ਕਿਸਾਨਾਂ ਨੇ ਰੇਲ ਆਵਾਜਾਈ ਰੋਕੀ
ਗੁਰਬਖਸ਼ਪੁਰੀ
ਤਰਨ ਤਾਰਨ, 15 ਫਰਵਰੀ
ਦਿੱਲੀ ਚੱਲੋ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਜਾ ਰਹੇ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਹਰਿਆਣਾ ਪੁਲੀਸ ਤੇ ਸੁਰੱਖਿਆ ਬਲਾਂ ਵੱਲੋਂ ਰੋਕ ਕੇ ਉਨ੍ਹਾਂ ਉਪਰ ਤਸ਼ਦੱਦ ਢਾਹੁਣ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਿਤ ਜਥੇਬੰਦੀਆਂ ਨੇ ਰੇਲ ਗੱਡੀਆਂ ਦਾ ਚੱਕਾ ਜਾਮ ਕੀਤਾ ਤੇ ਟੌਲ ਪਲਾਜ਼ਿਆਂ ਤੋਂ ਵਾਹਨ ਮੁਫ਼ਤ ਲੰਘਾਏ। ਤਰਨ ਤਾਰਨ ਜ਼ਿਲ੍ਹੇ ਦੇ ਉਸਮਾਂ, ਮੰਨਣ ਅਤੇ ਭੱਗੂਪੁਰ ਟੌਲ ਪਲਾਜ਼ਿਆਂ ਨੂੰ 12 ਤੋਂ ਸ਼ਾਮ 4 ਵਜੇ ਤੱਕ ਮੁਫ਼ਤ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪਿਛਲੇ ਅੰਦੋਲਨ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਭਾਕਿਯੂ (ਏਕਤਾ-ਉਗਰਾਹਾਂ) ਵਲੋਂ ਅੱਜ ਅੰਮ੍ਰਿਤਸਰ ’ਚ ਵੱਲ੍ਹਾ ਫਾਟਕ ’ਤੇ ਧਰਨਾ ਦੇ ਕੇ ਰੇਲ ਆਵਾਜਾਈ ਰੋਕੀ ਗਈ। ਕਿਸਾਨ ਜਥੇਬੰਦੀ ਨੇ ਇਹ ਧਰਨਾ ਦਿੱਲੀ ਜਾ ਰਹੇ ਕਿਸਾਨਾਂ ’ਤੇ ਪੁਲੀਸ ਵੱਲੋਂ ਤਸ਼ੱਦਦ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਦਿੱਤਾ। ਜਥੇਬੰਦੀ ਦੇ ਪ੍ਰਧਾਨ ਕਸ਼ਮੀਰ ਸਿੰਘ ਨੇ ਦੱਸਿਆ ਕਿ ਅੱਜ ਜਥੇਬੰਦੀ ਵਲੋਂ ਅੰਮ੍ਰਿਤਸਰ ਵੱਲਾ ਫਾਟਕ ’ਤੇ ਰੇਲਾਂ ਦਾ ਚੱਕਾ ਜਾਮ ਕਰਕੇ ਲਗਪਗ 3 ਘੰਟੇ ਧਰਨਾ ਦਿੱਤਾ ਗਿਆ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਕਮੇਟੀ ਨੇ ਸ਼ਾਹਕੋਟ-ਮਲਸੀਆਂ ਦੇ ਰੇਲਵੇ ਸਟੇਸ਼ਨ ’ਤੇ ਧਰਨਾ ਦੇ ਕੇ ਰੇਲ ਗੱਡੀਆਂ ਦਾ ਚੱਕਾ ਜਾਮ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਬੱਲ, ਸਕੱਤਰ ਗੁਰਚਰਨ ਸਿੰਘ ਚਾਹਲ ਅਤੇ ਪ੍ਰੈੱਸ ਸਕੱਤਰ ਮਨਜੀਤ ਸਿੰਘ ਮਲਸੀਆਂ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਕਈ ਕਿਸਾਨ ਜਥੇਬੰਦੀਆਂ ਨੇ ਸ਼ਾਹਕੋਟ-ਮੋਗਾ ਕੌਮੀ ਮਾਰਗ ’ਤੇ ਚੱਕ ਬਾਂਹਮਣੀਆਂ ਦੇ ਟੌਲ ਪਲਾਜ਼ਾ ਤੋਂ ਵਾਹਨ ਮੁਫ਼ਤ ਲੰਘਾਏ।
ਟਾਂਡਾ (ਸੁਰਿੰਦਰ ਸਿੰਘ ਗੁਰਾਇਆ): ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਚੌਲਾਂਗ ਟੌਲ ਪਲਾਜ਼ਾ ਉਪਰ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਹਰਿਆਣਾ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ। ਇਸ ਦੌਰਾਨ ਜਥੇਬੰਦੀਆਂ ਨੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਟੌਲ ਬੰਦ ਕਰਦੇ ਹੋਏ ਵਾਹਨਾਂ ਨੂੰ ਨੂੰ ਬਗੈਰ ਪਰਚੀ ਲੰਘਵਾਇਆ। ਇਸ ਰੋਸ ਵਿਖਾਵੇ ਦੀ ਅਗਵਾਈ ਕਰਨ ਵਾਲੇ ਐੱਸਕੇਐੱਮ ਭਾਰਤ ਦੇ ਮੈਂਬਰ ਅਤੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੇ ਨਾਲ ਨਾਲ ਬੀ.ਕੇ.ਯੂ. ਕਾਦੀਆਂ ਦੇ ਅਮਰਜੀਤ ਚੌਲਾਂਗ, ਬੀ.ਕੇ.ਯੂ.ਰਾਜੇਵਾਲ ਤੋਂ ਮਨਜੀਤ ਖਾਨਪੁਰ, ਲੋਕ ਇਨਕਲਾਬ ਮੰਚ ਤੋਂ ਹਰਦੀਪ ਖੁੱਡਾ ਅਤੇ ਸਾਡਾ ਏਕਾ ਕਿਸਾਨ ਜਥੇਬੰਦੀ ਦੇ ਆਗੂ ਅਵਤਾਰ ਸਿੰਘ ਸੇਖੋਂ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ): ਇਥੋਂ ਨਜ਼ਦੀਕੀ ਨਿੱਜ਼ਰਪੁਰਾ ਟੌਲ ਪਲਾਜ਼ਾ ਸੰਯੁਕਤ ਮੋਰਚੇ ਦੇ ਸੱਦੇ ’ਤੇ ਟੌਲ ਮੁਕਤ ਕੀਤਾ ਗਿਆ। ਇਸ ਮੌਕੇ ਹੋਏ ਮੋਰਚੇ ਦੇ ਆਗੂਆਂ ਰਤਨ ਸਿੰਘ ਰੰਧਾਵਾ, ਜਤਿੰਦਰ ਸਿੰਘ ਛੀਨਾ, ਲਖਬੀਰ ਸਿੰਘ ਨਿਜਾਮਪੁਰਾ ਤੇ ਨਿਸ਼ਾਨ ਸਿੰਘ ਸਾਂਘਣਾ ਨੇ ਕਿਹਾ ਕਿਹਾ ਕਿ ਕਿਸਾਨਾਂ ਉੱਤੇ ਹਰਿਆਣਾ ਪੁਲੀਸ ਵੱਲੋਂ ਬੈਰੀਕੇਡ ਅਤੇ ਹੋਰ ਰੋਕਾਂ ਲਗਾ ਰਸਤੇ ਰੋਕਣ, ਅੱਥਰੂ ਗੈਸ ਦੇ ਗੋਲੇ ਸੁੱਟਣ ਅਤੇ ਤਸ਼ੱਦਦ ਕਰਨਾ ਨਿੰਦਣਯੋਗ ਹੈ।
ਅਟਾਰੀ (ਦਿਲਬਾਗ ਸਿੰਘ ਗਿੱਲ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ, ਜਮਹੂਰੀ ਕਿਸਾਨ ਸਭਾ ਪੰਜਾਬ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ 11 ਤੋਂ 3 ਵਜੇ ਤੱਕ ਛਿੱਡਣ ਟੌਲ ਪਲਾਜ਼ਾ ਬੰਦ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਰਣਜੀਤ ਸਿੰਘ ਮੁਹਾਰ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਨਿਰਮਲ ਸਿੰਘ ਮੋਦੇ ਨੇ ਸੰਬੋਧਨ ਕੀਤਾ।
ਪਠਾਨਕੋਟ (ਐਨ.ਪੀ ਧਵਨ): ਅੱਜ ਪਠਾਨਕੋਟ-ਗੁਰਦਾਸਪੁਰ ਰੋਡ ਤੇ ਸੰਯੁਕਤ ਕਿਸਾਨ ਮੋਰਚੇ ਨੇ ਟੌਲ ਪਲਾਜ਼ਾ ਲਦਪਾਲਵਾਂ ’ਤੇ ਧਰਨਾ ਦੇ ਕੇ ਟੌਲ ਤੋਂ ਵਾਹਨ ਮੁਫ਼ਤ ਲੰਘਾਏ। ਧਰਨੇ ਦੀ ਅਗਵਾਈ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਪ੍ਰੇਮ ਸਿੰਘ, ਕੇਵਲ ਕਾਲੀਆ, ਜਮਹੂਰੀ ਕਿਸਾਨ ਸਭਾ ਵੱਲੋਂ ਬਲਵੰਤ ਘੋਹ, ਰਘਬੀਰ ਧਲੋਰੀਆ ਬਲਦੇਵ ਰਾਜ ਤੇ ਮੱਖਣ ਕੁਹਾੜ ਤੇ ਕਿਰਤੀ ਕਿਸਾਨ ਪਰਮਜੀਤ ਨੇ ਕੀਤੀ।
ਮੁਕੇਰੀਆਂ (ਜਗਜੀਤ ਸਿੰਘ): ਸੰਯੁਕਤ ਕਿਸਾਨ ਮੋਰਚੇ ਵਲੋਂ ਟੌਲ ਪਲਾਜ਼ਾ ਬੰਦ ਕਰਨ ਦੇ ਸੱਦੇ ’ਤੇ ਸਥਾਨਕ ਕਿਸਾਨ ਜਥੇਬੰਦੀਆਂ ਵੱਲੋਂ ਹਰਸੇ ਮਾਨਸਰ ਟੌਲ ਪਲਾਜ਼ਾ 2 ਵਜੇ ਤੱਕ ਬੰਦ ਰੱਖਿਆ ਗਿਆ ਅਤੇ ਆਵਾਜਾਈ ਮੁਫ਼ਤ ਲੰਘਾਈ ਗਈ। ਪ੍ਰਦਰਸ਼ਨ ਦੀ ਅਗਵਾਈ 6 ਕਿਸਾਨ ਯੂਨੀਅਨਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਡਾ. ਜਤਿੰਦਰ ਕਾਲੜਾ, ਜਮਹੂਰੀ ਕਿਸਾਨ ਸਭਾ ਦੇ ਆਗੂ ਤਰਲੋਕ ਸਿੰਘ, ਦੋਆਬਾ ਕਿਸਾਨ ਕਮੇਟੀ ਦੇ ਅਵਤਾਰ ਸਿੰਘ ਬੌਬੀ, ਪੰਜਾਬ ਕਿਸਾਨ ਯੂਨੀਅਨ ਦੇ ਅਸ਼ੋਕ ਮਹਾਜਨ, ਪੱਗੜ੍ਹੀ ਸੰਭਾਲ ਜੱਟਾ ਦੇ ਸੌਰਵ ਮਨਹਾਸ ਨੇ ਕੀਤੀ।
ਕਿਸਾਨਾਂ ਵੱਲੋਂ ਕੱਥੂਨੰਗਲ ਟੌਲ ਪਲਾਜ਼ਾ ’ਤੇ ਮੁਜ਼ਾਹਰਾ
ਜੈਂਤੀਪੁਰ (ਜਗਤਾਰ ਸਿੰਘ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਵੱਲੋਂ ਕੱਥੂਨੰਗਲ ਟੌਲ ਪਲਾਜ਼ਾ ’ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਕਿਸਾਨ ਆਗੂ ਬਲਕਾਰ ਸਿੰਘ ਦੁਧਾਲਾ, ਸੁੱਚਾ ਸਿੰਘ ਵੇਗੇਵਾਲ ਤੇ ਬਲਬੀਰ ਸਿੰਘ ਮੂਧਲ ਆਦਿ ਨੇ ਕੀਤੀ। ਇਸ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ’ਤੇ ਢਾਹੇ ਜਾ ਰਹੇ ਤਸ਼ੱਦਦ ਦੀ ਨਿੰਦਾ ਕੀਤੀ। ਇਸ ਮੌਕੇ ਹਰਭਜਨ ਸਿੰਘ ਟਰਪਈ, ਕਰਮ ਸਿੰਘ ਚੰਡੇ ਤੇ ਅਮਰੀਕ ਸਿੰਘ ਸੰਗਤਪੁਰਾ ਆਦਿ ਹਾਜ਼ਰ ਸਨ।