ਅਬੋਹਰ ਵਿੱਚ ‘ਟਿੱਡੀ ਦਲ’ ਕਾਰਨ ਕਿਸਾਨ ਸਹਿਮੇ
ਰਾਜਿੰਦਰ ਕੁਮਾਰ
ਬੱਲੂਆਣਾ, 3 ਸਤੰਬਰ
ਅਬੋਹਰ ਵਿੱਚ ਅੱਜ ‘ਟਿੱਡੀ ਦਲ’ ਨੇ ਦਸਤਕ ਦੇ ਦਿੱਤੀ ਹੈ, ਜਿਸ ਨਾਲ ਕਿਸਾਨ ਸਹਿਮ ਗਏ ਹਨ। ਅੱਜ ਬਾਅਦ ਦੁਪਹਿਰ ਅਸਮਾਨ ਵਿੱਚ ਕਾਲੇ ਬੱਦਲ ਛਾ ਗਏ ਤੇ ਇਸ ਦੌਰਾਨ ਕੰਧ ਵਾਲਾ ਰੋਡ ਸਥਿਤ ਉੱਤਮ ਵਿਹਾਰ ਕਲੋਨੀ, ਦਸਮੇਸ਼ ਨਗਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਟਿੱਡੀ ਦਲ ਦੇ ਵੱਡੇ ਝੁੰਡ ਹਵਾ ਵਿੱਚ ਮੰਡਰਾਉਂਦੇ ਵੇਖੇ ਗਏ। ਇਸੇ ਦੌਰਾਨ ਮੀਂਹ ਸ਼ੁਰੂ ਹੋ ਗਿਆ ਤੇ ਟਿੱਡੀ ਦਲ ਦੇ ਝੁੰਡ ਅਚਾਨਕ ਗਾਇਬ ਹੋ ਗਏ। ਇਸ ਤੋਂ ਕਰੀਬ ਡੇਢ ਘੰਟੇ ਬਾਅਦ ਮੀਂਹ ਘਟਣ ’ਤੇ ਇੱਕਾ-ਦੁੱਕਾ ਟਿੱਡੀਆਂ ਅਸਮਾਨ ਵਿੱਚ ਮੰਡਰਾਉਂਦੀਆਂ ਵੇਖੀਆਂ ਗਈਆਂ।
ਜਾਣਕਾਰੀ ਅਨੁਸਾਰ ਅਬੋਹਰ ਇਲਾਕੇ ਵਿੱਚ ਕਰੀਬ ਦੋ ਸਾਲ ਬਾਅਦ ਟਿੱਡੀ ਦਲ ਦੀ ਸਰਗਰਮੀ ਨਜ਼ਰ ਆਈ ਹੈ। ਦੋ ਸਾਲ ਪਹਿਲਾਂ ਰਾਜਸਥਾਨ ਦੇ ਬਾੜਮੇਰ, ਬੀਕਾਨੇਰ ਅਤੇ ਨਾਲ ਲੱਗਦੇ ਇਲਾਕਿਆਂ ਵਿੱਚੋ ਗੰਗਾਨਗਰ ਹੁੰਦੇ ਹੋਏ ਟਿੱਡੀ ਦਲ ਪੰਜਾਬ ਵਿੱਚ ਦਾਖਲ ਹੋਇਆ ਸੀ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸ਼ਰਵਣ ਕੁਮਾਰ ਦਾ ਕਹਿਣਾ ਹੈ ਕਿ ਟਿੱਡੀ ਦਲ ਦਾ ਅਸਲੀ ਕੇਂਦਰ ਅਫਗਾਨਿਸਤਾਨ ਹੈ, ਜਿੱਥੋਂ ਵਾਇਆ ਇਰਾਨ ਅਤੇ ਪਾਕਿਸਤਾਨ ਹੁੰਦੇ ਹੋਏ ਰਾਜਸਥਾਨ ਰਾਹੀਂ ਟਿੱਡੀ ਦਲ ਪੰਜਾਬ ਵਿੱਚ ਦਾਖਲ ਹੁੰਦਾ ਹੈ।
ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਸੰਦੀਪ ਰਿਣਵਾ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਨੂੰ ਟਿੱਡੀ ਦਲ ਦੀ ਆਮਦ ਬਾਰੇ ਕੋਈ ਸੂਚਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਟਿੱਡੀ ਦਲ ਨਾਲ ਨਜਿੱਠਣ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਹੋਇਆ ਹੈ। ਪਾਕਿਸਤਾਨ ਅਤੇ ਰਾਜਸਥਾਨ ਨਾਲ ਲਗਦੇ ਅਬੋਹਰ ਸਬ ਡਿਵੀਜ਼ਨ ਦੇ ਇਲਾਕੇ ਵਿੱਚ ਟਿੱਡੀ ਦਲ ਨਾਲ ਨਜਿੱਠਣ ਲਈ ਖੇਤੀਬਾੜੀ ਮਹਿਕਮੇ ਕੋਲ ਪੂਰਾ ਸਾਜ਼ੋ ਸਾਮਾਨ ਹੈ।
ਖੇਤੀਬਾੜੀ ਮਹਿਕਮੇ ਦੇ ਇਕ ਹੋਰ ਅਧਿਕਾਰੀ ਦਾ ਮੰਨਣਾ ਹੈ ਕਿ ਬਰਸਾਤੀ ਸੀਜ਼ਨ ਵਿੱਚ ਮਾਦਾ ਟਿੱਡੀਆਂ ਵੱਲੋਂ ਵੱਡੀ ਗਿਣਤੀ ਵਿੱਚ ਆਂਡੇ ਦਿੱਤੇ ਜਾਂਦੇ ਹਨ, ਜਿਸ ਨਾਲ ਟਿੱਡੀ ਦਲ ਦੇ ਝੁੰਡ ਤਿਆਰ ਹੋ ਕੇ ਫਸਲਾਂ ’ਤੇ ਹਮਲਾ ਕਰਨ ਲਈ ਨਿਕਲ ਪੈਂਦੇ ਹਨ।
ਇਹ ਟਿੱਡੀ ਦਲ ਨਹੀਂ, ਡਰੈਗਨ ਫਲਾਈ ਹੈ: ਖੇਤੀਬਾੜੀ ਅਧਿਕਾਰੀ
ਟਿੱਡੀ ਦਲ ਦੇ ਝੁੰਡ ਦੀ ਅਬੋਹਰ ਇਲਾਕੇ ਵਿੱਚ ਸਰਗਰਮੀ ਬਾਰੇ ਜ਼ਿਲ੍ਹਾ ਖੇਤੀਬਾੜੀ ਅਫਸਰ ਸੰਦੀਪ ਰਿਣਵਾ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਕੁਝ ਲੋਕ ਸੋਸ਼ਲ ਮੀਡੀਆ ’ਤੇ ਅਫਵਾਹਾਂ ਫੈਲਾ ਰਹੇ ਹਨ ਜੋ ਕੀਟ ਉਤਮ ਵਿਹਾਰ ਕਲੋਨੀ ਵਿੱਚ ਨਜ਼ਰ ਆਏ ਉਹ ਟਿੱਡੀ ਦਲ ਨਹੀਂ ਸਗੋਂ ਡਰੈਗਨ ਫਲਾਈ ਹਨ। ਉਨ੍ਹਾਂ ਕਿਸਾਨਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਵੀਡੀਓ ਸ਼ੇਅਰ ਕਰਕੇ ਕਿਸਾਨਾਂ ਤੇ ਲੋਕਾਂ ਵਿੱਚ ਸਹਿਮ ਤੇ ਭੁਲੇਖਾ ਪੈਦਾ ਨਾ ਕੀਤਾ ਜਾਵੇ। ਖੇਤੀਬਾੜੀ ਵਿਭਾਗ ਨੇ ਜਲਦਬਾਜ਼ੀ ਵਿਚ ਜਾਰੀ ਕੀਤੇ ਬਿਆਨ ਵਿੱਚ ਵੱਡੀ ਗਿਣਤੀ ਵਿੱਚ ਮੰਡਰਾਉਣ ਵਾਲੇ ਡਰੈਗਨ ਫਲਾਈ ਦੀ ਸਰਗਰਮੀ ਦਾ ਕੋਈ ਕਾਰਨ ਨਹੀਂ ਦੱਸਿਆ।