ਖਾਦ ਲਈ ਕਿਸਾਨ ਵੱਲੋਂ ਖ਼ੁਦਕੁਸ਼ੀ ਕਰਨਾ ਸਰਕਾਰ ਲਈ ਸ਼ਰਮ ਵਾਲੀ ਗੱਲ: ਸ਼ੈਲਜਾ
ਪ੍ਰਭੂ ਦਿਆਲ
ਸਿਰਸਾ, 9 ਨਵੰਬਰ
ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਜੇਕੋਈ ਕਿਸਾਨ ਖਾਦ, ਬੀਜ, ਕੀਟਨਾਸ਼ਕਾਂ ਦੀ ਖ਼ਾਤਰ ਖ਼ੁਦਕੁਸ਼ੀ ਕਰ ਲੈਂਦਾ ਹੈ ਤਾਂ ਸਰਕਾਰ ਲਈ ਇਸ ਤੋਂ ਵੱਡੀ ਸ਼ਰਮ ਦੀ ਗੱਲ ਕੋਈ ਨਹੀਂ ਹੋ ਸਕਦੀ। ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀ ਕਹਿ ਰਹੇ ਹਨ ਕਿ ਖਾਦ ਦੀ ਕੋਈ ਕਮੀ ਨਹੀਂ ਪਰ ਜੇ ਖਾਦ ਦੀ ਕਮੀ ਨਹੀਂ ਤਾਂ ਫਿਰ ਕਿਸਾਨ ਖਾਦ ਲੈਣ ਲਈ ਖੁਆਰ ਕਿਉਂ ਹੋ ਰਹੇ ਹਨ। ਖਾਦ ਨਾ ਮਿਲਣ ’ਤੇ ਕਿਸਾਨ ਨੂੰ ਖੁਦਕੁਸ਼ੀ ਕਰਨ ਲਈ ਕਿਉਂ ਮਜਬੂਰ ਹੋਣਾ ਪਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਪ੍ਰੇਸ਼ਾਨੀਆਂ ਕਾਰਨ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਸਰਕਾਰ ਨੂੰ ਕਿਸਾਨਾਂ ਪ੍ਰਤੀ ਆਪਣੀ ਸੋਚ ਅਤੇ ਨੀਤੀ ਬਦਲਣੀ ਪਵੇਗੀ, ਕਿਸਾਨ ਦੇਸ਼ ਦਾ ਅੰਨਦਾਤਾ ਹੈ, ਉਸ ਦੀ ਇੱਜ਼ਤ ਅਤੇ ਲੋੜਾਂ ਦਾ ਖਿਆਲ ਰੱਖਣਾ ਸਰਕਾਰ ਦੀ ਜਿੰਮੇਵਾਰੀ ਹੀ ਨਹੀਂ ਫਰਜ ਵੀ ਹੈ। ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਉਕਲਾਣਾ ਮੰਡੀ ਖੇਤਰ ਦੇ ਪਿੰਡ ਭੀਖੇਵਾਲਾ ’ਚ ਇੱਕ ਕਿਸਾਨ ਨੇ ਕਥਿਤ ਤੌਰ ’ਤੇ ਖਾਦ ਨਾ ਮਿਲਣ ਕਾਰਨ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਗੱਲ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਹੋਵੇਗਾ ਕਿ ਕਿਸਾਨ ਖਾਦ ਲੈਣ ਲਈ ਖੁਦਕੁਸ਼ੀਆਂ ਵਰਗੇ ਕਦਮ ਕਿਉਂ ਚੁੱਕ ਰਹੇ ਹਨ? ਉਨ੍ਹਾਂ ਕਿਹਾ ਕਿ ਇਨਸਾਨ ਦੀ ਜ਼ਿੰਦਗੀ ਤੋਂ ਵੱਧ ਕੁਝ ਵੀ ਚੀਜ਼ ਮਹੱਤਵਪੂਰਨ ਨਹੀਂ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨ ਰਾਮ ਭਗਤ ਵਰਗਾ ਕੋਈ ਹੋਰ ਕਿਸਾਨ ਕਦਮ ਨਾ ਚੁੱਕੇ ਇਸ ਲਈ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਦੂਰ ਕੀਤਾ ਜਾਏ।