ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਕੌਮੀ ਮਾਰਗ ’ਤੇ ਆਵਾਜਾਈ ਰੋਕੀ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 14 ਨਵੰਬਰ
ਮੁੱਖ ਮੰਤਰੀ ਭਗਵੰਤ ਮਾਨ ਮੰਡੀਆਂ ’ਚੋਂ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਚੁੱਕਣ ਦੇ ਦਾਅਵੇ ਕਰਦੇ ਸਨ ਪਰ ਖੁਦ ਉਨ੍ਹਾਂ ਦੇ ਜ਼ਿਲ੍ਹੇ ਦੀਆਂ ਮੰਡੀਆਂ ਦਾ ਇਹ ਹਾਲ ਹੈ ਕਿ 15-15 ਦਿਨਾਂ ਤੋਂ ਕਿਸਾਨ ਮੰਡੀਆਂ ’ਚ ਫਸਲ ਵੇਚਣ ਲਈ ਬੈਠੇ ਹਨ।
ਫ਼ਸਲ ਦੀ ਖਰੀਦ ਨਾ ਹੋਣ ਅਤੇ ਮੰਡੀਆਂ ਵਿੱਚ ਕਿਸਾਨਾਂ ਦੀ ਵੱਡੇ ਪੱਧਰ ’ਤੇ ਹੋ ਰਹੀ ਲੁੱਟ ਤੋਂ ਤੰਗ ਆ ਕੇ ਅੱਜ ਵੱਡੀ ਗਿਣਤੀ ਕਿਸਾਨਾਂ ਨੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਪੈਂਦੇ ਪਿੰਡ ਬਹਾਦਰਪੁਰ ਵਿੱਚ ਇਕ ਘੰਟੇ ਦੇ ਕਰੀਬ ਚੱਕਾ ਜਾਮ ਕਰ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਤੇ ਸੀਨੀਅਰ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਆਗੂਆਂ ਨੇ ਐਲਾਨ ਕੀਤਾ ਜੇਕਰ ਫ਼ਸਲ ਦੀ ਖਰੀਦ ਸਬੰਧੀ ਇਸੇ ਤਰ੍ਹਾਂ ਢਿੱਲ ਮੱਠ ਰਹੀ ਤਾਂ ਕੱਲ੍ਹ ਤੋਂ ਬਾਅਦ ਮੰਡੀਆਂ ਵਿੱਚ ਭਗਵੰਤ ਮਾਨ ਦੇ ਵੱਡ ਅਕਾਰੀ ਪੁਤਲੇ ਬਣਾ ਕੇ ਉਨ੍ਹਾਂ ’ਤੇ ਜੁੱਤੀਆਂ ਦੇ ਹਾਰ ਪਾਏ ਜਾਣਗੇ ਅਤੇ ਉਸ ਤੋਂ ਬਾਅਦ ਬਾਕੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਅਗਲਾ ਸੰਘਰਸ਼ ਉਲੀਕਿਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਆਪ ਨੂੰ ਲਾਵਾਰਸ ਮਹਿਸੂਸ ਕਰ ਰਹੇ ਹਨ ਕਿਉਂਕਿ ਮੁੱਖ ਮੰਤਰੀ ਵੋਟਾਂ ਮੰਗਣ ਵਿੱਚ ਮਸਰੂਫ ਹਨ।
ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ, ਮਾਰਕਫੈਡ ਦੇ ਜ਼ਿਲ੍ਹਾ ਮੈਨੇਜਰ ਅਤੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਨਾਲ ਹੋਈ ਮੀਟਿੰਗ ਵਿੱਚ ਉਨ੍ਹਾਂ ਭਰੋਸਾ ਦਿੱਤਾ ਕਿ ਫ਼ਸਲ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ ਤੇ ਅੱਜ ਹੀ ਇਸ ਸਬੰਧੀ ਸ਼ੈਲਰ ਮਾਲਕਾਂ ਤੇ ਖਰੀਦ ਏਜੰਸੀ ਦੇ ਅਧਿਕਾਰੀਆਂ ਨੂੰ ਹਦਾਇਤਾਂ ਕਰ ਦਿੱਤੀਆਂ ਹਨ ਕਿ ਉਹ ਮਾਮਲੇ ਦਾ ਕਿਸਾਨ ਪੱਖੀ ਹੱਲ ਕਰਨ ਅਤੇ ਸਹੀ ਖਰੀਦ ਯਕੀਨੀ ਬਣਾਉਣ। ਅੱਜ ਦੇ ਧਰਨੇ ਨੂੰ ਬੀਕੇਯੂ ਡਕੌਂਦਾ ਧਨੇਰ ਵੱਲੋਂ ਵੀ ਹਮਾਇਤ ਦਿੱਤੀ ਗਈ ਅਤੇ ਜ਼ਿਲ੍ਹਾ ਸਕੱਤਰ ਜਗਤਾਰ ਸਿੰਘ ਦੁੱਗਾਂ, ਜ਼ਿਲ੍ਹਾ ਆਗੂ ਬਹਾਦਰ ਸਿੰਘ ਦੁੱਗਾਂ ਨੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਉੱਭਾਵਾਲ, ਕਰਮਜੀਤ ਸਿੰਘ ਸਤੀਪੁਰਾ, ਇਕਾਈ ਬਹਾਦਰਪੁਰ ਦੇ ਆਗੂ ਸਤਵਿੰਦਰ ਸਿੰਘ, ਸਕੱਤਰ ਧਰਮ ਸਿੰਘ, ਯੂਥ ਵਿੰਗ ਦੇ ਆਗੂ ਬਿੰਟਾ ਸਿੰਘ, ਅੰਮ੍ਰਿਤ ਸਿੰਘ, ਜੁਝਾਰ ਸਿੰਘ ਬਡਰੁੱਖਾਂ, ਬਲਜੀਤ ਸਿੰਘ ਦੁੱਗਾਂ, ਹਰਦੇਵ ਸਿੰਘ ਦੁੱਲਟ, ਭੋਲਾ ਸਿੰਘ ਪਨਾਂਚ ਸਮੇਤ ਕਈ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।
ਪ੍ਰਸ਼ਾਸਨ ਵੱਲੋਂ ਬਿਨਾਂ ਕੱਟ ਖਰੀਦ ਦਾ ਭਰੋਸਾ
ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਮੌਕੇ ’ਤੇ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਨੇ ਆ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਮੰਡੀਆਂ ਵਿੱਚ ਖੱਜਲ ਨਹੀਂ ਹੋਣਾ ਪਵੇਗਾ ਅਤੇ ਸੈਲਰ ਮਾਲਕਾਂ ਨਾਲ ਤਾਲਮੇਲ ਕਰਕੇ ਕਿਸਾਨਾਂ ਦੀ ਬਿਨਾਂ ਕੱਟ ਤੋਂ ਫਸਲ ਖਰੀਦੀ ਜਾਵੇਗੀ। ਉਨ੍ਹਾਂ ਦੇ ਭਰੋਸੇ ’ਤੇ ਜਾਮ ਖੋਲ੍ਹਿਆ ਗਿਆ ਅਤੇ ਤੁਰੰਤ ਮੰਡੀਆਂ ਵਿੱਚ ਖਰੀਦ ਸ਼ੁਰੂ ਕਰਵਾਈ ਗਈ।