For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੇ ਭਾਜਪਾ ਉਮੀਦਵਾਰ ਤੰਵਰ ਨੂੰ ਘੇਰਿਆ

11:20 AM Apr 14, 2024 IST
ਕਿਸਾਨਾਂ ਨੇ ਭਾਜਪਾ ਉਮੀਦਵਾਰ ਤੰਵਰ ਨੂੰ ਘੇਰਿਆ
ਭਾਜਪਾ ਉਮੀਦਵਾਰ ਅਸ਼ੋਕ ਤੰਵਰ ਨੂੰ ਸਵਾਲ ਕਰਦੇ ਹੋਏ ਕਿਸਾਨ ਆਗੂ।
Advertisement

ਭੁਪਿੰਦਰ ਪੰਨੀਵਾਲੀਆ/ਇਕਬਾਲ ਸਿੰਘ ਸ਼ਾਂਤ
ਕਾਲਾਂਵਾਲੀ/ਡੱਬਵਾਲੀ, 13 ਅਪਰੈਲ
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਸੱਦੇ ’ਤੇ ਅੱਜ ਹਰਿਆਣਾ ਕਿਸਾਨ ਏਕਤਾ ਡੱਬਵਾਲੀ ਦੇ ਮੈਂਬਰ ਐੱਸ.ਪੀ. ਸਿੰਘ ਮਸੀਤਾਂ, ਪ੍ਰਧਾਨ ਮਨਦੀਪ ਸਿੰਘ ਦੇਸੂਜੋਧਾ ਅਤੇ ਹੋਰ ਕਿਸਾਨ ਡੱਬਵਾਲੀ ਸਰਕਲ ਦੇ ਪਿੰਡ ਘੁੱਕਿਆਂਵਾਲੀ ਵਿੱਚ ਇਕੱਠੇ ਹੋਏ। ਇਸ ਦੌਰਾਨ ਕਿਸਾਨਾਂ ਨੇ ਭਾਜਪਾ ਦੇ ਸਿਰਸਾ ਤੋਂ ਲੋਕ ਸਭਾ ਉਮੀਦਵਾਰ ਅਸ਼ੋਕ ਤੰਵਰ ਜਿਉਂ ਹੀ ਦੁਪਹਿਰ ਪਿੰਡ ਵਿੱਚ ਪੁੱਜੇ ਤਾਂ ਉਨ੍ਹਾਂ ਨੂੰ ਕਿਸਾਨਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।
ਅਸ਼ੋਕ ਤੰਵਰ ਕੋਲ ਕਿਸਾਨਾਂ ਦੇ ਕਿਸੇ ਸਵਾਲ ਦਾ ਕੋਈ ਜਵਾਬ ਨਹੀਂ ਸੀ ਅਤੇ ਉਹ ਗੱਲਾਂ ਨੂੰ ਘੁਮਾਉਣ ਲੱਗ ਪਏ। ਕਿਸਾਨ ਆਗੂ ਐੱਸ.ਪੀ. ਸਿੰਘ ਮਸੀਤਾਂ ਨੇ ਡਾ. ਅਸ਼ੋਕ ਤੰਵਰ ਨੂੰ ਪੁੱਛਿਆ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਸੈਂਕੜੇ ਕਿਸਾਨਾਂ ਨੂੰ ਇਨਸਾਫ਼ ਕਿਉਂ ਨਹੀਂ ਮਿਲਿਆ? ਭਾਜਪਾ ਸਰਕਾਰ ਵੱਲੋਂ ਕੀਤੇ ਵਾਅਦਿਆਂ ਦੇ ਵਿਰੋਧ ’ਚ ਭਾਜਪਾ ਸਰਕਾਰ ਨੇ ਨਾਕੇ, ਕੰਡਿਆਲੀ ਤਾਰ ਅਤੇ ਵੱਡੇ-ਵੱਡੇ ਪੱਥਰ ਲਗਾ ਕੇ ਦਿੱਲੀ ਜਾਣ ਵਾਲੇ ਕਿਸਾਨਾਂ ਦਾ ਰਸਤਾ ਕਿਉਂ ਰੋਕਿਆ? ਇਸ ਤੋਂ ਇਲਾਵਾ ਸਰ੍ਹੋਂ ਦੀ ਫ਼ਸਲ ਵੇਚਣ ਵਿੱਚ ਆ ਰਹੀਆਂ ਮੁਸ਼ਕਲਾਂ ਅਤੇ 72 ਘੰਟਿਆਂ ਵਿੱਚ ਅਦਾਇਗੀ ਕਿਉਂ ਨਹੀਂ ਹੋ ਰਹੀ? ਇਨ੍ਹਾਂ ਸਾਰੇ ਮੁੱਦਿਆਂ ਬਾਰੇ ਅਸ਼ੋਕ ਤੰਵਰ ਕੋਲ ਕੋਈ ਜਵਾਬ ਨਹੀਂ ਸੀ। ਇਸ ਤੋਂ ਇਲਾਵਾ ਮਸੀਤਾਂ ਨੇ ਕਿਹਾ ਕਿ ਤੁਸੀਂ ਕਿਸਾਨਾਂ ਪ੍ਰਤੀ ਆਪਣਾ ਸਟੈਂਡ ਸਪੱਸ਼ਟ ਕਰਨ ਅਤੇ ਕਿਹੜੀ ਮਜਬੂਰੀ ਸੀ ਕਿ ਉਹ ਪਿਛਲੇ ਇੱਕ ਸਾਲ ਤੋਂ ਇੱਕ ਸਿਆਸੀ ਪਾਰਟੀ ਤੋਂ ਦੂਜੀ ਪਾਰਟੀ ਬਦਲਦੇ ਰਹੇ? ਇਹ ਸੁਣਦਿਆਂ ਹੀ ਅਸ਼ੋਕ ਤੰਵਰ ਨੇ ਉੱਥੋਂ ਜਾਣਾ ਹੀ ਬਿਹਤਰ ਸਮਝਿਆ।
ਇਸ ਦੌਰਾਨਾਂ ਕਿਸਾਨਾਂ ਨੇ ਕਾਲੇ ਝੰਡੇ ਚੁੱਕ ਕੇ ਭਾਜਪਾ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸ੍ਰੀ ਮਸੀਤਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਪਿੰਡਾਂ ਵਿੱਚ ਅਜਿਹੇ ਲੋਕਾਂ ਨੂੰ ਸਵਾਲ ਜ਼ਰੂਰ ਪੁੱਛਣ ਕਿ ਉਨ੍ਹਾਂ ਨੇ ਕਿਸਾਨਾਂ ਹਿੱਤਾਂ ਲਈ ਕੀ ਕੀਤਾ ਹੈ? ਇਸ ਮੌਕੇ ਜਸਵੀਰ ਸਿੰਘ ਅਲੀਕਾਂ, ਗੁਰਪਾਲ ਸਿੰਘ ਮਾਂਗੇਆਣਾ, ਖੁਸ਼ਦੀਪ ਸਿੰਘ ਹੈਬੂਆਣਾ, ਰਣਜੀਤ ਸਿੰਘ, ਪਵਨ ਸਿੰਘ, ਬੋਹੜ ਸਿੰਘ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×