ਕਿਸਾਨਾਂ ਵੱਲੋਂ ਜਲੰਧਰ-ਪਠਾਨਕੋਟ ਮਾਰਗ ’ਤੇ ਆਵਾਜਾਈ ਠੱਪ
ਜਗਜੀਤ ਸਿੰਘ
ਮੁਕੇਰੀਆਂ, 18 ਅਕਤੂਬਰ
ਅੱਜ ਕਿਸਾਨ ਜਥੇਬੰਦੀਆਂ ਵੱਲੋਂ ਮੰਡੀਆਂ ਵਿੱਚ ਖਰੀਦ ਅਤੇ ਚੁਕਾਈ ਨਾ ਹੋਣ ਖ਼ਿਲਾਫ਼ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਭੰਗਾਲਾ ਵਿੱਚ ਕਰੀਬ ਸਵੇਰੇ 11 ਵਜੇ ਤੋਂ ਧਰਨਾ ਲਗਾ ਕੇ ਸੜਕੀ ਆਵਾਜਾਈ ਠੱਪ ਕਰ ਦਿੱਤੀ ਗਈ ਹੈ। ਮੰਗਾਂ ਦੇ ਹੱਲ ਲਈ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਕੋਈ ਪਹਿਲ ਕਦਮੀ ਨਾ ਕਰਨ ਖ਼ਿਲਾਫ਼ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਧਰਨਾ ਖਤਮ ਕਰਨ ਲਈ ਸਿਰਫ਼ ਐੱਸਪੀ ਮੇਜਰ ਸਿੰਘ ਵੱਲੋਂ ਹੀ ਚਾਰਾਜੋਈ ਕੀਤੀ ਜਾ ਰਹੀ ਹੈ, ਜਦਕਿ ਦੇਰ ਸ਼ਾਮ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਇੱਥੇ ਪਹੁੰਚ ਨਹੀਂ ਕੀਤੀ। ਕਿਸਾਨਾਂ ਨੇ ਕੌਮੀ ਮਾਰਗ ’ਤੇ ਬਿਸਤਰੇ ਲਗਾ ਕੇ ਆਪਣੇ ਰੈਣ ਬਸੇਰੇ ਤਿਆਰ ਕਰ ਲਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਪਹਿਲੀ ਅਕਤੂਬਰ ਤੋਂ ਕੇਵਲ ਜ਼ੁਬਾਨੀ ਖਰੀਦ ਸ਼ੁਰੂ ਕੀਤੀ ਹੈ, ਜਦੋਂ ਕਿ ਮੰਡੀਆਂ ਵਿੱਚ ਕੋਈ ਖਰੀਦ ਨਹੀਂ ਹੋਈ ਹੈ।
ਚੁਕਾਈ ਨਾ ਹੋਣ ਕਾਰਨ ਮੰਡੀਆਂ ਵਿੱਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਅਤੇ ਮੰਡੀਆਂ ਵਿੱਚ ਚੁਕਾਈ ਨਾ ਹੋਣ ਕਾਰਨ ਮੰਡੀਆਂ ਵਿੱਚ ਢੇਰੀਆਂ ਲਗਾਉਣ ਲਈ ਜਗ੍ਹਾ ਨਹੀਂ ਬਚੀ। ਕਿਸਾਨਾਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਆਪਣੇ ਦਫ਼ਤਰਾਂ ਵਿੱਚੋਂ ਬਾਹਰ ਆ ਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਨ ਲਈ ਤਿਆਰ ਨਹੀਂ ਹਨ। ਭੰਗਾਲਾ ਵਿੱਚ 11 ਵਜੇ ਤੋਂ ਆਵਾਜਾਈ ਠੱਪ ਹੋਣ ਦੇ ਬਾਵਜੂਦ ਐੱਸਪੀ ਮੇਜਰ ਸਿੰਘ ਤੋਂ ਇਲਾਵਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਨਹੀਂ ਬਹੁੜਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸਾਨ ਮਸਲਾ ਹੱਲ ਹੋਣ ਤੱਕ ਆਵਾਜਾਈ ਠੱਪ ਰੱਖਣਗੇ।