For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਮੰਨਾ ਦਾ ਘਿਰਾਓ

07:57 AM Apr 24, 2024 IST
ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਮੰਨਾ ਦਾ ਘਿਰਾਓ
ਪਿੰਡ ਸੁਧਾਰ ਰਾਜਪੂਤਾਂ ਵਿੱਚ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਘਿਰਾਓ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।
Advertisement

ਦਵਿੰਦਰ ਸਿੰਘ ਭੰਗੂ
ਰਈਆ, 23 ਅਪਰੈਲ
ਇੱਥੇ ਅੱਜ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਪਿੰਡ ਸੁਧਾਰ ਰਾਜਪੂਤਾਂ ਵਿੱਚ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਰਕੁਨਾਂ ਵੱਲੋਂ ਘਿਰਾਓ ਕੀਤਾ ਗਿਆ। ਬਾਅਦ ਦੁਪਹਿਰ ਮਨਜੀਤ ਸਿੰਘ ਮੰਨਾ ਵੱਲੋਂ ਪਿੰਡ ਸੁਧਾਰ ਰਾਜਪੂਤਾਂ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਾਰਕੁਨਾਂ ਨੂੰ ਭਿਣਕ ਪੈਣ ’ਤੇ ਕਿਸਾਨ ਮਜ਼ਦੂਰ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਸਬੰਧਤ ਥਾਂ ਪੁੱਜੇ।
ਇਸ ਦੌਰਾਨ ਵਧੇਰੇ ਗਿਣਤੀ ਵਿੱਚ ਤਾਇਨਾਤ ਪੁਲੀਸ ਕਰਮਚਾਰੀਆਂ ਨੇ ਕਿਸਾਨਾਂ ਨੂੰ ਅੱਗੇ ਵਧਣ ਤੋ ਰੋਕਿਆ ਅਤੇ ਰੱਸੇ ਲਗਾ ਕੇ ਭਾਜਪਾ ਉਮੀਦਵਾਰ ਨੂੰ ਘਿਰਾਓ ਵਿੱਚੋਂ ਬਾਹਰ ਕੱਢਿਆ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਰਣਜੀਤ ਸਿੰਘ ਕਲੇਰ ਬਾਲਾ, ਚਰਨ ਸਿੰਘ ਕਲੇਰ ਘੁਮਾਣੀ ਦੀ ਅਗਵਾਈ ਹੇਠ ਭਾਜਪਾ ਆਗੂ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਰੁਮਾਣਾਚੱਕ ਨੇ ਦੱਸਿਆ ਕਿ ਭਾਰੀ ਪੁਲੀਸ ਫੋਰਸ ਸਮੇਤ ਜਦੋਂ ਮੰਨਾ ਦਾ ਕਾਫ਼ਲਾ ਪਿੰਡ ਕੋਲ ਪੁੱਜਿਆ ਤਾਂ ਕਿਸਾਨਾਂ ਮਜ਼ਦੂਰਾਂ ਨੇ ਸੜਕ ਕੰਢੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਸਵਾਲ ਕਰਨ ਲਈ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਦਾ ਕਾਫ਼ਲਾ ਤੇਜ਼ੀ ਨਾਲ ਅੱਗੇ ਨਿਕਲ ਗਿਆ।
ਇਸ ਪਿੱਛੋਂ ਕਿਸਾਨ ਆਗੂਆਂ ਨੇ ਉੱਥੇ ਮੌਜੂਦ ਪੁਲੀਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਮੰਨਾ ਉਨ੍ਹਾਂ ਦੇ ਸਵਾਲਾਂ ’ਤੇ ਚਰਚਾ ਨਹੀਂ ਕਰਦੇ ਤਾਂ ਘਿਰਾਓ ਕਰਕੇ ਸਵਾਲ ਕੀਤੇ ਜਾਣਗੇ। ਇਸ ’ਤੇ ਪੁਲੀਸ ਅਧਿਕਾਰੀ ਮੰਨਾ ਨਾਲ ਗੱਲ ਕਰਨ ਗਿਆ ਪਰ ਉਸ ਨੇ ਵਾਪਸ ਆ ਕੇ ਕੋਈ ਸਾਕਾਰਾਤਮਕ ਜਵਾਬ ਨਹੀਂ ਦਿੱਤਾ। ਕਿਸਾਨ ਚੱਲਦੇ ਪ੍ਰੋਗਰਾਮ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਾ ਪਾਉਣ ਦੀ ਥਾਂ ਸ਼ਾਂਤਮਈ ਤਰੀਕੇ ਨਾਲ ਪਿੰਡ ਦੇ ਬਾਹਰ ਮੰਨਾ ਦੀ ਉਡੀਕ ਕਰਨ ਲੱਗੇ। ਇਸ ਪਿੱਛੋਂ ਮੰਨਾ ਪੁਲੀਸ ਮੁਲਾਜ਼ਮਾਂ ਦੀ ਛਤਰੀ ਹੇਠ ਕਿਸਾਨਾਂ ਮਜ਼ਦੂਰਾਂ ਤੋਂ ਬਚਦੇ ਹੋਏ ਪਿੰਡ ਦੀਆਂ ਅੰਦਰੂਨੀ ਗਲੀਆਂ ਵਿੱਚੋਂ ਆਪਣਾ ਕਾਫ਼ਲਾ ਭਜਾ ਕੇ ਚਲੇ ਗਏ। ਇਸ ਦੌਰਾਨ ਕਿਸਾਨਾਂ ਨੇ ਮੰਨਾ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

Advertisement

ਭਗਤਾ ਭਾਈ ਵਿੱਚ ਹੰਸ ਰਾਜ ਹੰਸ ਦਾ ਵਿਰੋਧ

ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ ਆਪਣੇ ਚੋਣ ਪ੍ਰਚਾਰ ਦੌਰਾਨ ਲਗਾਤਾਰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਉਨ੍ਹਾਂ ਆਪਣੇ ਚੋਣ ਪ੍ਰਚਾਰ ਲਈ ਭਗਤਾ ਭਾਈ ਵਿਖੇ ਆਉਣਾ ਸੀ। ਜਦੋਂ ਇਸ ਦੀ ਭਿਣਕ ਬੀਕੇਯੂ (ਉਗਰਾਹਾਂ) ਅਤੇ ਬੀਕੇਯੂ (ਕ੍ਰਾਂਤੀਕਾਰੀ) ਨੂੰ ਪਈ ਤਾਂ ਦੋਵੇਂ ਜਥੇਬੰਦੀਆਂ ਦੇ ਵਰਕਰ ਵੱਡੀ ਗਿਣਤੀ ਵਿੱਖ ਉਸ ਸਥਾਨ ’ਤੇ ਪਹੁੰਚ ਗਏ। ਦੇਰ ਸ਼ਾਮ ਜਦੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਇਥੇ ਪਹੁੰਚੇ ਤਾਂ ਇਕੱਤਰ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਇਸੇ ਦੌਰਾਨ ਪੁਲੀਸ ਵੱਲੋਂ ਵੀ ਪਹਿਲਾਂ ਤੋਂ ਹੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ, ਅਵਤਾਰ ਸਿੰਘ ਤਾਰੀ, ਰਣਧੀਰ ਮਲੂਕਾ, ਬਲਦੀਪ ਸਿੰਘ ਨੰਦਗੜ੍ਹ ਕੋਟੜਾ, ਕੁਲਜਿੰਦਰ ਜੰਡਾਂਵਾਲਾ, ਦਰਸ਼ਨ ਢਿੱਲੋਂ ਫੂਲ, ਬੂਟਾ ਬਾਜਵਾ ਕੋਠਾਗੁਰੂ ਨੇ ਕਿਹਾ ਕਿ ਭਾਜਪਾ ਕਿਸਾਨ ਤੇ ਮਜ਼ਦੂਰ ਵਿਰੋਧੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ ਪਰ ਭਾਜਪਾ ਸਰਕਾਰ ਨੂੰ ਉਨ੍ਹਾਂ ਦਾ ਕੋਈ ਫ਼ਿਕਰ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਇ ਉਨ੍ਹਾਂ ਨੂੰ ਲਗਾਤਾਰ ਪ੍ਰੇਸ਼ਾਨ ਤੇ ਜ਼ਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਫੈਸਲੇ ਅਨੁਸਾਰ ਭਾਜਪਾ ਦੇ ਉਮੀਦਵਾਰ ਜਿੱਥੇ ਵੀ ਚੋਣ ਪ੍ਰਚਾਰ ਲਈ ਜਾਣਗੇ, ਕਿਸਾਨਾਂ ਵੱਲੋਂ ਉਨ੍ਹਾਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ।

Advertisement
Author Image

joginder kumar

View all posts

Advertisement
Advertisement
×