For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੇ ਖਰੀਦ ’ਚ ਤੇਜ਼ੀ ਲਿਆਉਣ ਲਈ ਸੜਕਾਂ ਤੇ ਰੇਲ ਮਾਰਗਾਂ ’ਤੇ ਆਵਾਜਾਈ ਰੋਕੀ

10:42 AM Oct 14, 2024 IST
ਕਿਸਾਨਾਂ ਨੇ ਖਰੀਦ ’ਚ ਤੇਜ਼ੀ ਲਿਆਉਣ ਲਈ ਸੜਕਾਂ ਤੇ ਰੇਲ ਮਾਰਗਾਂ ’ਤੇ ਆਵਾਜਾਈ ਰੋਕੀ
ਗੁਰਦਾਸਪੁਰ ਦੇ ਬੱਬਰੀ ਬਾਈਪਾਸ ’ਤੇ ਐਤਵਾਰ ਨੂੰ ਕਿਸਾਨ ਜਾਮ ਲਾ ਕੇ ਧਰਨਾ ਦਿੰਦੇ ਹੋਏ।
Advertisement

ਜਤਿੰਦਰ ਬੈਂਸ
ਗੁਰਦਾਸਪੁਰ, 13 ਅਕਤੂਬਰ
ਪੰਜਾਬ ਭਰ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਰੋਹ ਵਿੱਚ ਆਏ ਕਿਸਾਨਾਂ ਨੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਠ ਵੱੱਖ-ਵੱਖ ਥਾਵਾਂ ’ਤੇ 12 ਤੋਂ ਤਿੰਨ ਵਜੇ ਤੱਕ ਰੇਲ ਤੇ ਸੜਕੀ ਆਵਾਜਾਈ ਰੋਕੀ। ਇੱਥੇ ਕਿਸਾਨਾਂ ਨੇ ਸਥਾਨਕ ਬੱਬਰੀ ਪਾਈ ਬਾਈਪਾਸ ਵਿਖੇ ਜਾਮ ਲਾਇਆ। ਇਸ ਮੌਕੇ ਕਿਸਾਨਾਂ ਵੱਲੋਂ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਕਿਸਾਨਾਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਸਾਜ਼ਿਸ਼ ਤਹਿਤ ਅਤੇ ਪੰਜਾਬ ਸਰਕਾਰ ਦੀ ਨਕਾਮੀ ਕਾਰਨ ਚੌਲ ਮਿੱਲਾਂ ਵੱਲੋਂ ਚੌਲ ਨਾ ਚੁੱਕੇ ਜਾਣ ਕਾਰਨ ਅਤੇ ਅੱਗੋਂ ਝੋਨੇ ਦੀ ਖਰੀਦ ਸ਼ੁਰੂ ਨਾ ਕਰਨ ਦੇ ਵਿਰੋਧ ਵਿੱਚ ਚਿਤਾਵਨੀ ਵਜੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਮ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਅੱਜ ਦੇ ਪ੍ਰੋਗਰਾਮ ਦੀ ਅਗਵਾਈ ਸਾਂਝੇ ਤੌਰ ’ਤੇ ਮੰਗਤ ਸਿੰਘ ਜੀਵਨ ਚੱਕ, ਅਜੀਤ ਸਿੰਘ ਹੁੰਦਲ, ਦਿਲਬਾਗ ਸਿੰਘ ਡੋਗਰ, ਜਸਬੀਰ ਸਿੰਘ ਕੱਤੋਵਾਲ, ਹਰਦੇਵ ਸਿੰਘ, ਬਲਬੀਰ ਸਿੰਘ ਬਿੱਲਾ, ਗੁਰਪ੍ਰੀਤ ਸਿੰਘ ਅਟਵਾਲ, ਰਜਿੰਦਰ ਸਿੰਘ ਧੱਕੜ, ਤਰਲੋਕ ਸਿੰਘ ਬਹਿਰਾਮਪੁਰ, ਗੁਰਵਿੰਦਰ ਸਿੰਘ, ਸੁਰਿੰਦਰ ਸਿੰਘ ਕੋਠੇ ਨੇ ਕੀਤੀ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋਈ ਹੈ। ਕਿਸਾਨਾਂ ਤੋਂ ਦਾਣਾ ਦਾਣਾ ਫਸਲ ਦਾ ਖਰੀਦਣ ਦਾ ਦਾਅਵਾ ਕਰ ਕੇ ਵਾਅਦਾ ਕਰਨ ਵਾਲੀ ਸਰਕਾਰ ਖਾਮੋਸ਼ ਬੈਠੀ ਹੈ।
ਤਰਨ ਤਾਰਨ (ਗੁਰਬਖਸ਼ਪੁਰੀ): ਤਰਨ ਤਾਰਨ ਜ਼ਿਲ੍ਹੇ ਵਿੱਚ ਆਵਾਜਾਈ ਠੱਪ ਕਰਨ ਲਈ ਕਿਸਾਨਾਂ ਨੇ ਰਸੂਲਪੁਰ ਦੀਆਂ ਨਹਿਰਾਂ ਅਤੇ ਸਰਹੱਦੀ ਖੇਤਰ ਦੇ ਕਸਬਾ ਭਿੱਖੀਵਿੰਡ ਦੇ ਚੌਕ ਵਿੱਚ ਧਰਨੇ ਦਿੱਤੇ| ਇਨ੍ਹਾਂ ਧਰਨਿਆਂ ਵਿੱਚ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਦੇ ਪ੍ਰਤਿਨਿਧੀਆਂ ਨੇ ਵੀ ਸ਼ਮੂਲੀਅਤ ਕੀਤੀ| ਰਸੂਲਪੁਰ ਨਹਿਰਾਂ ’ਤੇ ਧਰਨਾਕਾਰੀਆਂ ਨੂੰ ਰਤਨ ਸਿੰਘ ਢੰਡ, ਅੰਮ੍ਰਿਤਪਾਲ ਸਿੰਘ ਜੌੜਾ ਤੇ ਮਨਜੀਤ ਸਿੰਘ ਬੱਗੂ ਆਦਿ ਨੇ ਸੰਬੋਧਨ ਕੀਤਾ। ਇਸ ਦੌਰਾਨ ਬੁਲਾਰਿਆਂ ਨੇ ਸ਼ੈਲਰਾਂ ਤੋਂ ਪਿਛਲੇ ਸਾਲ ਦਾ ਚੌਲ ਨਾ ਚੁੱਕਣ ਦੀ ਨਿਖੇਧੀ ਕੀਤੀ| ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਪਰ ਮੰਡੀਆਂ ਵਿੱਚ ਖਰੀਦ ਨਾ ਹੋਣ ਕਰਕੇ ਕਿਸਾਨ ਝੋਨਾ ਮੰਡੀ ਵਿੱਚ ਲੈ ਕੇ ਨਹੀਂ ਆ ਰਹੇ| ਭਿੱਖੀਵਿੰਡ ਵਿੱਚ ਧਰਨਾਕਾਰੀਆਂ ਨੂੰ ਦਲਜੀਤ ਸਿੰਘ ਦਿਆਲਪੁਰਾ, ਦਿਲਬਾਗ ਸਿੰਘ ਕਾਜੀਚੱਕ, ਕੇਵਲ ਸਿੰਘ ਕੰਬੋਕੇ ਤੇ ਪੂਰਨ ਸਿੰਘ ਮਾੜੀਮੇਘਾ ਸੰਬੋਧਨ ਕੀਤਾ।

Advertisement

ਵੱਲਾ ਰੇਲਵੇ ਫਾਟਕ ’ਤੇ ਰੇਲ ਆਵਾਜਾਈ ਰੋਕਦੇ ਹੋਏ ਕਿਸਾਨ। -ਫੋਟੋ: ਵਿਸ਼ਾਲ ਕੁਮਾਰ

ਗੜ੍ਹਸ਼ੰਕਰ (ਜੰਗ ਬਹਾਦਰ ਸਿੰਘ ਸੇਖੋਂ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਨੇ ਝੋਨੇ ਦੀ ਖਰੀਦ ਲਈ ਅੱਜ ਵੱਖ-ਵੱਖ ਥਾਵਾਂ ’ਤੇ 12 ਤੋਂ 3 ਵਜੇ ਤੱਕ ਰੇਲ ਅਤੇ ਸੜਕੀ ਆਵਾਜਾਈ ਠੱਪ ਕੀਤੀ। ਗੜ੍ਹਸ਼ੰਕਰ ਵਿੱਚ ਗੜ੍ਹਸ਼ੰਕਰ-ਹੁਸ਼ਿਆਰਪੁਰ ਮੁੱਖ ਸੜਕ ’ਤੇ ਧਰਨਾ ਲਾਇਆ ਗਿਆ ਅਤੇ ਆਵਾਜਾਈ ਠੱਪ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਮੱਟੂ, ਗੁਰਨੇਕ ਭੱਜਲ, ਕੁਲਵਿੰਦਰ ਚਾਹਲ, ਬੀਬੀ ਸੁਭਾਸ਼ ਮੱਟੂ ਅਤੇ ਚੌਧਰੀ ਅੱਛਰ ਸਿੰਘ ਨੇ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੇ ਖਰੀਦ ਪ੍ਰਬੰਧ ਅਤੇ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਕਿਸਾਨ, ਆੜ੍ਹਤੀਏ ਅਤੇ ਮਜ਼ਦੂਰ ਪ੍ਰੇਸ਼ਾਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਦਰਸ਼ਨ ਸਿੰਘ ਮੱਟੂ, ਗੁਰਨੇਕ ਸਿੰਘ ਭੱਜਲ, ਕਿਰਤੀ ਕਿਸਾਨ ਸਭਾ ਦੇ ਆਗੂ ਕੁਲਵਿੰਦਰ ਸਿੰਘ ਚਾਹਲ, ਹਰਮੇਸ਼ ਢੇਸੀ ਅਤੇ ਕੁਲਭੂਸ਼ਨ ਕੁਮਾਰ ਆਦਿ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਨੂੰ ਸੁਚਾਰੂ ਬਣਾ ਕੇ ਲਿਫਟਿੰਗ ਪ੍ਰਬੰਧਾਂ ਨੂੰ ਦਰੁਸਤ ਨਾ ਕੀਤਾ ਗਿਆ ਤਾਂ ਜ਼ੋਰਦਾਰ ਸੰਘਰਸ਼ ਆਰੰਭਿਆ ਜਾਵੇਗਾ।
ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ/ਜਸਬੀਰ ਸਿੰਘ ਸੱਗੂ): ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਪੁਤਲੀਘਰ ਚੌਕ ਜੀਟੀ ਰੋਡ ਵਿਖੇ ਆਵਾਜਾਈ ਰੋਕ ਕੇ ਰੋਸ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਕਾਮਰੇਡ ਸਵਿੰਦਰ ਸਿੰਘ ਮੀਰਾਂਕੋਟ, ਮੁਖਤਾਰ ਸਿੰਘ ਮਾਹਵਾ, ਬਲਬੀਰ ਝਾਮਕਾ, ਗੁਰਦੇਵ ਸਿੰਘ ਵਰਪਾਲ, ਗੁਰਲਾਲ ਸਿੰਘ ਤੇ ਸੁਖਰਾਜ ਸਿੰਘ ਲੁਹਾਰਕਾ ਨੇ ਕੀਤੀ। ਰੈਲੀ ਨੂੰ ਸੰਬੋਧਨ ਕਾਮਰੇਡ ਸੁੱਚਾ ਸਿੰਘ ਅਜਨਾਲਾ, ਰਤਨ ਸਿੰਘ ਰੰਧਾਵਾ, ਕੰਵਲਜੀਤ ਕੌਰ ਨੇ ਕੀਤਾ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਕਮੇਟੀ ਵਲੋਂ ਕੀਤੇ ਗਏ ਫ਼ੈਸਲੇ ਤਹਿਤ ਅੱਜ 12.00 ਵਜੇ ਤੋਂ 3.00 ਵਜੇ ਤੱਕ ਜਥੇਬੰਦੀ ਦੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਦੀ ਅਗਵਾਈ ’ਚ ਵੱਲਾ ਰੇਲਵੇ ਫਾਟਕ ’ਤੇ ਤਿੰਨ ਘੰਟੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮੀਟਿੰਗਾਂ ਕਰਨ ਦਾ ਦਿਖਾਵਾ ਜ਼ਰੂਰ ਕੀਤਾ ਗਿਆ, ਪਰ ਜ਼ਮੀਨੀ ਪੱਧਰ ’ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਇਸ ਮੌਕੇ ਪਰਗਟ ਸਿੰਘ ਧਰਮਕੋਟ, ਡਾ. ਪਰਮਿੰਦਰ ਸਿੰਘ ਪੰਡੋਰੀ ਤੇ ਬਾਬਾ ਰਾਜਨ ਸਿੰਘ ਆਦਿ ਹਾਜ਼ਰ ਸਨ।
ਫਿਲੌਰ (ਸਰਬਜੀਤ ਗਿੱਲ): ਇੱਥੇ ਜੀਟੀ ਰੋਡ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਨੇ ਝੋਨੇ ਦੀ ਖਰੀਦ ਨਾ ਹੋਣ ਕਾਰਨ ਆਵਾਜਾਈ ਠੱਪ ਕੀਤੀ। ਇਸ ਦੌਰਾਨ ਲਗਾਏ ਧਰਨੇ ਦੀ ਪ੍ਰਧਾਨਗੀ ਜਮਹੂਰੀ ਕਿਸਾਨ ਸਭਾ ਦੇ ਕੁਲਦੀਪ ਫਿਲੌਰ, ਕਿਰਤੀ ਕਿਸਾਨ ਯੂਨੀਅਨ ਦੇ ਗੁਰਕਮਲ ਸਿੰਘ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਕਮਲਜੀਤ ਸਿੰਘ, ਆੜ੍ਹਤੀ ਐਸੋਸੀਏਸ਼ਨ ਦੇ ਸੁਰੇਸ਼ ਗੋਇਲ ਅਤੇ ਸ਼ੈਲਰ ਐਸੋਸੀਏਸ਼ਨ ਦੇ ਅਸ਼ੋਕ ਕੁਮਾਰ ਗੁਪਤਾ ਨੇ ਕੀਤੀ।

Advertisement

ਸ਼ਾਹਕੋਟ-ਮਲਸੀਆਂ ਰੇਲਵੇ ਸਟੇਸ਼ਨ ’ਤੇ ਬੀਕੇਯੂ ਉਗਰਾਹਾਂ ਦੇ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। -ਫੋਟੋ.ਖੋਸਲਾ

ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਇਕਾਈ ਨੇ ਸ਼ਾਹਕੋਟ-ਮਲਸੀਆਂ ਦੇ ਰੇਲਵੇ ਸਟੇਸ਼ਨ ’ਤੇ ਤਿੰਨ ਘੰਟੇ ਧਰਨਾ ਲਗਾ ਕੇ ਰੇਲਾਂ ਰੋਕੀਆਂ। ਸਿਵਲ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਪੁੱਜੇ ਤਹਿਸੀਲਦਾਰ ਸ਼ਾਹਕੋਟ ਗੁਰਦੀਪ ਸਿੰਘ ਸੰਧੂ ਝੋਨੇ ਦੀ ਖਰੀਦ ਸਬੰਧੀ ਕੋਈ ਗੱਲ ਕਰਨ ਦੀ ਬਜਾਏ ਪਰਾਲੀ ਨਾ ਸਾੜਨ ਦਾ ਰਾਗ ਹੀ ਅਲਾਪਦੇ ਰਹੇ। ਧਰਨੇ ਨੂੰ ਯੂਨੀਅਨ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ, ਸਕੱਤਰ ਗੁਰਚਰਨ ਸਿੰਘ ਚਾਹਲ, ਨਿਰਮਲ ਸਿੰਘ ਜਹਾਂਗੀਰ, ਜਸਪਾਲ ਸਿੰਘ ਸੰਢਾਂਵਾਲ, ਹਰਨੇਕ ਸਿੰਘ ਮਾਲੜੀ, ਨਿਰਮਲ ਸਿੰਘ ਕਾਂਗਣਾ, ਗੁਰਮੁਖ ਸਿੰਘ ਸਿੱਧੂ, ਜਸਬੀਰ ਸਿੰਘ ਅਤੇ ਸੁਰਜੀਤ ਸਿੰਘ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਕਿਸਾਨਾਂ ਨੇ ਸੰਗੋਵਾਲ ਟੌਲ ਪਲਾਜ਼ਾ ’ਤੇ ਤਿੰਨ ਘੰਟੇ ਆਵਾਜਾਈ ਰੋਕੀ।
ਟਾਂਡਾ (ਸੁਰਿੰਦਰ ਸਿੰਘ ਗੁਰਾਇਆ): ਇੱਥੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਤੇ ਜਨਰਲ ਸਕੱਤਰ ਪ੍ਰਿਥਪਾਲ ਸਿੰਘ ਗੁਰਾਇਆ ਦੀ ਅਗਵਾਈ ਹੇਠ ਦਾਣਾ ਮੰਡੀ ਆੜ੍ਹਤੀ ਐਸੋਸੀਏਸ਼ਨ, ਸ਼ੈਲਰ ਮਾਲਕਾਂ ਅਤੇ ਮਜ਼ਦੂਰਾਂ ਨੇ ਮਿਲ ਕੇ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਆਵਾਜਾਈ ਰੋਕ ਕੇ ਬਿਜਲੀ ਘਰ ਚੌਕ ’ਤੇ ਰੋਸ ਧਰਨਾ ਲਗਾਇਆ।
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਅੱਡਾ ਕੁੱਕੜਾਂਵਾਲੇ ਦੇ ਚੌਕ ਵਿੱਚ ਤਿੰਨ ਘੰਟੇ ਲਈ ਆਵਾਜਾਈ ਠੱਪ ਕੀਤੀ ਗਈ। ਇਸ ਮੌਕੇ ਕਿਸਾਨ ਆਗੂਆਂ ਡਾਕਟਰ ਸਤਨਾਮ ਸਿੰਘ ਅਜਨਾਲਾ, ਕਾਮਰੇਡ ਧਨਵੰਤ ਸਿੰਘ ਖਤਰਾਏ ਕਲਾਂ ਤੇ ਜਤਿੰਦਰ ਛੀਨਾਂ ਨੇ ਸੰਬੋਧਨ ਕੀਤਾ।
ਜਲੰਧਰ (ਪਾਲ ਸਿੰਘ ਨੌਲੀ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਵੱਖ-ਵੱਖ ਕਿਸਾਨ ਜੱਥਬੰਦੀਆਂ ਨੇ ਨੈਸ਼ਨਲ ਹਾਈਵੇਅ ਅਤੇ ਰੇਲ ਮਾਰਗਾਂ ’ਤੇ ਤਿੰਨ ਘੰਟੇ ਤੱਕ ਚੱਕ ਜਾਮ ਕਰੀ ਰੱਖਿਆ। ਕਿਸਾਨ ਜਥੇਬੰਦੀਆਂ ਨੇ ਭੋਗਪੁਰ, ਆਦਮਪੁਰ, ਫਿਲੌਰ ਅਤੇ ਸ਼ਾਹਕੋਟ ਵਿੱਚ ਧਰਨਾ ਲਗਾਉਂਦਿਆ ਮੰਗ ਕੀਤੀ ਕਿ ਮੰਡੀਆਂ ਵਿੱਚ ਕਿਸਾਨ ਰੁਲ ਰਹੇ ਹਨ। ਆਗੂਆਂ ਨੇ ਕਿਹਾ ਕਿ ਮੰਡੀਆਂ ਵਿੱਚੋਂ ਝੋਨਾ ਚੁੱਕਿਆ ਨਹੀਂ ਜਾ ਰਿਹਾ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸਕੱਤਰ ਜਨਰਲ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਸਮੁੱਚੇ ਪੰਜਾਬ ਵਿੱਚੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਹਨ ਉਹ ਦੱਸ ਰਹੀਆਂ ਹਨ ਕਿ ਸਮੁੱਚੇ ਪੰਜਾਬ ਵਿੱਚ ਕਿਸਾਨਾਂ ਦੇ ਇਸ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।

ਹੁਸ਼ਿਆਰਪੁਰ ਵਿੱਚ ਕਿਸਾਨਾਂ ਵੱਲੋਂ ਫਗਵਾੜਾ ਬਾਈਪਾਸ ਅਤੇ ਮੰਡਿਆਲਾ ਫਾਟਕ ’ਤੇ ਧਰਨਾ

ਹੁਸ਼ਿਆਰਪੁਰ ਦੇ ਮੰਡਿਆਲਾ ਫ਼ਾਟਕ ’ਤੇ ਧਰਨਾ ਦਿੰਦੇ ਹੋਏ ਕਿਸਾਨ।

ਹੁਸ਼ਿਆਰਪੁਰ (ਹਰਪ੍ਰੀਤ ਕੌਰ): ਝੋਨੇ ਦੀ ਖਰੀਦ ਨਾ ਹੋਣ ਦੇ ਰੋਸ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਇੱਥੇ ਫ਼ਗਵਾੜਾ ਬਾਈਪਾਸ ਵਿਖੇ ਕਿਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਕਮੇਟੀ ਦੋਆਬਾ ਵਲੋਂ ਤਿੰਨ ਘੰਟੇ ਚੱਕਾ ਜਾਮ ਕੀਤਾ ਗਿਆ ਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ 14 ਅਕਤੂਬਰ ਤੱਕ ਮਸਲਾ ਹੱਲ ਨਾ ਹੋਇਆ ਤਾਂ ਵੱਡਾ ਐਕਸ਼ਨ ਕੀਤਾ ਜਾਵੇਗਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਗਤਾਰ ਸਿੰਘ ਭਿੰਡਰ, ਸਤਨਾਮ ਸਿੰਘ ਮੁਖਲਿਆਣਾ, ਜਰਨੈਲ ਸਿੰਘ ਮੁਖਲਿਆਣਾ, ਬਲਵਿੰਦਰ ਸਿੰਘ ਵਿਰਕ, ਭਾਗ ਸਿੰਘ ਹਾਰਟਾ, ਗੁਰਦੀਪ ਸਿੰਘ ਹਰਖੋਵਾਲ, ਜਰਨੈਲ ਸਿੰਘ ਜੱਲੋਵਾਲ, ਦਰਸ਼ਨ ਸਿੰਘ ਖ਼ਨੂਰ, ਹਰਨੇਕ ਸਿੰਘ ਪੰਡੋਰੀ ਬੀਬੀ, ਕਿਸਨ ਕਮੇਟੀ ਦੋਆਬਾ ਦੇ ਹਰਬੰਸ ਸਿੰਘ ਸੰਘਾ, ਮੰਗਤ ਸਿੰਘ ਆੜ੍ਹਤੀਆਂ, ਅਤੇ ਪੱਲੇਦਾਰਾਂ ਦੇ ਨੁਮਾਇੰਦੇ ਨਰਿੰਦਰ ਮੋਹਨ, ਮਹਿੰਦਰ ਸਿੰਘ, ਰਾਜੂ ਪੂਰਨ ਆਦਿ ਹਾਜ਼ਰ ਸਨ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਭਕਿਯੂ) ਏਕਤਾ ਉਗਰਾਹਾਂ ਵਲੋਂ ਵੀ ਜ਼ਿਲ੍ਹਾ ਪ੍ਰਧਾਨ ਮਾਸਟਰ ਸ਼ਿੰਗਾਰਾ ਸਿੰਘ ਦੀ ਅਗਵਾਈ ਵਿੱਚ ਮੰਡਿਆਲਾ ਫ਼ਾਟਕ ਦੇ ਰੇਲਵੇ ਟਰੈਕ ’ਤੇ ਧਰਨਾ ਦਿੱਤਾ ਗਿਆ।

Advertisement
Author Image

sukhwinder singh

View all posts

Advertisement