ਕਿਸਾਨਾਂ ਨੇ ਮਜ਼ਦੂਰ ਦੇ ਘਰ ਦਾ ਵਾਰੰਟ ਕਬਜ਼ਾ ਰੁਕਵਾਇਆ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 22 ਅਗਸਤ
ਇੱਥੇ ਅਜੀਤ ਨਗਰ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਚੌਕ ਦੀ ਅਗਵਾਈ ਹੇਠ ਮਜ਼ਦੂਰ ਪਰਿਵਾਰ ਦੇ ਘਰ ਦਾ ਵਾਰੰਟ ਕਬਜ਼ਾ ਰੁਕਵਾਇਆ ਗਿਆ।
ਇਸ ਮੌਕੇ ਯੂਨੀਅਨ ਦੇ ਆਗੂਅਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕਿਸੇ ਜ਼ਰੂਰੀ ਕੰਮ ਲਈ ਧਰਮ ਸਿੰਘ ਨੇ 2015 ਵਿੱਚ ਮੈਗਮਾ ਫਾਇਨਾਂਸ ਕੰਪਨੀ ਕੋਲੋਂ 9 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜੋ ਕੰਪਨੀ ਨੇ ਵਿਆਜ ਸਮੇਤ 32 ਲੱਖ ਰੁਪਏ ਬਣਾ ਦਿੱਤੇ ਸਨ। ਇਸ ਵਿੱਚੋਂ ਲੱਗਭਗ 10 ਲੱਖ ਰੁਪਏ ਧਰਮ ਸਿੰਘ ਨੇ ਕੰਪਨੀ ਨੂੰ ਵਾਪਸ ਕਰ ਦਿੱਤੇ ਸਨ। ਇਸ ਤੋਂ ਬਾਅਦ ਜਦੋਂ ਉਨ੍ਹਾਂ ਕੋਲੋਂ ਕਿਸ਼ਤਾਂ ਨਹੀਂ ਭਰੀਆਂ ਗਈਆਂ ਤਾਂ ਕੰਪਨੀ ਨੇ ਇਸ ਮਜ਼ਦੂਰ ਪਰਿਵਾਰ ਦੇ ਘਰ ਦੀ ਕੁਰਕੀ ਕਰਵਾ ਦਿੱਤੀ ਜਿਸ ਦਾ ਅੱਜ ਵਾਰੰਟ ਕਬਜ਼ਾ ਲੈਣ ਲਈ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਕੰਪਨੀ ਦੇ ਅਧਿਕਾਰੀ ਆਏ।
ਜਥੇਬੰਦੀ ਦੇ ਆਗੂਆਂ ਨੇ ਆਖਿਆ ਕਿ ਹੁਣ ਵੀ ਪਰਿਵਾਰ ਬੈਠ ਕੇ ਨਬਿੇੜਨ ਲਈ ਤਿਆਰ ਹੈ, ਪਰ ਕੰਪਨੀ ਦੇ ਅਧਿਕਾਰੀ ਕਿਸੇ ਗੱਲ ’ਤੇ ਨਹੀਂ ਆ ਰਹੇ ਸਨ। ਇਸ ਲਈ ਉਨ੍ਹਾਂ ਨੂੰ ਵਾਪਸ ਮੋੜਿਆ ਗਿਆ। ਇਸ ਮੌਕੇ ਬਲਾਕ ਆਗੂ ਜਸਵੀਰ ਸਿੰਘ ਗੱਗੜਪੁਰ, ਬਲਵਿੰਦਰ ਸਿੰਘ ਘਨੌੜ, ਰਘਵੀਰ ਸਿੰਘ ਘਰਾਚੋਂ, ਗੁਰਚੇਤ ਸਿੰਘ ਭੱਟੀਵਾਲ ਸਮੇਤ ਪਿੰਡ ਇਕਾਈਆ ਦੇ ਕਿਸਾਨ ਸ਼ਾਮਲ ਸਨ। ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਕਾਨੂੰਨੀ ਕਾਰਵਾਈ ਤਹਿਤ ਕਬਜ਼ਾ ਲੈਣ ਆਏ ਸਨ ਪਰ ਕਿਸਾਨਾਂ ਦੇ ਵਿਰੋਧ ਕਾਰਨ ਵਾਪਸ ਚਲੇ ਗਏ।