ਕਿਸਾਨਾਂ ਨੇ ਬਰਨਾਲਾ ਰਜਬਾਹਾ ਪੱਕਾ ਕਰਨ ਦਾ ਕੰਮ ਰੋਕਿਆ
ਬੀਰਬਲ ਰਿਸ਼ੀ
ਸ਼ੇਰਪੁਰ, 26 ਨਵੰਬਰ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕਾਰਕੁਨਾਂ ਨੇ ਅੱਜ ਜਥੇਬੰਦੀ ਦੇ ਬਲਾਕ ਮੀਤ ਪ੍ਰਧਾਨ ਸੁਰਜੀਤ ਸਿੰਘ ਦੀ ਅਗਵਾਈ ਹੇਠ ਘਨੌਰੀ ਕਲਾਂ ਤੋਂ ਘਨੌਰੀ ਖੁਰਦ ਹੋ ਕੇ ਰੰਗੀਆਂ, ਸੇਖਾ ਆਦਿ ਪਿੰਡਾਂ ਵੱਲ ਜਾਂਦੇ ਬਰਨਾਲਾ ਰਜਬਾਹੇ ਨੂੰ ਪੱਕਾ ਕਰਨ ਦਾ ਕੰਮ ਰੋਕ ਕੇ ਨਹਿਰੀ ਵਿਭਾਗ ਅਤੇ ਠੇਕੇਦਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਲਿਖਤੀ ਤੌਰ ’ਤੇ ਜਾਣੂ ਕਰਵਾਉਣ ਦੇ ਬਾਵਜੂਦ ਨਹਿਰੀ ਵਿਭਾਗ ਅਤੇ ਸਬੰਧਤ ਠੇਕੇਦਾਰ ਵੱਲੋਂ ਪੰਜਾਬ ਮੰਡੀਬੋਰਡ ਦੀ ਸੜਕ ਵਾਲੇ ਰਕਬੇ ’ਚ ਰਜਬਾਹਾ ਬਣਾਏ ਜਾਣ ਦਾ ਕੰਮ ਲਗਾਤਾਰ ਜਾਰੀ ਰੱਖਿਆ ਹੋਇਆ ਹੈ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਕੇਯੂ ਰਾਜੇਵਾਲ ਦੇ ਬਲਾਕ ਮੀਤ ਪ੍ਰਧਾਨ ਸੁਰਜੀਤ ਸਿੰਘ, ਪਰਗਟ ਸਿੰਘ ਪੰਚ, ਸੁਰਜੀਤ ਸਿੰਘ ਪੰਚ, ਗੁਰਜੰਟ ਸਿੰਘ ਪੰਚ, ਯੂਥ ਆਗੂ ਹਰਦੀਪ ਸਿੰਘ, ਕਿਸਾਨ ਆਗੂ ਦਰਸ਼ਨ ਸਿੰਘ, ਸਾਬਕਾ ਪੰਚ ਸੁਖਦੇਵ ਸਿੰਘ, ਸਾਬਕਾ ਸੁਸਾਇਟੀ ਪ੍ਰਧਾਨ ਮੁਖਤਿਆਰ ਸਿੰਘ ਤੇ ਸੁਖਚੈਨ ਸਿੰਘ ਨੇ ਦਾਅਵਾ ਕੀਤਾ ਕਿ ਕਈ ਦਹਾਕੇ ਪਹਿਲਾਂ ਤੋਂ ਚੱਲ ਰਹੇ ਉਕਤ ਰਜਬਾਹੇ ਨੂੰ ਕੱਚੇ ਤੋਂ ਪੱਕਾ ਬਣਾਉਣ ਸਮੇਂ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਰਜਬਾਹੇ ਦੇ ਘਨੌਰੀ ਖੁਰਦ ਵੱਲ ਮੋੜ ਨੇੜੇ ਹੀ ਕਾਫ਼ੀ ਵਿੰਗ ਪਾ ਕੇ ਇਸ ਰਜਬਾਹੇ ਦੀ ਦਿਸ਼ਾ ਨਾਲ ਲੰਘਦੀ ਪੰਜਾਬ ਮੰਡੀਬੋਰਡ ਦੀ ਲਿੰਕ ਸੜਕ ਵੱਲ ਕਰ ਦਿੱਤੀ, ਜਿਸ ਦਾ ਪਿਆ ਵਿੰਗ ਅੱਜ ਵੀ ਸਾਫ਼ ਵਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਸੜਕ ਦੀ ਬੁਰਜ਼ੀ ਰਜਬਾਹੇ ਅੰਦਰ ਲੱਗੀ ਸਾਫ਼ ਵਿਖਾਈ ਦੇ ਰਹੀ ਹੈ। ਆਗੂਆਂ ਨੇ ਦਾਅਵਾ ਕੀਤਾ ਠੇਕੇਦਾਰ ਰਜਬਾਹੇ ਨੂੰ ਸੜਕ ਵਾਲੀ ਜਗ੍ਹਾ ’ਤੇ ਹੀ ਬਣਾਉਣ ਲਈ ਬਜ਼ਿੱਦ ਹਨ ਜਦੋਂ ਕਿ ਪਿੰਡ ਵਾਸੀ ਚਾਹੁੰਦੇ ਹਨ ਕਿ ਰਜਬਾਹੇ ਨੂੰ ਨਹਿਰੀ ਵਿਭਾਗ ਦੀ ਜਗ੍ਹਾ ਵਿੱਚ ਬਣਾਇਆ ਜਾਵੇ। ਇਸ ਦੌਰਾਨ ਐੱਸਡੀਐੱਮ ਧੂਰੀ ਵਿਕਾਸ ਹੀਰਾ ਨੇ ਕਿਹਾ ਕਿ ਉਹ ਭਲਕੇ 27 ਨਵੰਬਰ ਨੂੰ ਸਬੰਧਤ ਐੱਸਡੀਓ ਤੋਂ ਮਾਮਲੇ ਦੀ ਰਿਪੋਰਟ ਤਲਬ ਕਰਨਗੇ।
ਠੇਕੇਦਾਰ ਨੇ ਦੋਸ਼ ਨਕਾਰੇ
ਠੇਕੇਦਾਰ ਬਲਰਾਜ ਸਿੰਘ ਨੇ ਪਿੰਡ ਘਨੌਰੀ ਖੁਰਦ ਦੇ ਕਿਸਾਨਾਂ ਵੱਲੋਂ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੁੱਝ ਲੋਕ ਬੇਵਜ੍ਹਾ ਸਰਕਾਰੀ ਕੰਮ ਵਿੱਚ ਵਿਘਨ ਪਾ ਰਹੇ ਹਨ ਜਦੋਂ ਕਿ ਸਾਰਾ ਕੰਮ ਨਿਯਮਾਂ ਦੇ ਘੇਰੇ ਅੰਦਰ ਰਹਿ ਕੇ ਕੀਤਾ ਜਾ ਰਿਹਾ ਹੈ। ਸਰਕਾਰੀ ਕੰਮ ਵਿੱਚ ਵਿਘਨ ਪਾਉਣ ਸਬੰਧੀ ਉਹ ਵਿਭਾਗ ਦੇ ਲਿਖਤੀ ਤੌਰ ’ਤੇ ਧਿਆਨ ਵਿੱਚ ਲਿਆ ਚੁੱਕੇ ਹਨ।