ਕਿਸਾਨਾਂ ਨੇ ਨਹਿਰੀ ਕੋਠੀ ਵਾਲੀ ਜ਼ਮੀਨ ਦੀ ਕਬਜ਼ਾ ਕਾਰਵਾਈ ਰੋਕੀ
ਰਮੇਸ਼ ਭਾਰਦਵਾਜ
ਲਹਿਰਾਗਾਗਾ, 8 ਜਨਵਰੀ
ਪਿੰਡ ਸੰਗਤਪੁਰ ਵਿੱਚ 26 ਸਾਲ ਪਹਿਲਾਂ ਨਿਲਾਮ ਕੀਤੀ ਨਹਿਰੀ ਕੋਠੀ ਵਾਲੀ ਜ਼ਮੀਨ ਦਾ ਕਬਜ਼ਾ ਲੈਣ ਆਈ ਨਹਿਰੀ ਵਿਭਾਗ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਬੇਰੰਗ ਪਰਤਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨਹਿਰੀ ਵਿਭਾਗ ਦੀ ਟੀਮ ਅੱਜ 23ਵੀਂ ਵਾਰ ਕਬਜ਼ਾ ਲੈਣ ਆਈ ਸੀ ਤੇ ਇਸ ਵਾਰ ਵੀ ਕਿਸਾਨਾਂ ਨੇ ਕਬਜ਼ਾ ਲੈਣ ਨਹੀਂ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬੁਲਾਰਿਆਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਕਿਸਾਨ ਦੀ ਜ਼ਮੀਨ ਦਾ ਕਬਜ਼ਾ ਲੈਣ ਲਈ ਉਨ੍ਹਾਂ ਦੀਆਂ ਲਾਸ਼ਾਂ ਤੋਂ ਲੰਘਣਾ ਪਵੇਗਾ ਤੇ ਉਹ ਕਿਸੇ ਕੀਮਤ ’ਤੇ ਕਬਜ਼ਾ ਨਹੀਂ ਲੈਣ ਦੇਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਆਪਣੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਆੜ ’ਚ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਰਕਾਰ ਦੇ ਅਜਿਹੇ ਕਿਸਾਨ ਵਿਰੋਧੀ ਕਾਨੂੰਨਾਂ ਦਾ ਵਿਰੋਧ ਕਰਦੀ ਹੈ ਅਤੇ ਕਰਦੀ ਰਹੇਗੀ। ਦੂਜੇ ਪਾਸੇ ਕਬਜ਼ਾ ਲੈਣ ਵਾਲੀ ਟੀਮ ’ਚ ਐੱਸਐੱਚਓ ਵਿਨੋਦ ਕੁਮਾਰ, ਤਹਿਸੀਲਦਾਰ ਸੁਰਿੰਦਰਪਾਲ ਸਿੰਘ ਪੰਨੂ, ਉਪ ਮੰਡਲ ਅਫ਼ਸਰ ਆਈਬੀ, ਕਾਨੂੰਨਗੋ ਲਹਿਰਾਗਾਗਾ ਤੋਂ ਇਲਾਵਾ ਪੁਲੀਸ ਅਤੇ ਸਿੰਜਾਈ ਵਿਭਾਗ ਦੇ ਮੁਲਾਜ਼ਮ ਸ਼ਾਮਲ ਸਨ। ਇਸ ਮੌਕੇ ਕਬਜ਼ਾ ਲੈਣ ਆਏ ਅਧਿਕਾਰੀਆਂ ਦੀ ਕਿਸਾਨ ਆਗੂਆਂ ਨਾਲ ਸਾਰਥਕ ਮਾਹੌਲ ਵਿਚ ਗੱਲਬਾਤ ਹੋਈ। ਦੋਵੇਂ ਧਿਰਾਂ ਵੱਲੋਂ ਇਸ ਮਸਲੇ ਨੂੰ ਬੈਠ ਕੇ ਹੱਲ ਕਰਨ ਦੀ ਗੱਲ ਕੀਤੀ ਗਈ। ਇਸ ਮੌਕੇ ਬਲਾਕ ਆਗੂ ਬਹਾਦਰ ਸਿੰਘ ਭੁਟਾਲ ਖੁਰਦ, ਰਾਮਚੰਦ ਸਿੰਘ ਚੋਟੀਆਂ, ਕਰਨੈਲ ਸਿੰਘ ਗਨੌਟਾ, ਪ੍ਰੀਤਮ ਸਿੰਘ ਲਹਿਲ ਕਲਾਂ, ਹਰਸੇਵਕ ਸਿੰਘ ਲਹਿਲ ਖੁਰਦ, ਗੁਰਪ੍ਰੀਤ ਸਿੰਘ, ਬਿੱਕਰ ਸਿੰਘ ਖੋਖਰ, ਹਰਬੰਸ ਗੋਬਿੰਦਗੜ੍ਹ ਜੇਜੀਆਂ ਤੇ ਸੰਗਤਪੁਰਾ ਇਕਾਈ ਦੇ ਪ੍ਰਧਾਨ ਦਰਸ਼ਨ ਸਿੰਘ ਆਦਿ ਨੇ ਸੰਬੋਧਨ ਕੀਤਾ।
ਕੱਕੜਵਾਲ ਵਿੱਚ ਕਬਜ਼ਾ ਕਾਰਵਾਈ ਰੋਕੀ
ਧੂਰੀ (ਬੀਰਬਲ ਰਿਸ਼ੀ):
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਿੰਡ ਕੱਕੜਵਾਲ ਵਿੱਚ ਧਰਨਾ ਲਗਾ ਕੇ ਇੱਕ ਵਾਰ ਫਿਰ ਵਾਰੰਟ ਕਬਜ਼ਾ ਰੋਕ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਬਜ਼ੇ ਦੀ ਕਾਰਵਾਈ ਨੂੰ ਉਕਤ ਕਿਸਾਨ ਜਥੇਬੰਦੀ ਨੇ ਅਸਫ਼ਲ ਬਣਾ ਦਿੱਤਾ ਸੀ। ਅੱਜ ਬੀਕੇਯੂ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਸਵੇਰ 10 ਵਜੇ ਪਿੰਡ ਕੱਕੜਵਾਲ ’ਚ ਵਾਰੰਟ ਕਬਜ਼ੇ ਦੇ ਵਿਰੋਧ ਵਿੱਚ ਧਰਨਾ ਲਗਾ ਦਿੱਤਾ ਜੋ ਸ਼ਾਮ ਨੂੰ ਸਹੀ ਪੰਜ ਵਜੇ ਤੱਕ ਚੱਲਦਾ ਰਿਹਾ। ਸਵੇਰ ਤੋਂ ਸ਼ਾਮ ਤੱਕ ਕੋਈ ਵੀ ਅਧਿਕਾਰੀ ਤੇ ਮੁਲਾਜ਼ਮ ਵਰੰਟ ਕਬਜ਼ਾ ਕਰਵਾਉਣ ਲਈ ਨਹੀਂ ਪਹੁੰਚਿਆਂ। ਜਨਤਕ ਇਕੱਠ ਦੌਰਾਨ ਬੋਲਦਿਆਂ ਜਥੇਬੰਦੀ ਦੇ ਬਲਾਕ ਜਨਰਲ ਸਕੱਤਰ ਹਰਪਾਲ ਸਿੰਘ ਪੇਧਨੀ, ਰਾਮ ਸਿੰਘ ਕੱਕੜਵਾਲ, ਮਨਜੀਤ ਸਿੰਘ ਜਹਾਂਗੀਰ, ਕਰਮਜੀਤ ਸਿੰਘ ਬੇਨੜਾ ਅਤੇ ਬਾਬੂ ਸਿੰਘ ਮੂਲੋਵਾਲ ਨੇ ਦਾਅਵਾ ਕੀਤਾ ਕਿ ਜਿਹੜੇ ਮਿਸਤਰੀ ਦੀ ਜਗ੍ਹਾ ਦਾ ਵਾਰੰਟ ਕਬਜ਼ਾ ਲਿਆਂਦਾ ਗਿਆ ਹੈ ਉਸ ਦੇ ਪੁਰਖੇ ਇਸੇ ਜਗ੍ਹਾ ’ਤੇ ਰਹਿੰਦੇ ਰਹੇ, ਘਰ ਅਤੇ ਵਰਕਸ਼ਾਪ ਦਾ ਮੀਟਰ ਵੀ ਸਬੰਧਤ ਪਰਿਵਾਰ ਦੇ ਨਾਮ ’ਤੇ ਚਲਦਾ ਹੈ। ਇਸ ਦੌਰਾਨ ਤਹਿਸੀਲਦਾਰ ਧੂਰੀ ਮਨਮੋਹਣ ਕੌਸ਼ਿਕ ਨੇ ਦੱਸਿਆ ਕਿ ਵਾਰੰਟ ਕਬਜ਼ਾ ਕਰਵਾਉਣ ਲਈ ਪੁਲੀਸ ਇਮਦਾਦ ਮੰਗੀ ਹੋਈ ਹੈ ਪਰ ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਲੋੜੀਂਦੀ ਪੁਲੀਸ ਇਮਦਾਦ ਦੀ ਘਾਟ ਕਾਰਨ ਵਾਰੰਟ ਕਬਜ਼ਾ ਨਹੀਂ ਹੋ ਸਕਿਆ।