ਕਿਸਾਨਾਂ ਨੇ ਸੜਕਾਂ ਤੇ ਰੇਲ ਮਾਰਗਾਂ ’ਤੇ ਆਵਾਜਾਈ ਰੋਕੀ
ਸ਼ਗਨ ਕਟਾਰੀਆ
ਬਠਿੰਡਾ, 13 ਅਕਤੂਬਰ
ਝੋਨੇ ਦੀ ਸੁਸਤ ਸਰਕਾਰੀ ਖ਼ਰੀਦ ਨੂੰ ਦਰੁਸਤ ਕਰਵਾਉਣ ਲਈ ਕਿਸਾਨਾਂ ਨੇ ਅੱਜ 12 ਤੋਂ 3 ਵਜੇ ਤੱਕ ਅੱਜ ਰੇਲ ਅਤੇ ਸੜਕੀ ਆਵਾਜਾਈ ਠੱਪ ਰੱਖੀ। ਇਨ੍ਹਾਂ ਧਰਨਿਆਂ ਕਾਰਨ ਰੇਲਵੇ ਨੂੰ ਕੁਝ ਰੇਲਗੱਡੀਆਂ ਰੱਦ ਕਰਨੀਆਂ ਪਈਆਂ ਅਤੇ ਕਈ ਗੱਡੀਆਂ ਦੇਰੀ ਨਾਲ ਪੁੱਜੀਆਂ। ਅਜਿਹੇ ਵਿਚ ਰਾਹਗੀਰਾਂ ਨੂੰ ਆਪਣੀ ਮੰਜ਼ਿਲ ਤੱਕ ਪੁੱਜਣ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਦਾ ਹਾਲ ਬੱਸਾਂ ਦਾ ਰਿਹਾ। ਸੜਕਾਂ ’ਤੇ ਧਰਨੇ ਲੱਗੇ ਹੋਣ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਜਾਮ ’ਚ ਫਸ ਕੇ ਲੰਮਾ ਸਮਾਂ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਸੰਗਠਨਾਂ ਨੇ ਇੱਥੇ ਭਾਈ ਘਨੱਈਆ ਚੌਕ ’ਚ ਧਰਨਾ ਲਾਇਆ, ਜਿਸ ਵਿੱਚ ਸ਼ੈੱਲਰ ਮਾਲਕਾਂ ਅਤੇ ਆੜ੍ਹਤੀਆਂ ਦੇ ਕੁਝ ਕੁ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਦੋਸ਼ ਲਾਇਆ ਕਿ ਪਿਛਲੇ ਸਾਲ ਵਾਲੇ ਚੌਲ ਵੀ ਹਾਲੇ ਸ਼ੈੱਲਰਾਂ ’ਚ ਪਏ ਹਨ, ਇਸ ਕਰਕੇ ਝੋਨੇ ਦੀ ਨਵੀਂ ਫ਼ਸਲ ਰੱਖਣ ਲਈ ਥਾਂ ਨਹੀਂ ਹੈ। ਉਧਰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਇੱਥੇ ਮੁਲਤਾਨੀਆਂ ਰੋਡ ਹਵਾਈ ਪੁਲ ਦੇ ਹੇਠਾਂ ਰੇਲ ਪਟੜੀਆਂ ’ਤੇ ਧਰਨਾ ਲਾ ਕੇ ਰੇਲਵੇ ਸਟੇਸ਼ਨ ਬਠਿੰਡਾ ਜੰਕਸ਼ਨ ’ਤੇ ਆਉਣ-ਜਾਣ ਵਾਲੀਆਂ ਰੇਲਾਂ ਦਾ ਪਹੀਆ ਜਾਮ ਕਰ ਦਿੱਤਾ। ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਜੇ ਸਰਕਾਰ ਨੇ ਝੋਨੇ ਦੀ ਖਰੀਦ ਅਤੇ ਲਿਫਟਿੰਗ ਦੀ ਸਮੱਸਿਆ ਦਾ ਹੱਲ ਨਾ ਕੀਤਾ, ਤਾਂ ਆਉਂਦੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸੇ ਤਰ੍ਹਾਂ ਜੈਤੋ ਦੀ ਦਾਣਾ ਮੰਡੀ ਦੇ ਇੱਕ ਨੰਬਰ ਗੇਟ ’ਤੇ ਦਿਨੇ 12 ਤੋਂ 3 ਵਜੇ ਤੱਕ ਰੋਸ ਧਰਨਾ ਲਾਇਆ ਗਿਆ।
ਮਾਨਸਾ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਝੋਨੇ ਦੀ ਖਰੀਦ ਨਾ ਕਰਨ ਅਤੇ ਮੰਡੀਆਂ ਵਿੱਚ ਪੁਖ਼ਤਾ ਪ੍ਰਬੰਧ ਮੁਕੰਮਲ ਨਾ ਹੋਣ ਕਾਰਨ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ੀ ਲੋਕਾਂ ਵੱਲੋਂ ਭਾਰੀ ਰੋਸ ਵਜੋਂ ਮਾਨਸਾ ਅਨਾਜ ਮੰਡੀ ਦੇ ਸਾਹਮਣੇ ਲੁਧਿਆਣਾ-ਸਿਰਸਾ ਮੁੱਖ ਮਾਰਗ ’ਤੇ 12 ਤੋਂ 3 ਵਜੇ ਤੱਕ ਸੜਕੀ ਆਵਾਜਾਈ ਠੱਪ ਕੀਤੀ।
ਬਰਨਾਲਾ (ਖੇਤਰੀ ਪ੍ਰਤੀਨਿਧ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਸੂਬਾ ਪੱਧਰੀ ਸੱਦੇ ’ਤੇ ਸਥਾਨਕ ਰੇਲਵੇ ਸਟੇਸ਼ਨ ਵਿੱਚ ਬਰਨਾਲਾ-ਧੂਰੀ ਟਰੈਕ ’ਤੇ 3 ਘੰਟੇ ਲਈ ਧਰਨਾ ਲਗਾ ਕੇ ਰੇਲਾਂ ਰੋਕੀਆਂ ਗਈਆਂ। ਬੁਲਾਰਿਆਂ ਨੇ ਸਰਕਾਰ ਨੂੰ ਮੰਗਾਂ ਮੰਨਣ ਦੀ ਅਪੀਲ ਕੀਤੀ।
ਮਹਿਲ ਕਲਾਂ (ਨਿੱਜੀ ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਕਿਸਾਨਾਂ ਵੱਲੋਂ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਤਿੰਨ ਘੰਟੇ ਲਈ ਚੱਕਾ ਜਾਮ ਕਰ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਧਰਮਕੋਟ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਧਰਮਕੋਟ ਵਿੱਚ ਕਿਸਾਨਾਂ ਵੱਲੋਂ ਮੋਗਾ ਜਲੰਧਰ ਨੈਸ਼ਨਲ ਹਾਈਵੇ ’ਤੇ ਧਰਨਾ ਲਾਇਆ ਗਿਆ ਤੇ ਹਾਈਵੇ 3 ਘੰਟੇ ਲਈ ਜਾਮ ਰੱਖਿਆ ਗਿਆ।
ਬਰੇਟਾ (ਪੱਤਰ ਪੇ੍ਰਕ): ਸ਼ੈੱਲਰ ਮਾਲਕ ਆੜ੍ਹਤੀਆ ਐਸੋਸੀਏਸ਼ਨ ਗੱਲਾ ਮਜ਼ਦੂਰ ਯੂਨੀਅਨ ਮੁਨਸ਼ੀ ਮੁਨੀਮ ਯੂਨੀਅਨ ਆਦਿ ਭਰਤਰੀ ਜਥੇਬੰਦੀਆਂ ਦੇ ਸਾਂਝੇ ਸੱਦੇ ’ਤੇ ਅੱਜ ਬਰੇਟਾ ਡਰੇਨ ਦੇ ਪੁਲ ’ਤੇ 12 ਤੋਂ ਲੈ ਕੇ ਤਿੰਨ ਵਜੇ ਤੱਕ ਸੜਕੀ ਆਵਾਜਾਈ ਠੱਪ ਕੀਤੀ ਗਈ।
ਜ਼ੀਰਾ (ਪੱਤਰ ਪ੍ਰੇਰਕ): ਕਿਸਾਨਾਂ ਨੇ ਅੱਜ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ’ਤੇ ਪਿੰਡ ਲਹਿਰਾ ਰੋਹੀ ਨਜ਼ਦੀਕ ਜਾਮ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਗਈ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਕੋਟਕਪੂਰਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ ’ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰਾਂ ਨੂੰ ਚਿਤਾਵਨੀ ਦਿੰਦਿਆਂ ਕੋਟਕਪੂਰਾ ਵਿੱਚ 12 ਵਜੇ ਤੋਂ 3 ਵਜੇ ਤੱਕ ਤਿੰਨ ਘੰਟੇ ਰੇਲਾਂ ਰੋਕੀਆਂ ਗਈਆਂ।
ਸਾਦਿਕ (ਪੱਤਰ ਪ੍ਰੇਰਕ): ਕਿਸਾਨਾਂ ਵੱਲੋਂ ਸਥਾਨਕ ਚੌਕ ਵਿੱਚ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਫਿਰੋਜ਼ਪੁਰ (ਨਿੱਜੀ ਪੱਤਰ ਪੇ੍ਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਇਥੇ ਛਾਉਣੀ ਦੇ ਮੁੱਖ ਚੌਕ ਵਿਚ ਦੁਪਹਿਰ ਬਾਰਾਂ ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਜਾਮ ਲਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਦੀਆਂ ਮੰਗਾਂ ਹਨ ਕਿ ਉਨ੍ਹਾਂ ਦੇ ਝੋਨੇ ਦੀ ਖਰੀਦ ਸਹੀ ਤਰੀਕੇ ਨਾਲ ਹੋਵੇ, ਲਿਫ਼ਟਿੰਗ ਸਮੇਂ ਸਿਰ ਹੋਵੇ ਅਤੇ ਅਦਾਇਗੀ ਵੀ ਬਿਨਾਂ ਦੇਰੀ ਕੀਤੀ ਜਾਵੇ।
ਪੱਖੋ ਕੈਂਚੀਆਂ (ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਵੱਲੋਂ ਅੱਜ ਬਰਨਾਲਾ-ਮੋਗਾ ਮਾਰਗ ’ਤੇ ਪਿੰਡ ਜਗਜੀਤਪੁਰਾ ਨੇੜੇ ਬੰਦ ਟੌਲ ਪਲਾਜ਼ਾ ਵਾਲੀ ਜਗ੍ਹਾ ’ਤੇ ਤਿੰਨ ਘੰਟੇ ਧਰਨਾ ਦਿੱਤਾ।
ਅਜੀਤਵਾਲ (ਪੱਤਰ ਪ੍ਰੇਰਕ): ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅਜੀਤਵਾਲ ਰੇਲਵੇ ਸਟੇਸ਼ਨ ’ਤੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸੈਦੋਕੇ ਦੀ ਪ੍ਰਧਾਨਗੀ ਹੇਠ ਰੇਲ ਲਾਈਨ ’ਤੇ ਧਰਨਾ ਦਿੱਤਾ ਗਿਆ।
ਮਾਲਵੇ ਵਿਚ ਿਕਸਾਨ ਜਥੇਬੰਦੀ ਉਗਰਾਹਾਂ ਨੇ ਕੀਤੀ ਰੇਲ ਰੋਕੋ ਸੰਘਰਸ਼ ਦੀ ਅਗਵਾਈ
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਦੀਆਂ ਮੰਡੀਆਂ ਵਿੱਚ ਰੁਲ ਰਹੇ ਝੋਨੇ ਦੀ ਪੂਰੀ ਐੱਮਐੱਸਪੀ ’ਤੇ ਖਰੀਦ ਅਤੇ ਨਾਲੋਂ-ਨਾਲ ਚੁਕਾਈ ਦੇ ਦਿਨੋ-ਦਿਨ ਵਿਗੜ ਰਹੇ ਮਸਲੇ ਦੇ ਹੱਲ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ 12 ਵਜੇ ਤੋਂ 3 ਵਜੇ ਤੱਕ ਰੇਲਵੇ ਲਾਈਨ ’ਤੇ ਧਰਨਾ ਦੇ ਕੇ ਰੇਲ ਆਵਾਜਾਈ ਠੱਪ ਕੀਤੀ ਗਈ। ਮਾਨਸਾ ਵਿਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਦਿੱਲੀ-ਫਿਰੋਜ਼ਪੁਰ ਰੇਲਵੇ ਲਾਈਨ ’ਤੇ ਕਿਸਾਨ ਗਰਜ਼ਦੇ ਰਹੇ। ਉਨ੍ਹਾਂ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਇਸ ਹੱਕੀ ਮੰਗ ਨੂੰ ਤੁਰੰਤ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਝੋਨੇ ਦੀ ਸਮੇਂ-ਸਿਰ ਖਰੀਦ ਅਤੇ ਚੁਕਾਈ ਦੀ ਗੰਭੀਰ ਬਣ ਚੁੱਕੀ ਸਮੱਸਿਆ ਦੇ ਹੱਲ ਲਈ ਵਾਰ ਵਾਰ ਕੀਤੀ ਜਾ ਰਹੀ ਮੰਗ ਨੂੰ ਦੋਵਾਂ ਸਰਕਾਰਾਂ ਵੱਲੋਂ ਨਜਰ ਅੰਦਾਜ਼ ਕੀਤਾ ਜਾ ਰਿਹਾ ਹੈ।