ਅਜੀਤਵਾਲ ਵਿੱਚ ਕਿਸਾਨਾਂ ਵੱਲੋਂ ਰੇਲ ਲਾਈਨਾਂ ’ਤੇ ਧਰਨਾ
ਗੁਰਪ੍ਰੀਤ ਦੌਧਰ
ਅਜੀਤਵਾਲ, 13 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅਜੀਤਵਾਲ ਰੇਲਵੇ ਸਟੇਸ਼ਨ ਤੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸੈਦੋਕੇ ਦੀ ਪ੍ਰਧਾਨਗੀ ਹੇਠ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਤੇ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਨੇ ਕਿਹਾ ਕਿ ਇੱਕ ਸਮਾਂ ਉਹ ਸੀ ਜਦੋਂ ਭਾਰਤ ਸਰਕਾਰ ਅਮਰੀਕਾ ਤੋਂ ਪੀਐਲ 480 ਸਮਝੌਤੇ ਅਧੀਨ ਪੀਵੀ 18 ਲਾਲ ਰੰਗ ਦੀ ਕਣਕ ਮੰਗਵਾਉਂਦੀ ਸੀ ਫਿਰ ਹਰੇ ਇਨਕਲਾਬ ਦਾ ਦੌਰ ਸ਼ੁਰੂ ਹੋਇਆ ਤਾਂ ਪੰਜਾਬ ਦੇ ਕਿਸਾਨਾਂ ਨੇ ਦੋ ਤਿੰਨ ਸਾਲ ਵਿੱਚ ਹੀ ਅੰਨ ਸੰਕਟ ਨੂੰ ਦੂਰ ਕਰਕੇ ਦੇਸ਼ ਨੂੰ ਸਿਰਫ ਆਤਮ ਨਿਰਭਰ ਹੀ ਨਹੀਂ ਬਣਾਇਆ ਸਗੋਂ ਦੇਸ਼ ਅਨਾਜ ਬਾਹਰ ਭੇਜਣ ਦੇ ਸਮਰੱਥ ਵੀ ਹੋਇਆ। ਹੁਣ ਅਨਾਜ ਦੇ ਅੰਬਾਰ ਲੱਗੇ ਹੋਏ ਹਨ ਸਾਰੇ ਸਟੋਰ ਕਣਕ ਤੇ ਚੌਲਾਂ ਨਾਲ ਭਰੇ ਹੋਏ ਹਨ ਪਰ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਸਟੋਰ ਖਾਲੀ ਨਹੀਂ ਹੋ ਰਹੇ। 1 ਅਕਤੂਬਰ ਤੋਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋਈ ਸੀ ਪਰ ਅਜੇ ਤੱਕ ਇੱਕਾ ਦੁੱਕਾ ਮੰਡੀਆਂ ਤੋਂ ਬਿਨਾਂ ਖਰੀਦ ਸ਼ੁਰੂ ਨਹੀਂ ਕੀਤੀ ਗਈ ਜਿਸ ਕਰਕੇ ਮੰਡੀਆਂ ਝੋਨੇ ਨਾਲ ਭਰੀਆਂ ਪਈਆਂ ਹਨ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ ਸਰਕਾਰ ਖਰੀਦ ਦੇ ਝੂਠੇ ਲਾਰੇ ਲਾ ਕੇ ਡੰਗ ਟਪਾਈ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚੋਂ ਝੋਨੇ ਦੀ ਖਰੀਦ ਤੇ ਚੁਕਾਈ ਦੇ ਤੁਰੰਤ ਠੀਕ ਪ੍ਰਬੰਧ ਕੀਤੇ ਜਾਣ ਆਗੂਆਂ ਨੇ ਇਹ ਵੀ ਕਿਹਾ ਕਿ ਕਣਕ ਦੀ ਬਜਾਈ ਸਿਰ ਤੇ ਹੈ ਪਰ ਕਿਸਾਨਾਂ ਨੂੰ ਡੀਏਪੀ ਖਾਦ ਨਹੀਂ ਮਿਲ ਰਹੇ। ਜੇਕਰ ਕੇਂਦਰ ਤੇ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਅੱਜ ਦੇ ਧਰਨੇ ਨੂੰ ਉਪਰੋਕਤ ਤੋਂ ਬਿਨਾਂ ਗੁਰਦੇਵ ਸਿੰਘ ਕਿਸ਼ਨਪੁਰਾ ,ਜਗਜੀਤ ਸਿੰਘ ਮੱਦੋਕੇ, ਜਗਜੀਤ ਸਿੰਘ ਕੋਕਰੀ ਕਲਾਂ, ਗੁਰਦਾਸ ਸਿੰਘ ਸੇਖਾ ਕਲਾਂ ,ਅਜੀਤ ਸਿੰਘ ਡੇਮਰੂ ,ਗੁਰਚਰਨ ਸਿੰਘ ਰਾਮਾ, ਬੂਟਾ ਸਿੰਘ ਭਾਗੀਕੇ, ਇਕਬਾਲ ਸਿੰਘ ਸਿੰਘਾਂਵਾਲਾ, ਜਸਵਿੰਦਰ ਸਿੰਘ ਤੇ ਲਖਬੀਰ ਸਿੰਘ ਚੜਿੱਕ ਨੇ ਸੰਬੋਧਨ ਕੀਤਾ।