ਕਿਸਾਨੀ ਸੰਘਰਸ਼: ਚੰਡੀਗੜ੍ਹ ਮੋਰਚਾ ਲਾਉਣ ਜਾਂਦੇ ਕਿਸਾਨ ਪੁਲੀਸ ਨੇ ਰਾਹ ’ਚ ਰੋਕੇ
ਸ਼ਗਨ ਕਟਾਰੀਆ
ਬਠਿੰਡਾ, 5 ਮਾਰਚ
ਚੰਡੀਗੜ੍ਹ ਮੋਰਚਾ ਲਾਉਣ ਜਾ ਰਹੇ ਕਿਸਾਨਾਂ ਨੂੰ ਭਾਰੀ ਪੁਲੀਸ ਨਫ਼ਰੀ ਨੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਪੈਂਦੇ ਪਿੰਡ ਜੇਠੂਕੇ ਨੇੜੇ ਰੋਕਾਂ ਲਾ ਕੇ ਰੋਕ ਲਿਆ। ਪੁਲੀਸ ਵੱਲੋਂ ਇੱਥੇ ਚੋਖੀ ਗਿਣਤੀ ’ਚ ਜਵਾਨ ਤਾਇਨਾਤ ਕਰਨ ਸਮੇਤ ਰੇਤਾ ਤੇ ਬਜਰੀ ਨਾਲ ਭਰੇ ਟਿੱਪਰ ਖੜ੍ਹੇ ਕੀਤੇ ਹੋਏ ਸਨ। ਜਲ ਤੋਪਾਂ, ਅੱਥਰੂ ਗੈਸ ਅਤੇ ਵੱਡੀ ਗਿਣਤੀ ’ਚ ਪੁਲੀਸ ਵੱਲੋਂ ਵਾਹਨਾਂ ਦਾ ਵੀ ਇੱਥੇ ਪ੍ਰਬੰਧ ਕੀਤਾ ਹੋਇਆ ਸੀ। ਰੋਕੇ ਜਾਣ ਮਗਰੋਂ ਸੈਂਕੜੇ ਕਿਸਾਨਾਂ ਨੇ ਕੌਮੀ ਸ਼ਾਹ ਰਾਹ ਦੇ ਇੱਕ ਪਾਸੇ ਧਰਨਾ ਲਾ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਬੱਗੀ, ਜ਼ਿਲ੍ਹਾ ਮੁਕਤਸਰ ਦੇ ਆਗੂ ਗੁਰਪਾਸ਼ ਸਿੰਘ ਸਿੰਘੇਵਾਲਾ, ਜ਼ਿਲ੍ਹਾ ਫ਼ਰੀਦਕੋਟ ਦੇ ਆਗੂ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ ਨੇ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਪੁਲੀਸ ਜਬਰ ਦੇ ਜ਼ੋਰ ਨਾਲ ਕਿਸਾਨ ਲਹਿਰ ਨੂੰ ਦਬਾਉਣਾ ਚਾਹੁੰਦੀ ਹੈ, ਤਾਂ ਜੋ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਲੋਕ ਤਾਕਤ ਦੇ ਜ਼ੋਰ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਲਾਗੂ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਹੁਣ ਕਿਸਾਨ ਇੱਥੋਂ ਹੀ ਮੋਰਚਾ ਚਲਾਉਣਗੇ।
ਸ਼ਾਮ ਨੂੰ ਖ਼ਬਰ ਲਿਖ਼ੇ ਜਾਣ ਸਮੇਂ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਕਿਸਾਨ ਆਗੂਆਂ ਤੇ ਪ੍ਰਸ਼ਾਸਨ ਦਰਿਮਆਨ ਇਸ ਗੱਲ ’ਤੇ ਸੁਲ੍ਹਾ ਹੋ ਗਈ ਹੈ ਕਿ ਥਾਣਿਆਂ ਵਿੱਚ ਬੰਦੀ ਬਣਾਏ ਗਏ ਕਿਸਾਨ ਬੁੱਧਵਾਰ ਸ਼ਾਮ ਤੱਕ ਅਤੇ ਜੇਲ੍ਹਾਂ ’ਚ ਬੰਦ ਕਿਸਾਨ ਭਲ ਕੇ ਰਿਹਾਅ ਕਰ ਦਿੱਤੇ ਜਾਣਗੇ। ਜੇਠੂਕੇ ਨੇ ਇਸ ਦੇ ਨਾਲ ਹੀ ਸੜਕ ਕਿਨਾਰਿਓਂ ਧਰਨਾ ਉਠਾਏ ਜਾਣ ਦਾ ਵੀ ਐਲਾਨ ਕੀਤਾ ਅਤੇ ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਵੀਰਵਾਰ ਸ਼ਾਮ ਤੱਕ ਪ੍ਰਸ਼ਾਸਨ ਆਪਣਾ ਵਾਅਦਾ ਨਹੀਂ ਪੁਗਾਉਂਦਾ, ਤਾਂ ਸ਼ੁੱਕਰਵਾਰ ਤੋਂ ਸੰਘਰਸ਼ ਨੂੰ ਮੁੜ ਮਘਾਇਆ ਜਾਵੇਗਾ। ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਪ੍ਰਸ਼ਾਸਨ ਕਾਫੀ ਚੌਕਸ ਨਜ਼ਰ ਆਇਆ। ਸੜਕ ਤੋਂ ਲੰਘਣ ਵਾਲਿਆਂ ਦੀ ਪੁਲੀਸ ਵੱਲੋਂ ਰੋਕ ਕੇ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਸੀ। ਬੱਸਾਂ ਸਮੇਤ ਨਿੱਜੀ ਵਾਹਨਾਂ ਦੀ ਪੂਰੀ ਘੋਖ ਤੋਂ ਬਾਅਦ ਹੀ ਅੱਗੇ ਜਾਣ ਦੀ ਇਜਾਜ਼ਤ ਸੀ। ਇੱਥੋਂ ਤੱਕ ਕੇ ਦੋਧੀਆਂ ਦੇ ਦੁੱਧ ਵਾਲੇ ਡਰੰਮਾਂ ਨੂੰ ਖੋਲ੍ਹ ਕੇ ਤਲਾਸ਼ੀ ਲਈ ਜਾ ਰਹੀ ਸੀ।
ਮਾਨਸਾ (ਜੋਗਿੰਦਰ ਸਿੰਘ ਮਾਨ): ਸੱਤ ਰੋਜ਼ਾ ਪੱਕੇ ਮੋਰਚੇ ਲਈ ਚੰਡੀਗੜ੍ਹ ਕੂਚ ਕਰ ਰਹੇ ਕਿਸਾਨਾਂ-ਮਜ਼ਦੂਰਾਂ ਨੂੰ ਅੱਜ ਪੰਜਾਬ ਪੁਲੀਸ ਨੇ ਕਰੀਬ 10 ਥਾਵਾਂ ’ਤੇ ਰੋਕਿਆ, ਜਿਥੇ ਕਿਸਾਨਾਂ ਨੇ ਮੋਰਚੇ ਸ਼ੁਰੂ ਕਰ ਦਿੱਤੇ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਢੈਪਈ, ਜੇਠੂਕੇ, ਬਡਬਰ, ਘਰਾਚੋਂ, ਮਹਿਮੂਦਪੁਰ, ਧਮੋਟ, ਭਲਾਈਆਣਾ, ਲਾਧੂਕਾ, ਥੋਬਾ ਅਤੇ ਮਵਾਈ ਵਿੱਚ ਸੈਂਕੜੇ ਔਰਤਾਂ ਸਮੇਤ ਕਿਸਾਨਾਂ ਦੇ ਕਾਫਲੇ ਜਬਰੀ ਰੋਕੇ ਗਏ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਸੜਕਾਂ ਦੇ ਕਿਨਾਰੇ ਮੋਰਚੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਕਈ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਛੋਟੇ ਕਾਫ਼ਲਿਆਂ ਨੂੰ ਗ੍ਰਿਫ਼ਤਾਰ ਕਰਕੇ ਥਾਣਿਆਂ ’ਚ ਡੱਕ ਦਿੱਤਾ ਗਿਆ। ਉਨ੍ਹਾਂ ਐੱਸਕੇਐੱਮ ਦੇ ਮੁੱਖ ਆਗੂਆਂ ਬਲਵੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ ਅਤੇ ਜੋਗਿੰਦਰ ਸਿੰਘ ਉਗਰਾਹਾਂ ਸਮੇਤ ਗ੍ਰਿਫਤਾਰ ਕੀਤੇ ਗਏ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੁਦ ਜਾਰੀ ਕੀਤੇ ਗਏ ਨਵੀਂ ਖੇਤੀ ਨੀਤੀ ਦੇ ਖਰੜੇ ਨੂੰ ਕਿਸਾਨਾਂ ਵੱਲੋਂ ਪ੍ਰਸਤਾਵਿਤ ਸੋਧਾਂ ਸਮੇਤ ਪਾਸ ਕਰ ਕੇ ਤੁਰੰਤ ਲਾਗੂ ਕਰਨ ਸਮੇਤ 18 ਸੂਤਰੀ ਮੰਗ ਪੱਤਰ ਵਿੱਚ ਪੰਜਾਬ ਨਾਲ਼ ਸਬੰਧਤ ਸਾਰੀਆਂ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਕੇ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਪੱਕਾ ਮੋਰਚਾ ਸਿਰਫ਼ ਪੰਜਾਬ ਸਰਕਾਰ ਦੇ ਵਿਰੁੱਧ ਹੀ ਨਹੀਂ ਹੈ ਸਗੋਂ ਸਭ ਤੋਂ ਪਹਿਲੀ ਮੰਗ ਵਿੱਚ ਖੇਤੀ ਮੰਡੀ ਨੀਤੀ ਖਰੜੇ ਨੂੰ ਖੁਦ ਕੇਂਦਰ ਸਰਕਾਰ ਵੱਲੋਂ ਰੱਦ ਕਰਨ ਸਮੇਤ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਜੇਤੂ ਦਿੱਲੀ ਮੋਰਚੇ ਸਮੇਂ ਮੰਨੀਆਂ ਮੰਗਾਂ ਲਾਗੂ ਕਰਵਾਉਣਾ ਵੀ ਸ਼ਾਮਲ ਹਨ। ਉਨ੍ਹਾਂ ਐਲਾਨ ਕੀਤਾ ਕਿ ਐੱਸ ਕੇ ਐੱਮ ਦੀ ਸੂਬਾਈ ਤਾਲਮੇਲ ਕਮੇਟੀ ਦੇ ਅਗਲੇ ਫ਼ੈਸਲੇ ਤੱਕ ਮੋਰਚਾ ਬਾਦਸਤੂਰ ਜਾਰੀ ਰਹੇਗਾ।

ਜ਼ੀਰਾ (ਪੱਤਰ ਪ੍ਰੇਰਕ): ਸੰਯੁਕਤ ਮੋਰਚੇ ਦੇ ਸੱਦੇ ’ਤੇ ਚੰਡੀਗੜ੍ਹ ’ਚ ਪੱਕਾ ਮੋਰਚਾ ਲਾੳਣ ਲਈ ਟਰੈਕਟਰ ਟਰਾਲੀਆਂ ਅਤੇ ਗੱਡੀਆਂ ’ਤੇ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜੱਥੇ ਨੂੰ ਜ਼ੀਰਾ ਪੁਲੀਸ ਨੇ ਰੋਕ ਲਿਆ। ਰੋਹ ਵਿੱਚ ਆਏ ਜੱਥੇਬੰਦੀ ਦੇ ਆਗੂਆਂ ਨੇ ਜ਼ੀਰਾ ਦੇ ਨੈਸ਼ਨਲ ਹਾਈਵੇ-54 ’ਤੇ ਪਿੰਡ ਮਹੀਆਂ ਵਾਲਾ ਕਲਾਂ ਨਜ਼ਦੀਕ ਰੋਸ ਧਰਨਾ ਲਾ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਗੁਰੂਹਰਸਹਾਏ (ਪੱਤਰ ਪ੍ਰੇਰਕ): ਚੰਡੀਗੜ੍ਹ ਮੋਰਚਾ ਲਾਉਣ ਜਾਂਦੇ ਕਿਸਾਨਾਂ ਨੂੰ ਪੁਲੀਸ ਨੇ ਲੱਧੂਵਾਲ ਨਹਿਰਾਂ ਦੇ ਪੁੱਲਾਂ ’ਤੇ ਨਾਕਾ ਲਾ ਕੇ ਰੋ ਲਿਆ। ਰੋਹ ਵਿਚ ਆਏ ਕਿਸਾਨਾਂ ਨੇ ਸੜਕ ਕਿਨਾਰੇ ਧਰਨਾ ਲਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ, ਸਕੱਤਰ ਮਨਦੀਪ ਸਿੰਘ, ਔਰਤ ਵਿੰਗ ਦੇ ਕਨਵੀਨਰ ਰਾਜ ਕੌਰ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਜਗਸੀਰ ਸਿੰਘ, ਬਲਾਕ ਪ੍ਰਧਾਨ ਪਿੱਪਲ ਸਿੰਘ, ਅੰਗਰੇਜ਼ ਸਿੰਘ ਤੰਬੂ ਵਾਲਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਦਾ ਇਹ ਜਾਬਰ ਰਵੱਈਆ ਔਰੰਗਜ਼ੇਬ ਦੇ ਰਾਜ ਦੀ ਯਾਦ ਦਿਵਾਉਂਦਾ ਹੈ।
ਸ਼ਹਿਣਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਬਲਾਕ ਸ਼ਹਿਣਾ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਪ੍ਰਸ਼ਾਸਨ ਨੇ ਇਹ ਕਦਮ ਕਿਸਾਨਾਂ ਦੇ ਚੰਡੀਗੜ੍ਹ ਧਰਨੇ ’ਚ ਕਿਸਾਨਾਂ ਦੀ ਸਮੂਲੀਅਤ ਰੋਕਣ ਲਈ ਚੁੱਕਿਆ ਹੈ। ਕਿਸਾਨਾਂ ਨੇ ਪੁਲੀਸ ਕਾਰਵਾਈ ਦੀ ਨਿਖੇਧੀ ਕੀਤੀ।
ਤਪਾ ਮੰਡੀ (ਪੱਤਰ ਪ੍ਰੇਰਕ): ਕਿਸਾਨ ਬੀਬੀਆਂ ਨੂੰ ਚੰਡੀਗੜ੍ਹ ਜਾਣੋਂ ਰੋਕਣ ’ਤੇ ਉਨ੍ਹਾਂ ਤਪਾ ’ਚ ਧਰਨਾ ਲਾ ਦਿੱਤਾ। ਕਿਸਾਨਾਂ ਨੂੰ ਰੋਕਣ ਲਈ ਵੱਡੀ ਗਿਣਤੀ ਪੁਲੀਸ ਤਾਇਨਾਤ ਸੀ। ਚੰਡੀਗੜ੍ਹ ਜਾਣ ਲਈ ਕਿਸਾਨ ਜਦੋਂ ਤਪਾ ਨੇੜੇ ਪੁੱਜੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਨਾਕੇ ’ਤੇ ਹੀ ਰੋਕ ਲਿਆ।
ਸਰਕਾਰ ਨੂੰ ਕਿਸਾਨਾਂ ’ਤੇ ਕੀਤੇ ਜ਼ੁਲਮਾਂ ਦਾ ਹਿਸਾਬ ਲੋਕਾਂ ਦੀ ਕਚਹਿਰੀ ਦੇਣਾ ਪਵੇਗਾ: ਸੁਖਦੇਵ ਕੋਕਰੀ

ਬਰਨਾਲਾ/ਧਨੌਲਾ (ਰਵਿੰਦਰ ਰਵੀ): ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਕਿਸਾਨਾਂ ਨੂੰ ਚੰਡੀਗੜ੍ਹ ਮੋਰਚੇ ’ਚ ਸ਼ਾਮਲ ਹੋਣ ਤੋਂ ਰੋਕਣ ਲਈ ਪੁਲੀਸ ਨੇ ਵਿਸ਼ੇਸ਼ ਨਾਕੇ ਲਾ ਕੇ ਬਡਬਰ ਟੌਲ ਪਲਾਜ਼ਾ ਕੋਲ ਹੀ ਰੋਕ ਲਿਆ। ਕਿਸਾਨਾਂ ਨੇ ਸੜਕ ਕਿਨਾਰੇ ਹੀ ਧਰਨਾ ਲਾਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਕਿਯੂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਗ੍ਰਿਫ਼ਤਾਰੀ ਨੂੰ ਤਾਨਾਸ਼ਾਹੀ ਵਤੀਰਾ ਦੱਸਦਿਆ ਜੱਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਸੂਬੇ ’ਚ ‘ਆਪ’ ਸਰਕਾਰ ਵੀ ਕੇਂਦਰ ਦੀ ਭਾਜਪਾ ਸਰਕਾਰ ਵਾਂਗ ਕਿਸਾਨਾਂ ਵਿਰੁੱਧ ਕੰਮ ਕਰ ਰਹੀ ਹੈ। ਮਾਨ ਸਰਕਾਰ ਵੱਲੋਂ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਚੰਡੀਗੜ੍ਹ ਧਰਨਾ ਦੇਣ ਜਾ ਰਹੇ ਕਿਸਾਨਾਂ ’ਤੇ ਜ਼ੁਲਮ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨਾਲ ਇੱਕ ਮਹੀਨੇ ਅੰਦਰ ਨਵੀਂ ਖੇਤੀ ਨੀਤੀ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਆਪਣੇ ਵਾਅਦੇ ਤੋਂ ਭੱਜ ਰਹੇ ਹਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਭਰੇ ਲਹਿਜ਼ੇ ’ਚ ਕਿਹਾ ਕਿ ਕਿਸਾਨਾਂ ’ਤੇ ਕੀਤੇ ਜ਼ੁਲਮ ਦਾ ਹਿਸਾਬ ਲੋਕਾਂ ਦੀ ਕਚਹਿਰੀ ’ਚ ਦੇਣਾ ਪਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਬਲੌਰ ਸਿੰਘ ਛੰਨਾ, ਅਮਰਜੀਤ ਸਿੰਘ ਸੈਦੋਕੇ ਜਰਨੈਲ ਸਿੰਘ ਬਦਰਾ, ਜ਼ਿਲ੍ਹਾ ਕਨਵੀਨਰ ਰਜਿੰਦਰ ਸਿੰਘ ਤੇ ਹੋਰ ਹਾਜ਼ਰ ਸਨ।