For the best experience, open
https://m.punjabitribuneonline.com
on your mobile browser.
Advertisement

ਝੋਨੇ ਉੱਤੇ ਪੱਤਾ ਲਪੇਟ ਸੁੰਡੀ ਦੇ ਹਮਲੇ ਕਾਰਨ ਕਿਸਾਨ ਸਹਿਮੇ

08:02 AM Sep 12, 2023 IST
ਝੋਨੇ ਉੱਤੇ ਪੱਤਾ ਲਪੇਟ ਸੁੰਡੀ ਦੇ ਹਮਲੇ ਕਾਰਨ ਕਿਸਾਨ ਸਹਿਮੇ
ਮਾਨਸਾ ਨੇੜੇ ਪਿੰਡ ਭੈਣੀਬਾਘਾ ਵਿੱਚ ਝੋਨੇ ਉਪਰ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਛਿੜਕਾਅ ਕਰਦੇ ਹੋਏ ਕਿਸਾਨ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 11 ਸਤੰਬਰ
ਮਾਲਵਾ ਪੱਟੀ ਦੇ ਕਿਸਾਨ ਨੂੰ ਮੌਸਮ ਖੁਸ਼ਕ ਰਹਿਣ ਕਾਰਨ ਹੁਣ ਝੋਨੇ ਉੱਪਰ ਪੱਟਾ ਲਪੇਟ ਸੁੰਡੀ ਦੇ ਹਮਲੇ ਨੇ ਦੱਬ ਲਿਆ ਹੈ। ਇਸ ਹਮਲੇ ਕਾਰਨ ਕਿਸਾਨਾਂ ਵਿਚ ਘਬਰਾਹਟ ਹੈ ਅਤੇ ਉਹ ਕੀਟਨਾਸ਼ਕਾਂ ਦੀ ਵਰਤੋਂ ਕਰਨ ਲੱਗੇ ਹਨ। ਉਧਰ, ਖੇਤੀਬਾੜੀ ਮਹਿਕਮੇ ਨੇ ਕਿਸਾਨਾਂ ਨੂੰ ਸੋਚ-ਸਮਝ ਕੇ ਛਿੜਕਾਅ ਕਰਨ ਦਾ ਸੱਦਾ ਦਿੱਤਾ ਹੈ।
ਮਾਲਵਾ ਪੱਟੀ ਦੇ ਇਸ ਖੇਤਰ ਵਿੱਚ ਇਸ ਵੇਲੇ ਨਰਮੇ ਉੱਪਰ ਚਿੱਟੀ ਮੱਖੀ ਸਣੇ ਹਰੇ ਤੇਲੇ ਦੇ ਹਮਲਿਆਂ ਲਈ ਧੜਾ-ਧੜ ਸਪਰੇਆਂ ਦਾ ਛਿੜਕਾਅ ਹੋ ਰਿਹਾ ਹੈ। ਹੁਣ ਝੋਨੇ ਉਤੇ ਇਸ ਨਵੇਂ ਹਮਲੇ ਨੇ ਕਿਸਾਨਾਂ ਵਾਸਤੇ ਨਵੀਂ ਬਿਪਤਾ ਖੜ੍ਹੀ ਕਰ ਦਿੱਤੀ ਹੈ। ਕਿਸਾਨਾਂ ਨੇ ਇਸ ਹਮਲੇ ਸਬੰਧੀ ਜਦੋਂ ਖੇਤੀ ਵਿਭਾਗ ਦੇ ਮਾਹਿਰਾਂ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਹਮਲੇ ਨੂੰ ਮੁੱਢਲੀ ਸਟੇਜ ਉੱਪਰ ਸਵੀਕਾਰ ਕੀਤਾ ਹੈ। ਖੇਤੀ ਵਿਭਾਗ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਹਮਲਾ ਬਿਨਾਂ ਛਿੜਕਾਅ ਤੋਂ ਹੀ ਠੱਲ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਉਂ ਹੀ ਇੱਕ ਚੰਗਾ ਮੀਂਹ ਝੋਨੇ ਦੀ ਇਸ ਫ਼ਸਲ ਉੱਪਰ ਪਵੇਗਾ ਤਾਂ ਇਹ ਸੁੰਡੀ ਆਪਣੇ-ਆਪ ਪਾਣੀ ਵਿਚ ਡਿੱਗ ਕੇ ਮਰ ਜਾਵੇਗੀ।
ਖੇਤੀਬਾੜੀ ਵਿਭਾਗ ਦੇ ਖੇਤੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਉਨ੍ਹਾਂ ਮੰਨਿਆ ਕਿ ਇਹ ਹਮਲਾ ਝੋਨੇ ਦੀ ਫ਼ਸਲ ’ਤੇ ਨਾ-ਮਾਤਰ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਖੇਤਾਂ ਵਿਚ ਜਾਣ ਅਤੇ ਜੇ ਉਹ ਹਮਲੇ ਨੂੰ ਜ਼ਿਆਦਾ ਸਮਝਦੇ ਹਨ ਤਾਂ ਉਹ ਤੁਰੰਤ ਖੇਤੀ ਵਿਭਾਗ ਦੇ ਮਾਹਿਰਾਂ ਨਾਲ ਸਲਾਹ ਕਰਨ। ਉਨ੍ਹਾਂ ਕਿਹਾ ਕਿ ਕਿਸਾਨ ਦਵਾਈ ਵਿਕਰੇਤਾਵਾਂ ਦੇ ਆਖੇ ਛਿੜਕਾਅ ਨਾ ਕਰਨ। ਉਨ੍ਹਾਂ ਦੱਸਿਆ ਕਿ ਪੱਤਾ ਲਪੇਟ ਸੁੰਡੀ ਦਾ ਹਮਲਾ ਜੁਲਾਈ ਤੋਂ ਅਕਤੂਬਰ ਤੱਕ ਹੁੰਦਾ ਹੈ। ਖੇਤਾਂ ਵਿਚ ਇਸ ਕੀੜੇ ਦਾ ਹਮਲਾ 5 ਫ਼ੀਸਦੀ ਸੁੱਕੀਆਂ ਪੱਤੀਆਂ (ਇਕਨਾਮਿਕ ਥਰੈਸ਼ਹੋਲਡ ਲੈਵਲ) ਤੋਂ ਵਧੇਰੇ ਹੈ, ਉਨ੍ਹਾਂ ਥਾਵਾਂ ’ਤੇ ਛਿੜਕਾਅ ਦੀ ਜ਼ਰੂਰਤ ਹੈ।
ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਭਾਦੋਂ ਦਾ ਸਾਰਾ ਮਹੀਨਾ ਖੁਸ਼ਕ ਰਹਿਣ ਕਾਰਨ ਗਰਮੀ ਨਾਲ ਅਗੇਤੇ ਅਤੇ ਪਛੇਤੇ ਝੋਨੇ ’ਤੇ ਜਿੱਥੇ ਪੱਤਾ ਲਪੇਟ ਸੁੰਡੀ ਦੇ ਨਾਲ-ਨਾਲ ਗੋਭ ਵਾਲੀ ਸੁੰਡੀ ਨੇ ਵੀ ਹਮਲਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਝਾੜ ਘਟਣ ਦੇ ਡਰੋਂ ਕਿਸਾਨਾਂ ਨੂੰ ਛਿੜਕਾਅ ਦਾ ਸਹਾਰਾ ਲੈਣ ਲੱਗਿਆ ਹੈ। ਉਨ੍ਹਾਂ ਪਵਾਰਕੌਮ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਮੋਟਰਾਂ ਨੂੰ ਬਿਜਲੀ ਦੀ ਪੂਰੀ ਸਪਲਾਈ ਦਿੱਤੇ ਜਾਵੇ।

Advertisement

Advertisement
Author Image

Advertisement
Advertisement
×