ਕਿਸਾਨਾਂ ਨੇ ਘਰ ਦੀ ਕੁਰਕੀ ਰੁਕਵਾਈ
ਬੀਰਬਲ ਰਿਸ਼ੀ
ਧੂਰੀ, 5 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਧੂਰੀ ਵਿੱਚ ਇਕ ਘਰ ਦੀ ਕੁਰਕੀ ਤੇ ਪਿੰਡ ਕੱਕੜਵਾਲ ’ਚ ਵਾਰੰਟ ਕਬਜ਼ਾ ਰੁਕਵਾਉਣ ਸਮੇਂ ਉਕਤ ਦੋਵੇਂ ਥਾਵਾਂ ’ਤੇ ਧਰਨਾ ਦੇ ਕੇ ਪ੍ਰਦਰਸ਼ਨ ਕੀਤੇ। ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਆਗੂ ਹਰਪਾਲ ਸਿੰਘ ਪੇਧਨੀ ਨੇ ਦੱਸਿਆ ਕਿ ਇੱਕੋ ਸਮੇਂ ਆਏ ਦੋਵੇਂ ਮਸਲਿਆਂ ਦੇ ਮੱਦੇਨਜ਼ਰ ਜਥੇਬੰਦੀ ਨੇ ਦੋ ਟੀਮਾਂ ਬਣਾਈਆਂ ਜਿਸ ਵਿੱਚ ਧੂਰੀ ਮਾਮਲੇ ਨੂੰ ਨਜਿੱਠਣ ਲਈ ਮਹਿੰਦਰ ਭਸੌੜ ਤੇ ਕਰਮਜੀਤ ਸਿੰਘ ਬੇਨੜਾ ਨੂੰ ਅਗਵਾਈ ਸੌਂਪੀ ਜਦੋਂ ਕਿ ਕੱਕੜਵਾਲ ਵਿੱਚ ਜਥੇਬੰਦੀ ਦੇ ਮੋਹਰੀ ਆਗੂ ਰਾਮ ਸਿੰਘ ਕੱਕੜਵਾਲ, ਮਨਜੀਤ ਸਿੰਘ ਜਹਾਂਗੀਰ ਅਤੇ ਬਾਬੂ ਸਿੰਘ ਮੂਲੋਵਾਲ ਨੇ ਅਗਵਾਈ ਕੀਤੀ। ਧੂਰੀ ਦੇ ਏਪੀ ਕਲੋਨੀ ’ਚ ਲਖਵੀਰ ਕੁਮਾਰ ਤੇ ਨੀਲਮ ਰਾਣੀ ਦੇ ਪਰਿਵਾਰ ਵੱਲੋਂ 2023 ਵਿੱਚ ਘਰ ’ਤੇ 8.70 ਲੱਖ ਰੁਪਏ ਦਾ ਇੱਕ ਸੰਗਰੂਰ ਦੀ ਬੈਂਕ ਤੋਂ ਲੋਨ ਲਿਆ ਸੀ ਜਿਸ ਵਿੱਚ ਪਰਿਵਾਰ ਨੇ 70 ਹਜ਼ਾਰ ਰੁਪਏ ਭਰੇ ਹੋਏ ਹਨ। ਕਿਸਾਨ ਆਗੂ ਅਨੁਸਾਰ ਕੁਰਕੀ ਕਰਵਾਉਣ ਆਏ ਬੈਂਕ ਅਧਿਕਾਰੀਆਂ ’ਤੇ ਕਿਸਾਨ ਧਿਰਾਂ ਦਰਮਿਆਨ ਗੱਲਬਾਤ ਮਗਰੋਂ ਕੁਰਕੀ ਰੁਕ ਗਈ ਅਤੇ ਦੋਵੇਂ ਧਿਰਾਂ ਵਿੱਚ ਮਸਲੇ ਨੂੰ ਆਪਸੀ ਸਹਿਮਤੀ ਨਾਲ ਮਿਲ ਬੈਠਕੇ ਨਿਬੇੜਨ ਦਾ ਫੈਸਲਾ ਹੋਇਆ। ਦੂਜੇ ਪਾਸੇ ਪਿੰਡ ਕੱਕੜਵਾਲ ਵਿੱਚ ਜ਼ਮੀਨ ਦੇ ਵਾਰੰਟ ਕਬਜ਼ੇ ਨੂੰ ਰੁਕਵਾਉਣ ਲਈ ਕਿਸਾਨਾਂ ਨੇ ਰੋਸ ਰੈਲੀ ਕੀਤੀ ਤੇ ਇਸ ਦੌਰਾਨ ਰੈਲੀ ਕਾਰਨ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। ਇਸ ਸਬੰਧੀ ਪੱਖ ਜਾਣਨ ਲਈ ਤਹਿਸੀਲਦਾਰ ਧੂਰੀ ਦਿੱਵਿਆ ਸਿੰਗਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਛੁੱਟੀ ’ਤੇ ਹਨ ਜਦੋਂ ਕਿ ਨਾਇਬ ਤਹਿਸੀਲਦਾਰ ਭੀਸ਼ਮ ਪਾਂਡੇ ਨਾਲ ਸੰਪਰਕ ਨਹੀਂ ਹੋ ਸਕਿਆ।