ਮੰਡੀਆਂ ਵਿੱਚ ਖੱਜਲ-ਖੁਆਰ ਹੋ ਰਹੇ ਕਿਸਾਨ: ਪਰਨੀਤ ਕੌਰ
ਮੋਹਿਤ ਖੰਨਾ
ਪਟਿਆਲਾ, 28 ਅਕਤੂਬਰ
ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੰਨਾ ਅਨਾਜ ਮੰਡੀ ਦੇ ਦੌਰੇ ਤੋਂ ਕੁਝ ਦਿਨ ਬਾਅਦ ਉਨ੍ਹਾਂ ਦੀ ਪਤਨੀ ਅਤੇ ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਪਰਨੀਤ ਕੌਰ ਨੇ ਸਰਹਿੰਦ ਰੋਡ ’ਤੇ ਸਥਿਤ ਅਨਾਜ ਮੰਡੀ ਦਾ ਦੌਰਾ ਕੀਤਾ। ਇਸ ਮੌਕੇ ਉਹ ਝੌਨੇ ਦੀ ਢਿੱਲੀ ਖਰੀਦ ਸਬੰਧੀ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ’ਤੇ ਵਰੇ।
ਪਰਨੀਤ ਕੌਰ ਨੇ ਕਿਹਾ ਕਿ ਕੇਂਦਰ ਨੇ ਸਤੰਬਰ ਵਿੱਚ ਖਰੀਦ ਲਈ ਫੰਡ ਜਾਰੀ ਕੀਤੇ ਸਨ, ਪਰ ‘ਆਪ’ ਸਰਕਾਰ ਨੇ ਆਉਣ ਵਾਲੇ ਸਟੋਰੇਜ ਸਪੇਸ ਸੰਕਟ ਨਾਲ ਨਜਿੱਠਣ ਲਈ ਕੋਈ ਉਪਾਅ ਨਹੀਂ ਕੀਤੇ।
ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਝੋਨੇ ਦੀ ਬੰਪਰ ਫਸਲ ਅਤੇ ਜਗ੍ਹਾ ਦੀ ਘਾਟ ਤੋਂ ਜਾਣੂ ਸੀ, ਪਰ ਭਗਵੰਤ ਮਾਨ ਸਰਕਾਰ ਨੇ ਸਥਿਤੀ ਵਿਗੜਨ ਦਿੱਤੀ, ਜਿਸ ਕਾਰਨ ਅਨਾਜ ਮੰਡੀਆਂ ਵਿੱਚ ਕਿਸਾਨ ਖੱਜਲ-ਖੁਆਰ ਹੋ ਰਹੇ ਹਨ। ਭਾਜਪਾ ਆਗੂ ਨੇ ਕਿਹਾ, “ਸਭ ਤੋਂ ਮਾੜੀ ਗੱਲ ਇਹ ਹੈ ਕਿ ਮੰਡੀਆਂ ਵਿੱਚ ਪਾਣੀ ਦੀ ਕੋਈ ਸਹੂਲਤ ਨਹੀਂ ਹੈ ਅਤੇ ਬਾਰਦਾਨੇ ਦੀ ਗੰਭੀਰ ਘਾਟ ਹੈ।”
ਉਧਰ ਕੈਪਟਨ ਅਮਰਿੰਦਰ ਦੇ ਖੰਨਾ ਮੰਡੀ ਦੇ ਦੌਰੇ ਨੂੰ ਵੀ ਕਿਸਾਨਾਂ ਨਾਲ ਜੁੜਨ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਗਿਆ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਸਥਾਨਕ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਫਸਲਾਂ ਦੇ ਭਾਅ ਅਤੇ ਸਰਕਾਰੀ ਨੀਤੀਆਂ ਸਮੇਤ ਵੱਖ-ਵੱਖ ਖੇਤੀ ਮੁੱਦਿਆਂ 'ਤੇ ਚਰਚਾ ਕੀਤੀ।