਰਨ ਕਿਸਾਨਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ ਤੇ ਨਿੱਜੀ ਵਿਕਰੇਤਾਵਾਂ ਕੋਲੋਂ ਆਪਣੀ ਲੁੱਟ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਪੱਧਰ ’ਤੇ ਇਹ ਖਾਦ ਮਨਮਰਜ਼ੀ ਦੇ ਭਾਅ ਅਤੇ ਹੋਰ ਚੀਜ਼ਾਂ ਜ਼ਬਰਦਸਤੀ ਨਾਲ ਵੇਖ ਕੇ ਦਿੱਤੀ ਜਾਂਦੀ ਹੈ।
ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕੀ ਨਕਲੀ ਖਾਦ ਦੀ ਵਿਕਰੀ ’ਤੇ ਤੁਰੰਤ ਰੋਕ ਲਗਾਈ ਜਾਵੇ ਤੇ ਇਨ੍ਹਾਂ ਉਤਪਾਦਕ ਕੰਪਨੀਆਂ ਅਤੇ ਡੀਲਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਰਵਾਇਤੀ ਖਾਦਾਂ ਦੇ ਨਾਲ ਨੈਨੋ ਖਾਦਾਂ ਨੂੰ ਬੰਦ ਕੀਤਾ ਜਾਵੇ ਅਤੇ ਰਵਾਇਤੀ ਸਹੀ ਖਾਦਾਂ ਦੀ ਸਪਲਾਈ ਸਹਿਕਾਰੀ ਸਭਾਵਾਂ ਰਾਹੀਂ ਮੰਗ ਅਨੁਸਾਰ ਤੁਰੰਤ ਪੂਰੀ ਕੀਤੀ ਜਾਵੇ। ਜੇਕਰ ਇਹ ਮੰਗ ਤੁਰੰਤ ਨਾ ਮੰਨੀ ਗਈ ਤਾਂ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਦੌਰਾਨ ਮਨੋਹਰ ਸਿੰਘ ਕਲਹਾਰ, ਰਜਿੰਦਰ ਸਿੰਘ ਸਿਆੜ ਤੇ ਹੋਰ ਹਾਜ਼ਰ ਸਨ।