ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੋਨੇ ਦੀ ਸੁਸਤ ਖ਼ਰੀਦ ਖ਼ਿਲਾਫ਼ ਕਿਸਾਨਾਂ ਨੇ ਕੌਮੀ ਮਾਰਗਾਂ ’ਤੇ ਰੋਕੀ ਆਵਾਜਾਈ

10:57 AM Oct 26, 2024 IST
ਗੁਰਦਾਸਪੁਰ ਦੇ ਬੱਬਰੀ ਬਾਈਪਾਸ ’ਤੇ ਧਰਨਾ ਦਿੰਦੇ ਕਿਸਾਨ।

ਜਤਿੰਦਰ ਬੈਂਸ
ਗੁਰਦਾਸਪੁਰ, 25 ਅਕਤੂਬਰ
ਝੋਨੇ ਦੀ ਖ਼ਰੀਦ ਐੱਮਐੱਸਪੀ ਰੇਟਾਂ ’ਤੇ ਸ਼ੁਰੂ ਕਰਾਉਣ ਲਈ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਗੁਰਦਾਸਪੁਰ ਦੇ ਬੱਬਰੀ ਬਾਈਪਾਸ ’ਤੇ ਸਵੇਰੇ 11 ਤੋਂ ਦੁਪਹਿਰ ਤਿੰਨ ਵਜੇ ਤੱਕ ਧਰਨਾ ਲਾ ਕੇ ਜਾਮ ਰੱਖਿਆ ਗਿਆ। ਇਸ ਮੌਕੇ ਧਰਨਾਕਾਰੀਆਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਇਸਦੀ ਪ੍ਰਧਾਨਗੀ ਕਸ਼ਮੀਰ ਸਿੰਘ ਤੁਗਲਵਾਲ, ਹਰਜੀਤ ਸਿੰਘ ਕਾਹਲੋਂ, ਮੱਖਣ ਸਿੰਘ ਕੁਹਾੜ, ਤਰਲੋਕ ਸਿੰਘ ਬਹਿਰਾਮਪੁਰ, ਗੁਰਵਿੰਦਰ ਸਿੰਘ ਜੀਵਨਚੱਕ ਵੱਲੋਂ ਕੀਤੀ ਗਈ। ਆਗੂਆਂ ਨੇ ਐਲਾਨ ਕੀਤਾ ਕਿ 29 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦਾ ਮੁਕੰਮਲ ਘਿਰਾਓ ਕੀਤਾ ਜਾਵੇਗਾ।

Advertisement

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ):

ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਮੰਗਾਂ ਨੂੰ ਲੈ ਕੇ ਅੱਜ ਮੰਡੀ ਭਵਨ ਭਗਤਾਂ ਵਾਲਾ ਵਿੱਚ ਧਰਨਾ ਦੇ ਕੇ ਆਪਣਾ ਰੋਸ ਵਿਖਾਵਾ ਕੀਤਾ ਗਿਆ। ਰੋਸ ਧਰਨੇ ਦੀ ਅਗਵਾਈ ਕਿਸਾਨ ਆਗੂ ਬਲਦੇਵ ਵੇਰਕਾ, ਸਵਰਨ ਸਿੰਘ, ਗੁਰਦੇਵ ਸਿੰਘ ਵਰਪਾਲ, ਮਾਸਟਰ ਅਮਰੀਕ ਸਿੰਘ ਨੇ ਕੀਤੀ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਏਅਰਪੋਰਟ ਰੋਡ ਤੇ ਸ਼ਾਪਿੰਗ ਮਾਲ ਅੱਗੇ ਧਰਨਾ ਦਿੱਤਾ ਗਿਆ।

Advertisement

ਹੁਸ਼ਿਆਰਪੁਰ (ਹਰਪ੍ਰੀਤ ਕੌਰ):

ਸੰਯੁਕਤ ਕਿਸਾਨ ਮੋਰਚੇ ਨੇ ਮੁੱਖ ਦਾਣਾ ਮੰਡੀ ਦੇ ਬਾਹਰ 11 ਤੋਂ 3 ਵਜੇ ਤੱਕ ਧਰਨਾ ਦੇ ਕੇ ਹੁਸ਼ਿਆਰਪੁਰ-ਫ਼ਗਵਾੜਾ ਬਾਈਪਾਸ ’ਤੇ ਜਾਮ ਲਗਾਇਆ। ਕਿਸਾਨਾਂ ਨੇ ਮੰਗ ਕੀਤੀ ਕਿ ਝੋਨੇ ਦੀ ਨਿਰਵਿਘਨ ਖਰੀਦ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਫ਼ਸਲ ਦੀ ਯੋਗ ਕੀਮਤ ਦਿੱਤੀ ਜਾਵੇ।

ਕਪੂਰਥਲਾ (ਧਿਆਨ ਸਿੰਘ ਭਗਤ):

ਕਿਸਾਨਾਂ ਵੱਲੋਂ ਕਪੂਰਥਲਾ ਵਿੱਚ ਚਾਰ ਵੱਖ-ਵੱਖ ਥਾਵਾਂ ’ਤੇ ਸੜਕਾਂ ’ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਨਾਲ ਆਉਣ ਜਾਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਪੂਰਥਲਾ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਨਵੀਂ ਦਾਣਾ ਮੰਡੀ ਦੇ ਬਾਹਰ ਸੁਲਤਾਨਪੁਰ ਲੋਧੀ ਕਪੂਰਥਲਾ ਸੜਕ ’ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਤਰ੍ਹਾਂ ਕਿਸਾਨਾਂ ਨੇ ਜਲੰਧਰ ਅੰਮ੍ਰਿਤਸਰ ਜਰਨੈਲੀ ਸੜਕ ’ਤੇ ਹਮੀਰਾ, ਢਿੱਲਵਾਂ ਟੌਲ ਪਲਾਜ਼ਾ ’ਤੇ ਧਰਨਾ ਦਿੱਤਾ। ਕਪੂਰਥਲਾ ਗੋਇੰਦਵਾਲ ਰੋਡ ’ਤੇ ਪਿੰਡ ਮੁੰਡੀ ਮੋੜ ਦੇ ਨਜ਼ਦੀਕ ਅਤੇ ਇਸੇ ਤਰ੍ਹਾਂ ਸੁਲਤਾਨਪੁਰ ਮੰਡੀ ਦੇ ਬਾਹਰ ਕਪੂਰਥਲਾ ਸੁਲਤਾਨਪੁਰ ਰੋਡ ’ਤੇ ਆਵਾਜਾਈ ਰੋਕ ਦਿੱਤੀ।

ਤਰਨ ਤਾਰਨ (ਗੁਰਬਖਸ਼ਪੁਰੀ):

ਤਰਨ ਤਾਰਨ ਦੀ ਦਾਣਾ ਮੰਡੀ ਨੇੜੇ ਕਿਸਾਨਾਂ ਨੇ ਕੌਮੀ ਸ਼ਾਹਰਾਹ ਘੰਟਿਆਂ ਤੱਕ ਜਾਮ ਰੱਖਿਆ। ਇਸ ਦੌਰਾਨ ਦੋਹਾਂ ਪਾਸੇ ਦੂਰ-ਦੂਰ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਕਿਸਾਨਾਂ ਦੀ ਅਗਵਾਈ ਮਨਜੀਤ ਸਿੰਘ ਬੱਗੂ, ਸੁਖਦੇਵ ਸਿੰਘ ਤੁੜ, ਅੰਮ੍ਰਿਤਪਾਲ ਸਿੰਘ ਜੋੜਾ, ਨਿਰਵੇਰ ਸਿੰਘ ਡਾਲੇਕੇ ਆਦਿ ਨੇ ਕੀਤੀ।

ਪਠਾਨਕੋਟ (ਐੱਨਪੀ ਧਵਨ):

ਪਠਾਨਕੋਟ ’ਚ ਨੈਸ਼ਨਲ ਹਾਈਵੇਅ ’ਤੇ ਜਾਮ ਲਗਾ ਕੇ ਖੜ੍ਹੇ ਹੋਏ ਕਿਸਾਨ ਆਗੂ।

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਯੂਨਾਈਟਿਡ ਕਿਸਾਨ ਮੋਰਚਾ ਪੰਜਾਬ ਚੈਪਟਰ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਕੰਗ ਦੀ ਅਗਵਾਈ ਹੇਠ ਸਮੂਹ ਜਥੇਬੰਦੀਆਂ ਦੇ ਮੈਂਬਰਾਂ ਨੇ ਝੋਨੇ ਦੀ ਲਿਫਟਿੰਗ ਨਾ ਹੋਣ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਦੇ ਜਾਮ ਵਿੱਚ ਫਸੀਆਂ ਸਵਾਰੀਆਂ ਪੈਦਲ ਹੀ ਸਾਮਾਨ ਲੈ ਕੇ ਜਾਂਦੀਆਂ ਨਜ਼ਰ ਆਈਆਂ ਅਤੇ ਇਹ ਸਵਾਰੀਆਂ ਬਹੁਤ ਖੱਜਲ-ਖੁਆਰ ਹੋਈਆਂ।
ਚੇਤਨਪੁਰਾ (ਰਣਬੀਰ ਸਿੰਘ ਮਿੰਟੂ):

ਇਥੇ ਅੱਡਾ ਕੁੱਕੜਾਂਵਾਲਾ ਵਿੱਚ ਕਿਸਾਨਾਂ ਵੱਲੋਂ ਅੰਮ੍ਰਿਤਸਰ ਅਜਨਾਲਾ ਰੋਡ ’ਤੇ 4 ਘੰਟੇ ਲਈ ਜਾਮ ਲਾਇਆ ਲਾਇਆ ਗਿਆ।

ਭੋਗਪੁਰ (ਬਲਵਿੰਦਰ ਸਿੰਘ ਭੰਗੂ):

ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਚੌਲਾਂਗ ਅਤੇ ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ ਵਿੱਚ ਕਿਸਾਨਾਂ ਨੇ ਦਾਣਾ ਮੰਡੀ ਭੋਗਪੁਰ ਦੇ ਗੇਟ ਸਾਹਮਣੇ ਕੌਮੀ ਮਾਰਗ ’ਤੇ ਧਰਨਾ ਦਿੱਤਾ ਤੇ ਪ੍ਰਸ਼ਾਸਨ ਨਾਲ ਹੋਏ ਸਮਝੌਤੇ ਮਗਰੋਂ ਧਰਨਾ ਚੁੱਕਿਆ।
ਸ਼ਾਹਕੋਟ(ਗੁਰਮੀਤ ਸਿੰਘ ਖੋਸਲਾ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਨੇ ਅੱਜ ਸ਼ਾਹਕੋਟ ’ਚ ਰਿਲਾਇੰਸ ਦੇ ਮਾਲ ਸਮਾਰਟ ਪੁਆਇੰਟ ਨੂੰ ਬੰਦ ਕਰਵਾ ਕੇ ਚਾਰ ਵਜੇ ਤੱਕ ਧਰਨਾ ਦਿੱਤਾ। ਚੱਕ ਬਾਹਮਣੀਆਂ ਟੌਲ ’ਤੇ ਨੌਵੇਂ ਦਿਨ ਵੀ ਧਰਨਾ ਲਗਾ ਕੇ ਟੌਲ ਨੂੰ ਪਰਚੀ ਮੁਕਤ ਰੱਖਿਆ ਗਿਆ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਨੇ ਸੰਗੋਵਾਲ ਟੌਲ ਉੱਪਰ ਧਰਨਾ ਲਗਾ ਕੇ ਤਿੰਨ ਵਜੇ ਤੱਕ ਆਵਾਜਾਈ ਬੰਦ ਰੱਖੀ।

ਫਿਲੌਰ:(ਸਰਬਜੀਤ ਗਿੱਲ):

ਇਥੇ ਜੀਟੀ ਰੋਡ ’ਤੇ ’ਤੇ ਕਿਸਾਨਾਂ ਨੇ 11 ਵਜੇ ਤੋਂ 3 ਵਜੇ ਤੱਕ ਜਾਮ ਲਗਾ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਖਰੀਦ ਅਤੇ ਲਿਫਟਿੰਗ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ।

ਗੜ੍ਹਸ਼ੰਕਰ (ਜੰਗ ਬਹਾਦਰ ਸਿੰਘ ਸੇਖੋਂ):

ਗੜ੍ਹਸ਼ੰਕਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਗੜ੍ਹਸ਼ੰਕਰ-ਹੁਸ਼ਿਆਰਪੁਰ ਮੁੱਖ ਸੜਕ ’ਤੇ ਧਰਨਾ ਲਾ ਕੇ ਟਰੈਫਿਕ ਜਾਮ ਕੀਤਾ ਗਿਆ। ਇਥੇ ਧਰਨਾ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਦਰਸ਼ਨ ਸਿੰਘ ਮੱਟੂ ਅਤੇ ਚੌਧਰੀ ਅੱਛਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ।

ਕਿਸਾਨਾਂ ਵੱਲੋਂ ਦਸੂਹਾ ’ਚ ਅਣਮਿੱਥੇ ਸਮੇਂ ਲਈ ਧਰਨਾ ਜਾਰੀ

ਦਸੂਹਾ (ਭਗਵਾਨ ਦਾਸ ਸੰਦਲ):

ਇਥੇ ਝੋਨੇ ਦੀ ਖਰੀਦ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਦੋਆਬਾ ਕਿਸਾਨ ਕਮੇਟੀ ਪੰਜਾਬ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਗੜ੍ਹਦੀਵਾਲਾ ਸਣੇ ਪੰਜ ਹੋਰ ਹਮਖਿਆਲੀ ਜੱਥੇਬੰਦੀਆਂ ਵੱਲੋਂ ਜਲੰਧਰ-ਪਠਾਨਕੋਟ ਕੌਮੀ ਮਾਰਗ ਦੇ ਹਾਜ਼ੀਪੁਰ ਚੌਕ ’ਚ ਚੱਕਾ ਜਾਮ ਕਰਕੇ ਰੋਸ ਧਰਨਾ ਦਿੱਤਾ ਗਿਆ। ਅਣਮਿੱਥੇ ਸਮੇਂ ਲਈ ਲਾਏ ਧਰਨੇ ਦੌਰਾਨ ਕੌਮੀ ਮਾਰਗ ਦੀ ਆਵਾਜਾਈ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ ਅਤੇ ਲੋਕ ਆਪਣੀਆਂ ਮੰਜ਼ਿਲਾਂ ’ਤੇ ਪੁੱਜਣ ਲਈ ਖੱਜਲ-ਖੁਆਰ ਹੁੰਦੇ ਦੇਖੇ ਗਏ। ਇਸ ਮੌਕੇ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਦਰਜ ਕਰਵਾਇਆ। ਧਰਨੇ ਨੂੰ ਕਿਸਾਨ ਆਗੂ ਰਣਜੀਤ ਸਿੰਘ ਬਾਜਵਾ, ਪਰਮਜੀਤ ਸਿੰਘ ਭੁੱਲਾ, ਜੁਝਾਰ ਸਿੰਘ ਕੇਸੋਪੁਰ, ਮਹਿਤਾਬ ਸਿੰਘ ਹੁੰਦਲ ਨੇ ਸੰਬੋਧਨ ਕੀਤਾ।

ਕਿਸਾਨਾਂ ਵਲੋਂ ਅੱਜ ਤੋਂ ਪੂਰਨ ਤੌਰ ’ਤੇ ਹਾਈਵੇਅ ਬੰਦ ਕਰਨ ਦਾ ਐਲਾਨ

ਫਗਵਾੜਾ (ਜਸਬੀਰ ਸਿੰਘ ਚਾਨਾ):

ਝੋਨੇ ਦੀ ਖ਼ਰੀਦ ਨਾ ਹੋਣ ਦੇ ਸਬੰਧ ’ਚ ਕਿਸਾਨਾਂ ਵਲੋਂ ਸ਼ੂਗਰ ਮਿੱਲ ਚੌਕ ’ਚ ਸ਼ੁਰੂ ਕੀਤਾ ਗਿਆ ਧਰਨਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ ਤੇ ਕਿਸਾਨਾਂ ਵਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਇਸ ਮਾਮਲੇ ਦੇ ਹੱਲ ਦੀ ਮੰਗ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਤੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਕਿਸਾਨਾਂ ਵੱਲੋਂ ਕੱਲ੍ਹ ਪੰਜਾਬ ’ਚ ਚਾਰ ਪੁਆਇੰਟਾ ’ਤੇ ਧਰਨਾ ਦਿੱਤਾ ਜਾਵੇਗਾ ਤੇ ਕੱਲ੍ਹ 1 ਵਜੇ ਤੋਂ ਨੈਸ਼ਨਲ ਹਾਈਵੇਅ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਝੋਨੇ ਨਾਲ ਭਰੀਆਂ ਟਰਾਾਲੀਆਂ ਨਾਲ ਲੈ ਕੇ ਆਉਣ ਦੀ ਅਪੀਲ ਕੀਤੀ। ਇਸੇ ਤਰ੍ਹਾਂ ਅੱਜ ਹੁਸ਼ਿਆਰਪੁਰ ਰੋਡ ’ਤੇ ਰਿਹਾਣਾ ਜੱਟਾਂ ਦੇ ਬਿਜਲੀ ਘਰ ਨਜ਼ਦੀਕ ਕਿਸਾਨਾ ਵਲੋਂ 11 ਤੋਂ 3 ਵਜੇ ਤੱਕ ਧਰਨਾ ਲਗਾਇਆ ਗਿਆ ਤੇ ਟ੍ਰੈਫ਼ਿਕ ਨੂੰ ਜਾਮ ਕੀਤਾ ਗਿਆ।

Advertisement