ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਨੇ ਸੜਕੀ ਆਵਾਜਾਈ ਰੋਕੀ

08:58 AM Feb 23, 2024 IST
ਤਰਨ ਤਾਰਨ ਦੇ ਪਿੰਡ ਰਸੂਲਪੁਰ ਨੇੜੇ ਕੌਮੀ ਮਾਰਗ ’ਤੇ ਪੁਤਲਾ ਫੂਕਦੀਆਂ ਹੋਈਆਂ ਬੀਬੀਆਂ।

ਕੇਂਦਰ ਸਰਕਾਰ ਤੋਂ ਮੰਗਾਂ ਮੰਨਵਾਉਣ ਲਈ ਸੰਘਰਸ਼ ਹੋਰ ਤੇਜ਼ ਕਰਨ ਦਾ ਸੱਦਾ

Advertisement

ਗੁਰਬਖਸ਼ਪੁਰੀ
ਤਰਨ ਤਾਰਨ, 22 ਫਰਵਰੀ
ਖਨੌਰੀ ਬਾਰਡਰ ’ਤੇ ਕਿਸਾਨ ਸੰਘਰਸ਼ ਦੌਰਾਨ ਹਰਿਆਣਾ ਪੁਲੀਸ ਵੱਲੋਂ ਵਾਹਨਾਂ ਦੀ ਭੰਨਤੋੜ ਕਰਨ ਅਤੇ ਗੋਲੀ ਲੱਗਣ ਕਾਰਨ ਨੌਜਵਾਨ ਕਿਸਾਨ ਦੀ ਮੌਤ ਦੇ ਰੋਸ ਵਜੋਂ ਅੱਜ ਕਿਸਾਨ ਜਥੇਬੰਦੀਆਂ ਨੇ ਕੇਂਦਰ ਤੇ ਖੱਟਰ ਸਰਕਾਰਾਂ ਦੇ ਪੁਤਲੇ ਫੂਕੇ ਅਤੇ ਕਈ ਥਾਈਂ ਸੜਕੀ ਆਵਾਜਾਈ ਰੋਕੀ ਗਈ। ਇਸ ਦੌਰਾਨ ਕਿਸਾਨ ਆਗੂਆਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ’ਤੇ ਜ਼ੋਰ ਦਿੱਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਬਲਜਿੰਦਰ ਸਿੰਘ, ਬੀਬੀ ਦਵਿੰਦਰ ਕੌਰ ਪਿੱਦੀ ਤੇ ਬੀਬੀ ਕੁਲਜੀਤ ਕੌਰ ਪਿੱਦੀ ਦੀ ਅਗਵਾਈ ਵਿਚ ਵੱਡੀ ਗਿਣਤੀ ’ਚ ਔਰਤਾਂ ਨੇ ਕੌਮੀ ਸ਼ਾਹ ਮਾਰਗ ਨੰਬਰ-54 ’ਤੇ ਪਿੰਡ ਰਸੂਲਪੁਰ ਨੇੜੇ ਆਵਾਜਾਈ ਰੋਕ ਕੇ ਕੇਂਦਰ ਅਤੇ ਹਰਿਆਣਾ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ ਹਰੀਕੇ ਦੇ ਹੈੱਡ ਵਰਕਸ ’ਤੇ ਤਿੰਨ ਘੰਟੇ ਧਰਨਾ ਦੇ ਕੇ ਸੜਕੀ ਆਵਾਜਾਈ ਠੱਪ ਕੀਤੀ ਗਈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਸਾਬ ਸਿੰਘ ਡੱਲ ਨੇ ਦੱਸਿਆ ਕਿ ਜਥੇਬੰਦੀ ਦੇ ਵਰਕਰਾਂ ਨੇ ਬਠਿੰਡਾ-ਅੰਮ੍ਰਿਤਸਰ ਹਾਈਵੇਅ ਨੂੰ ਮੁਕੰਮਲ ਤੌਰ ’ਤੇ ਬੰਦ ਦਿੱਤਾ। ਦੂਜੇ ਪਾਸੇ ਤਰਨ ਤਾਰਨ ਵਿਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਅਤੇ ਉਸਮਾਂ, ਮੰਨਣ ਅਤੇ ਭੱਗੁੂਪੁਰ ਟੌਲ ਪਲਾਜ਼ਿਆਂ ’ਤੇ ਧਰਨੇ ਜਾਰੀ ਰਹੇ।
ਫਿਲੌਰ (ਪੱਤਰ ਪ੍ਰੇਰਕ): ਇੱਥੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਦੋ ਘੰਟੇ ਲਈ ਜੀਟੀ ਰੋਡ ਨੂੰ ਜਾਮ ਕੀਤਾ ਗਿਆ ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਭਾਰ ਸਿੰਘ ਪੁਰੀ ਨੇ ਕੀਤੀ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਆਗੂਆਂ ਦੇ ਘਰਾਂ ਅਤੇ ਟੌਲ ਪਲਾਜ਼ਿਆਂ ’ਤੇ ਤਿੰਨ ਦਿਨ ਦੇ ਧਰਨੇ ਦੇ ਸੱਦੇ ਦੇ ਮੱਦੇਨਜ਼ਰ ਬੱਛੂਆਂ ਟੌਲ ਪਲਾਜ਼ੇ ’ਤੇ ਅੱਜ ਤੀਜੇ ਦਿਨ ਵੀ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਧਰਨਾ ਦੇ ਕੇ ਟੌਲ ਪਲਾਜ਼ਾ ਪਰਚੀ ਮੁਕਤ ਕਰੀ ਰੱਖਿਆ। ਧਰਨੇ ਵਿੱਚ ਰਾਣਾ ਕਰਨ ਸਿੰਘ, ਸੰਤੋਖ ਸਿੰਘ ਰੈਲ ਮਾਜਰਾ, ਸਵਰਨ ਸਿੰਘ ਨੰਗਲ, ਹਰਪਾਲ ਸਿੰਘ ਮੱਕੋਵਾਲ, ਧਰਮਪਾਲ ਭਰਥਲਾ, ਕਰਨੈਲ ਸਿੰਘ ਭੱਲਾ ਅਤੇ ਦੇਵਰਾਜ ਆਦਿ ਆਗੂ ਸ਼ਾਮਲ ਸਨ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਅੱਜ ਵੀ ਚੱਕ ਬਾਹਮਣੀਆਂ ਅਤੇ ਸੰਗੋਵਾਲ ਦੇ ਟੌਲ ਪਲਾਜ਼ੇ ਪਰਚੀ ਮੁਕਤ ਕੀਤੇ ਗਏ। ਆਗੂਆਂ ਨੇ ਕਿਹਾ ਕਿ ਸਰਕਾਰ ਗੋਲੀਆਂ ਨਾਲ ਕਿਸਾਨੀ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ। ਧਰਨਿਆਂ ਨੂੰ ਮੋਹਨ ਸਿੰਘ ਬੱਲ, ਗੁਰਚਰਨ ਸਿੰਘ ਚਾਹਲ, ਮਨਜੀਤ ਸਿੰਘ ਮਲਸੀਆਂ, ਕੁਲਜੀਤ ਭੋਲਾ, ਸੂਰਤ ਸਿੰਘ ਧਰਮ ਤੇ ਸੁਖਵਿੰਦਰ ਸਿੰਘ ਬਹਿਰਾਮਕੇ ਆਦਿ ਨੇ ਸੰਬੋਧਨ ਕੀਤਾ।

ਭੋਗਪੁਰ ਵਿੱਚ ਆਵਾਜਾਈ ਠੱਪ ਕਰਕੇ ਕੌਮੀ ਮਾਰਗ ’ਤੇ ਧਰਨਾ ਦਿੰਦੇ ਹੋਏ ਕਿਸਾਨ।

ਭੋਗਪੁਰ (ਬਲਵਿੰਦਰ ਸਿੰਘ ਭੰਗੂ): ਖਨੌਰੀ ਬਾਰਡਰ ’ਤੇ ਹਰਿਆਣਾ ਪੁਲੀਸ ਦੀ ਕਾਰਵਾਈ ਦੌਰਾਨ ਗੋਲੀ ਲੱਗਣ ਕਾਰਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਰੋਸ ਵਜੋਂ ਬੀਕੇਯੂ (ਕਾਦੀਆਂ) ਦੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਚੌਲਾਂਗ ਦੀ ਅਗਵਾਈ ਹੇਠ ਸ਼ਹਿਰ ਦੇ ਟੀ-ਪੁਆਇੰਟ ਕੌਮੀ ਮਾਰਗ ’ਤੇ ਧਰਨਾ ਦੇ ਕੇ ਤਿੰਨ ਘੰਟੇ ਆਵਾਜਾਈ ਠੱਪ ਕੀਤੀ ਗਈ। ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮੋਦੀ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਆਲੋਚਨਾ ਕੀਤੀ।

Advertisement

ਭਾਜਪਾ ਆਗੂਆਂ ਦੇ ਘਰਾਂ ਅੱਗੇ ਤਿੰਨ ਰੋਜ਼ਾ ਧਰਨੇ ਸਮਾਪਤ

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਸੰਯੁਕਤ ਕਿਸਾਨ ਮੋਰਚੇ ਵੱਲੋਂ ਰਣਜੀਤ ਐਵੇਨਿਊ ਸਥਿਤ ਭਾਜਪਾ ਦੇ ਦੋ ਆਗੂਆਂ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਘਰ ਦੇ ਬਾਹਰ ਦਿੱਤਾ ਗਿਆ ਧਰਨਾ ਅੱਜ ਤਿੰਨ ਦਿਨਾਂ ਬਾਅਦ ਸਮਾਪਤ ਹੋ ਗਿਆ ਹੈ। ਅੱਜ ਧਰਨੇ ਦੀ ਸ਼ੁਰੂਆਤ ਖਨੌਰੀ ਬਾਰਡਰ ’ਤੇ ਗੋਲੀ ਲੱਗਣ ਕਾਰਨ ਮਾਰੇ ਗਏ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦੇਣ ਨਾਲ ਕੀਤੀ ਗਈ। ਇਸ ਮੌਕੇ ਸੰਬੋਧਨ ਕਰਨ ਵਾਲੇ ਕਿਸਾਨ ਬੁਲਾਰਿਆਂ ਵਿੱਚ ਰਤਨ ਸਿੰਘ ਰੰਧਾਵਾ, ਜਤਿੰਦਰ ਸਿੰਘ ਛੀਨਾ, ਲਖਬੀਰ ਸਿੰਘ ਨਿਜ਼ਾਮਪੁਰਾ ,ਧਨਵੰਤ ਸਿੰਘ ਖਤਰਾਏ ਕਲਾਂ ,ਗੁਰਦੇਵ ਸਿੰਘ, ਸਰਵਣ ਸਿੰਘ ਤੇ ਹੋਰ ਸ਼ਾਮਲ ਸਨ।
ਪਠਾਨਕੋਟ (ਪੱਤਰ ਪ੍ਰੇਰਕ): ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਦੇ ਘਰ ਦਾ ਘਿਰਾਓ ਕੀਤਾ ਗਿਆ। ਪਹਿਲਾਂ ਇਹ ਸਾਰੇ ਕਿਸਾਨ ਲਦਪਾਲਵਾਂ ਟੌਲ ਪਲਾਜ਼ਾ ’ਤੇ ਇਕੱਠੇ ਹੋਏ। ਉਸ ਤੋਂ ਬਾਅਦ ਨਾਅਰੇ ਮਾਰਕੇ ਮਾਰਚ ਕਰਦਿਆਂ ਅਸ਼ਵਨੀ ਸ਼ਰਮਾ ਦੇ ਘਰ ਮੂਹਰੇ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਕੇਵਲ ਸਿੰਘ ਕੰਗ, ਬਲਵੰਤ ਸਿੰਘ ਘੋਹ, ਪ੍ਰੇਮ ਸਿੰਘ ਭੋਆ, ਬਲਦੇਵ ਰਾਜ ਭੋਆ, ਤਰਲੋਕ ਸਿੰਘ ਬਹਿਰਾਮਪੁਰ, ਇਕਬਾਲ ਸਿੰਘ, ਸੁਭਾਸ਼ ਸ਼ਰਮਾ, ਮੰਗਤ ਸਿੰਘ ਸੈਣੀ ਆਦਿ ਸ਼ਾਮਲ ਸਨ।
ਬਟਾਲਾ (ਹਰਜੀਤ ਸਿੰਘ ਪਰਮਾਰ): ਪਿਛਲੇ ਤਿੰਨ ਦਿਨਾਂ ਤੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਪ੍ਰੋਗਰਾਮ ਤਹਿਤ ਦੇ ਬਟਾਲਾ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ ਅਤੇ ਕਾਦੀਆਂ ਵਿੱਚ ਸੀਨੀਅਰ ਭਾਜਪਾ ਆਗੂ ਫਤਿਹਜੰਗ ਸਿੰਘ ਬਾਜਵਾ ਦੇ ਘਰਾਂ ਅੱਗੇ ਦਿੱਤਾ ਜਾ ਰਹੇ ਧਰਨਾ ਅੱਜ ਤੀਜੇ ਦਿਨ ਭਾਜਪਾ ਆਗੂਆਂ ਦੇ ਪੁਤਲੇ ਫੂਕਣ ਉਪਰੰਤ ਸਮਾਪਤ ਹੋ ਗਿਆ। ਧਰਨਿਆਂ ਦੀ ਅਗਵਾਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਾਜਗੁਰਵਿੰਦਰ ਸਿੰਘ ਲਾਡੀ, ਮਾਝਾ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਤੇ ਜਨਰਲ ਸਕੱਤਰ ਗੁਰਮੀਤ ਸਿੰਘ ਡਡਿਆਲਾ ਆਦਿ ਨੇ ਕੀਤੀ।

ਸ਼ੰਭੂ ਬਾਰਡਰ ’ਤੇ ਜਾ ਰਿਹਾ ਕਿਸਾਨ ਹਾਦਸੇ ਵਿੱਚ ਹਲਾਕ

ਸ਼ਾਹਕੋਟ (ਪੱਤਰ ਪ੍ਰੇਰਕ): ਸ਼ੰਭੂ ਬਾਰਡਰ ’ਤੇ ਜਾਰੀ ਸੰਘਰਸ਼ ਵਿੱਚ ਸ਼ਾਮਲ ਹੋਣ ਜਾ ਰਹੇ ਕਿਸਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ, ਜਿਸ ਦੀ ਦੇਹ ’ਤੇ ਕਿਸਾਨ ਸੰਘਰਸ਼ ਕਮੇਟੀ ਨੇ ਜਥੇਬੰਦੀ ਦਾ ਝੰਡਾ ਪਾ ਕੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਗੁਰਮੇਲ ਸਿੰਘ ਰੇੜਵ੍ਹਾਂ, ਸਹਾਇਕ ਵਿੱਤ ਸਕੱਤਰ ਰਜਿੰਦਰ ਸਿੰਘ ਨੰਗਲ ਅੰਬੀਆਂ ਅਤੇ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਨੇ ਦੱਸਿਆ ਕਿ ਹਰਦੀਪ ਸਿੰਘ (40) ਪੁੱਤਰ ਦਰਸ਼ਨ ਸਿੰਘ ਵਾਸੀ ਰਾਮਪੁਰ ਸ਼ੰਭੂ ਬੈਰੀਅਰ ਉੱਪਰ ਲੱਗੇ ਕਿਸਾਨੀ ਮੋਰਚੇ ਵਿਚ ਸ਼ਾਮਲ ਹੋਣ ਲਈ ਆਪਣੇ ਪਿੰਡ ਤੋਂ ਮੋਟਰਸਾਈਕਲ ’ਤੇ ਸ਼ਾਹਕੋਟ ਵੱਲ ਨੂੰ ਆ ਰਿਹਾ ਸੀ। ਜਿਉਂ ਹੀ ਉਹ ਪਰਜੀਆਂ ਰੋਡ ’ਤੇ ਸਥਿਤ ਇਕ ਨਿਜੀ ਸਕੂਲ ਕੋਲ ਪੁੱਜਾ ਤਾਂ ਸੜਕ ’ਤੇ ਖਰਾਬ ਖੜ੍ਹੀ ਕੰਬਾਈਨ ਨਾਲ ਟਕਰਾ ਗਿਆ, ਜਿਸ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ।

Advertisement