For the best experience, open
https://m.punjabitribuneonline.com
on your mobile browser.
Advertisement

ਕਿਸਾਨ ਸੰਘਰਸ਼: ਹਰਿਆਣਾ ਚੋਣਾਂ ਵਿੱਚ ਕਿਸਾਨਾਂ ਨੂੰ ਭਾਜਪਾ ਖ਼ਿਲਾਫ਼ ਲੋਕ ਸਭਾ ਚੋਣਾਂ ਤੋਂ ਬਿਹਤਰ ਨਤੀਜਿਆਂ ਦੀ ਆਸ

08:13 AM Aug 19, 2024 IST
ਕਿਸਾਨ ਸੰਘਰਸ਼  ਹਰਿਆਣਾ ਚੋਣਾਂ ਵਿੱਚ ਕਿਸਾਨਾਂ ਨੂੰ ਭਾਜਪਾ ਖ਼ਿਲਾਫ਼ ਲੋਕ ਸਭਾ ਚੋਣਾਂ ਤੋਂ ਬਿਹਤਰ ਨਤੀਜਿਆਂ ਦੀ ਆਸ
Advertisement

ਨਵੀਂ ਦਿੱਲੀ, 18 ਅਗਸਤ
ਕਿਸਾਨ ਇਸ ਵੇਲੇ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ’ਤੇ ਕੇਂਦਰ ਤੇ ਹਰਿਆਣਾ ਦੀ ਭਾਜਪਾ ਸਰਕਾਰ ਖ਼ਿਲਾਫ਼ ਡਟੇ ਹੋਏ ਹਨ। ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਆ ਗਈਆਂ ਹਨ ਤੇ ਕਿਸਾਨਾਂ ਦੇ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਕਿਸਾਨ ਜਥੇਬੰਦੀਆਂ ਇਕ ਵਾਰ ਮੁੜ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਵਿਰੋਧ ਕਰ ਰਹੀਆਂ ਹਨ। ਇਸ ਵੇਲੇ ਕਿਸਾਨ ਜਥੇਬੰਦੀਆਂ ਆਪਣੇ ਮਸਲੇ ਅਤੇ ਲੰਬਿਤ ਮੰਗਾਂ ਬਾਰੇ ਜਾਗਰੂਕ ਕਰਨ ਲਈ ਮਹਾਪੰਚਾਇਤਾਂ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਹਰਿਆਣਾ 2020-21 ਦੇ ਰੱਦ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦਾ ਪ੍ਰਮੁੱਖ ਕੇਂਦਰ ਸੀ। ਇਹ ਰੋਸ ਮੁਜ਼ਾਹਰਾ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕੀਤਾ ਗਿਆ ਸੀ ਜੋ ਬਾਅਦ ਵਿੱਚ ਦੋਫਾੜ ਹੋ ਗਿਆ।
ਇਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਬਣਾਇਆ ਗਿਆ ਜੋ ਕਿਸਾਨ ਮਜ਼ਦੂਰ ਮੋਰਚੇ ਨਾਲ ਮਿਲ ਕੇ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਹੱਦ ’ਤੇ ਮੋਰਚਿਆਂ ਦੀ ਅਗਵਾਈ ਕਰ ਰਿਹਾ ਹੈ। ਇਹ ਦੋਵੇਂ ਧੜੇ ਸੱਤਾਧਾਰੀ ਭਾਜਪਾ ਦੇ ਵਿਰੋਧੀ ਹਨ ਅਤੇ ਇਨ੍ਹਾਂ ਦੀਆਂ ਮੰਗਾਂ ਵੀ ਇੱਕੋ ਜਿਹੀਆਂ ਹਨ। ਕਿਸਾਨ ਆਗੂ ਅਭਿਮੰਨਿਊ ਕੋਹਾੜ ਨੇ ਕਿਹਾ ਕਿ ਕਿਸਾਨਾਂ ਦੇ ਪ੍ਰਦਰਸ਼ਨਾਂ ਦਾ ਅਸਰ ਹਾਲੀਆ ਲੋਕ ਸਭਾ ਚੋਣਾਂ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਅਤੇ ਜੋ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ, ਉਨ੍ਹਾਂ ’ਚ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਕਿਸਾਨੀ ਮੰਗਾਂ ਬਾਰੇ ਜਾਗਰੂਕ ਕੀਤਾ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਚੋਣਾਂ ਵਿਚ ਵੀ ਭਾਜਪਾ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਖ਼ਬਰ ਏਜੰਸੀ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਪੇਂਡੂ ਖੇਤਰਾਂ ਵਿੱਚ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਵਰਗੇ ਮੁੱਦਿਆਂ ਤੋਂ ਇਲਾਵਾ ਅਗਨੀਵੀਰ ਸਕੀਮ ਅਤੇ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਫੰਡਾਂ ਵਿੱਚ ਕਟੌਤੀ ਵਰਗੇ ਮੁੱਦਿਆਂ ਬਾਰੇ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ, ‘ਅਸੀਂ ਛੋਟੀਆਂ ਨੁੱਕੜ ਮੀਟਿੰਗਾਂ ਕਰ ਰਹੇ ਹਾਂ ਜਿੱਥੇ ਅਸੀਂ ਘਟਨਾਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਦਿਖਾ ਰਹੇ ਹਾਂ, ਜਲਦੀ ਹੀ ਇੱਕ ‘ਵੀਡੀਓ ਵੈਨ’ ਵੀ ਸ਼ੁਰੂ ਕੀਤੀ ਜਾਵੇਗੀ।’ ਉਨ੍ਹਾਂ ਕਿਹਾ ਕਿ 15 ਸਤੰਬਰ ਨੂੰ ਜੀਂਦ ਦੀ ਉਚਾਣਾ ਮੰਡੀ ਤੇ 22 ਸਤੰਬਰ ਨੂੰ ਕੁਰੂਕਸ਼ੇਤਰ ਦੇ ਪਿੱਪਲੀ ’ਚ ਮਹਾਪੰਚਾਇਤ ਹੋਵੇਗੀ। ਕੁੱਲ ਹਿੰਦ ਕਿਸਾਨ ਸਭਾ ਹਰਿਆਣਾ ਦੇ ਸਕੱਤਰ ਸੁਮੀਤ ਸਿੰਘ ਨੇ ਕਿਹਾ ਕਿ ਦਿਹਾਤੀ ਖੇਤਰਾਂ ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਕਿਸਾਨੀ ਮੁੱਦੇ ਹਾਵੀ ਹੋਣਗੇ। -ਪੀਟੀਆਈ

ਕਿਸਾਨ ਆਪਣੀ ਵੋਟ ਦੀ ਤਾਕਤ ਪਛਾਣਨ: ਚੜੂਨੀ

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ, ‘ਲੋਕ ਭਾਜਪਾ ਖ਼ਿਲਾਫ਼ ਹਨ ਪਰ ਚੋਣਾਂ ਵੇਲੇ ਵੋਟਾਂ ਵੰਡੀਆਂ ਜਾ ਸਕਦੀਆਂ ਹਨ, ਇਹ ਕਾਂਗਰਸ ਦਾ ਕਸੂਰ ਹੈ। ਉਨ੍ਹਾਂ ਨੂੰ ਸਾਡੇ ਨਾਲ ਗੱਠਜੋੜ ਕਰਨਾ ਚਾਹੀਦਾ ਸੀ।’ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਵੋਟ ਦੀ ਤਾਕਤ ਪਛਾਣਨੀ ਚਾਹੀਦੀ ਹੈ। ਉਹ ਕਿਸਾਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਸਾਨੀ ਮੰਗਾਂ ਮੰਨਣ ਲਈ ਪ੍ਰਸ਼ਾਸਨ ਵਿੱਚ ਉਨ੍ਹਾਂ ਦੀ ਸਿੱਧੀ ਭਾਗੀਦਾਰੀ ਮਹੱਤਵਪੂਰਨ ਹੈ।

Advertisement

ਸੰਘਰਸ਼ ਦੇ 200ਵੇਂ ਦਿਨ ’ਤੇ ਲੇਖਾ-ਜੋਖਾ ਕਰਨਗੇ ਕਿਸਾਨ

ਪਟਿਆਲਾ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸ਼ੰਭੂ ਤੇ ਖਨੌਰੀ ਬਾਰਡਰ ’ਤੇ 31 ਅਗਸਤ ਨੂੰ ਹਜ਼ਾਰਾਂ ਕਿਸਾਨ ਇਕੱਠੇ ਹੋਣਗੇ ਤੇ ਮੋਰਚੇ ਦੇ 200 ਦਿਨ ਪੂਰੇ ਹੋਣ ’ਤੇ ਲੇਖਾ-ਜੋਖਾ ਕਰਨਗੇ। ਉਨ੍ਹਾਂ ਕਿਹਾ ਕਿ ਅਜੇ ਤੱਕ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਵੱਲ ਇੱਕ ਵੀ ਕਦਮ ਨਹੀਂ ਚੁੱਕਿਆ ਪਰ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਭਲੇ ਲਈ ਕੰਮ ਕਰਨ ਦੇ ਦਾਅਵੇ ਕਰ ਰਹੇ ਹਨ ਜੋ ਕੋਰਾ ਝੂਠ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 31 ਅਗਸਤ ਨੂੰ ਪੰਜਾਬ, ਹਰਿਆਣਾ ਤੇ ਪੂਰੇ ਭਾਰਤ ਵਿਚੋਂ ਹਜ਼ਾਰਾਂ ਕਿਸਾਨ ਖਨੌਰੀ ਤੇ ਸ਼ੰਭੂ ਬਾਰਡਰ ’ਤੇ ਪੁੱਜਣਗੇ ਤੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਹੋ ਰਹੀਆਂ ਚੋਣਾਂ ਵਿਚ ਭਾਜਪਾ ਦਾ ਵਿਰੋਧ ਕਰਨ ਬਾਰੇ ਵੀ 31 ਅਗਸਤ ਨੂੰ ਹੀ ਫ਼ੈਸਲਾ ਹੋਵੇਗਾ।

Advertisement
Author Image

sukhwinder singh

View all posts

Advertisement
×