ਟੌਲ ਪਲਾਜ਼ਿਆਂ ਅਤੇ ਮੰਤਰੀਆਂ ਦੇ ਘਰਾਂ ਅੱਗੇ ਡਟੇ ਕਿਸਾਨ
ਜਸਬੀਰ ਸਿੰਘ ਚਾਨਾ
ਫਗਵਾੜਾ, 22 ਅਕਤੂਬਰ
ਝੋਨੇ ਦੀ ਖ਼ਰੀਦ ਨਾ ਹੋਣ ਦੇ ਰੋਸ ਵਜੋਂ ਕਿਸਾਨਾਂ ਵਲੋਂ ਸ਼ੂਗਰ ਮਿੱਲ ਚੌਕ ’ਚ ਸ਼ੁਰੂ ਕੀਤਾ ਗਿਆ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ ਤੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਸਰਕਾਰ ਨੂੰ ਜਲਦ ਤੋਂ ਜਲਦ ਕਿਸਾਨਾਂ ਦਾ ਮਸਲਾ ਹੱਲ ਕਰਕੇ ਆਪਣੀ ਨੀਤੀ ਸਪੱਸ਼ਟ ਕਰਨ ਲਈ ਕਿਹਾ ਹੈ। ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਕ੍ਰਿਪਾਲ ਸਿੰਘ ਮੁਸਾਪੂਰ ਆਦਿ ਨੇ ਕਿਹਾ ਕਿ ਜੇ ਸਰਕਾਰ ਵਲੋਂ ਪੂਰੇ ਪੰਜਾਬ ’ਚ ਝੋਨੇ ਦੀ ਖ਼ਰੀਦ ਦਾ ਕੰਮ ਸਹੀ ਢੰਗ ਨਾਲ ਨਾ ਚਲਾਇਆ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਧਰਨੇ ’ਤੇ ਗੱਲਬਾਤ ਕਰਨ ਲਈ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐੱਸਐੱਸਪੀ ਕਪੂਰਥਲਾ ਵਤਸਲਾ ਗੁਪਤਾ ਪੁੱਜੇ ਤੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕੀਤੀ। ਜਿਸ ਉਪਰੰਤ ਐੱਸਡੀਐੱਮ ਦਫ਼ਤਰ ਵਿੱਚ ਪ੍ਰਸ਼ਾਸਨ ਤੇ ਕਿਸਾਨਾਂ ਵਿਚਕਾਰ ਮੀਟਿੰਗ ਹੋਈ ਜਿਸ ’ਚ ਕਿਸਾਨਾਂ ਨੇ ਮੰਗ ਰੱਖੀ ਕਿ ਝੋਨੇ ਦੀ ਖ਼ਰੀਦ ਸਬੰਧੀ ਸਰਕਾਰ ਆਪਣੀ ਪਾਲਿਸੀ ਜਾਰੀ ਕਰੇ ਤੇ ਪੰਜਾਬ ’ਚ ਲਿਫ਼ਟਿੰਗ ਤੇ ਝੋਨੇ ਦੀ ਭਰਾਈ ਚਾਲੂ ਹੋਵੇ। ਪਰ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਜ਼ਿਲ੍ਹਾ ਕਪੂਰਥਲਾ ਦੀਆਂ ਮੰਡੀਆਂ, ਫ਼ੋਕਲ ਪੁਆਇੰਟਾਂ ’ਚ ਝੋਨੇ ਦੀ ਖ਼ਰੀਦ ਤੇ ਲਿਫ਼ਟਿੰਗ ਦਾ ਕੰਮ ਸਹੀ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਮੰਡੀਆਂ ਚੱਲਾ ਦਿੱਤੀਆਂ ਗਈਆਂ ਹਨ ਤੇ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਸ੍ਰੀ ਰਾਏ ਨੇ ਕਿਹਾ ਕਿ ਪੂਰੇ ਪੰਜਾਬ ਦੇ ਮਾਮਲੇ ਨੂੰ ਲੈ ਕੇ ਇਹ ਮੀਟਿੰਗ ਬੇਸਿੱਟਾ ਰਹੀ ਹੈ। ਸਾਹਨੀ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ’ਤੇ ਲੋਕਾਂ ਦੀ ਸਮੱਸਿਆ ਨੂੰ ਦੇਖਦਿਆਂ ਸਰਵਿਸ ਰੋਡਾਂ ਨੂੰ ਚਾਲੂ ਕਰ ਦਿੱਤਾ ਜਿਸ ਨਾਲ ਜਲੰਧਰ ਤੋਂ ਲੁਧਿਆਣਾ ਜਾਣ, ਲੁਧਿਆਣਾ ਤੋਂ ਜਲੰਧਰ ਆਉਣ ਜਾਣ ਵਾਲੇ ਲੋਕਾਂ ਲਈ ਟ੍ਰੈਫ਼ਿਕ ਬਹਾਲ ਹੋ ਗਈ।
ਚੇਤਨਪੁਰਾ(ਰਣਬੀਰ ਸਿੰਘ ਮਿੰਟੂ): ਕਿਰਤੀ ਕਿਸਾਨ ਯੂਨੀਅਨ ਵੱਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਘਰ ਸਾਹਮਣੇ ਤਿੰਨ ਦਿਨਾਂ ਧਰਨੇ ਦੇ ਦੂਜੇ ਦਿਨ ਵੀ ਸੰਘਰਸ਼ ਜਾਰੀ ਰਿਹਾ। ਇਸ ਮੌਕੇ ਕਿਸਾਨਾਂ ਨੇ ਬਾਸਮਤੀ ਦੀ ਹੋ ਰਹੀ ਲੁੱਟ ਰੋਕਣ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਅੱਜ ਇਸ ਮੌਕੇ ਸੈਂਕੜੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ, ਸੂਬਾ ਕਮੇਟੀ ਮੈਂਬਰਾਨ ਹਰਦੀਪ ਕੌਰ ਕੋਟਲਾ ਤੇ ਸੁਖਦੇਵ ਸਿੰਘ ਸਹਿੰਸਰਾ ਨੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ, ਜਿਸ ਕਾਰਨ ਅੱਜ ਪੰਜਾਬ ਦਾ ਹਰੇਕ ਵਰਗ ਸਰਕਾਰ ਤੋਂ ਦੁਖੀ ਹੈ। ਇਸ ਮੌਕੇ ਕਿਸਾਨ ਆਗੂਆਂ ਮੇਜਰ ਸਿੰਘ ਕੜਿਆਲ, ਅਵਤਾਰ ਸਿੰਘ ਜੱੱਸੜ, ਰਵਿੰਦਰ ਸਿੰਘ ਛੱਜਲਵੱਡੀ, ਸੁਖਵਿੰਦਰ ਸਿੰਘ ਕਿਆਮਪੁਰ, ਗੁਰਸ਼ਰਨ ਸਿੰਘ ਰਾਣੇਵਾਲੀ, ਨੰਬੜਦਾਰ ਦਿਲਬਾਗ ਸਿੰਘ ਮਾਕੋਵਾਲ, ਜਸਬੀਰ ਸਿੰਘ ਰੱਖ ਓਠੀਆਂ, ਬਲਵਿੰਦਰ ਸਿੰਘ ਪੰਜਗਰਾਈਂ ਹਾਜ਼ਰ ਸਨ।
ਦਸੂਹਾ ’ਚ ਕਿਸਾਨ ਜਥੇਬੰਦੀਆਂ ਵੱਲੋਂ ਕੌਮੀ ਮਾਰਗ ’ਤੇ ਚੱਕਾ ਜਾਮ
ਦਸੂਹਾ (ਭਗਵਾਨ ਦਾਸ ਸੰਦਲ): ਝੋਨੇ ਦੀ ਖਰੀਦ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਦੋਆਬਾ ਕਿਸਾਨ ਕਮੇਟੀ ਪੰਜਾਬ, ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਗੜ੍ਹਦੀਵਾਲਾ ਵੱਲੋਂ ਵੱਲੋਂ ਹੋਰ ਹਮਖਿਆਲੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਨੈਸ਼ਨਲ ਹਾਈਵੇਅ ਦੇ ਹਾਜ਼ੀਪੁਰ ਚੌਕ ’ਚ ਚੱਕਾ ਜਾਮ ਕਰ ਕੇ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਜਲੰਧਰ-ਪਠਾਨਕੋਟ ਕੌਮੀ ਮਾਰਗ ਦੀ ਆਵਾਜਾਈ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ। ਇਸ ਮੌਕੇ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਦਰਜ ਕਰਵਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਪਰਮਜੀਤ ਸਿੰਘ ਭੁੱਲਾ, ਰਣਜੀਤ ਸਿੰਘ ਬਾਜਵਾ, ਜੁਝਾਰ ਸਿੰਘ ਕੇਸੋਪੁਰ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ ਅਤੇ ਚੁਕਾਈ ਨਾ ਹੋਣ ਕਾਰਨ ਹਾਲਾਤ ਹੋਰ ਵਿਗੜ ਰਹੇ ਹਨ। ਐੱਸਡੀਐੱਮ ਦਸੂਹਾ ਕਨਵਲਜੀਤ ਸਿੰਘ ਅਤੇ ਡੀਐੱਸਪੀ ਜਤਿੰਦਰ ਪਾਲ ਸਿੰਘ ਨੇ ਧਰਨੇ ਵਾਲੀ ਥਾਂ ’ਤੇ ਆ ਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਬਿਨਾਂ ਕੱਟ ਝੋਨੇ ਦੀ ਖਰੀਦ ਅਤੇ ਲਿਫਟਿੰਗ ਤੁਰੰਤ ਚਾਲੂ ਹੋ ਜਾਵੇਗੀ ਅਤੇ ਜੇ ਫਾਰਮ ਵੀ ਦਿੱਤੇ ਜਾਣਗੇ। ਜਿਸ ਮਗਰੋਂ ਕਿਸਾਨ ਜੱਥੇਬੰਦੀਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।
ਚੱਕ ਬਾਹਮਣੀਆਂ ਟੌਲ ’ਤੇ ਕਿਸਾਨਾਂ ਦਾ ਧਰਨਾ ਛੇਵੇਂ ਦਿਨ ਵੀ ਜਾਰੀ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਵੱਲੋਂ ਕੌਮੀ ਸ਼ਾਹਰਾਹ ’ਤੇ ਸਥਿਤ ਚੱਕ ਬਾਹਮਣੀਆਂ ਦੇ ਟੌਲ ਪਲਾਜ਼ਾ ’ਤੇ ਲਗਾਇਆ ਧਰਨਾ ਅੱਜ ਛੇਵੇਂ ਦਿਨ ’ਚ ਦਾਖਲ ਹੋ ਗਿਆ। ਕਿਸਾਨਾਂ ਦੇ ਧਰਨੇ ਕਾਰਨ ਟੌਲ ਵੀ ਲਗਾਤਾਰ ਪਰਚੀ ਮੁਕਤ ਚੱਲ ਰਿਹਾ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਬੱਲ ਅਤੇ ਸਕੱਤਰ ਗੁਰਚਰਨ ਸਿੰਘ ਚਾਹਲ ਨੇ ਕਿਹਾ ਕਿ ਜੇ ਸਰਕਾਰ ਨੇ ਝੋਨੇ ਦੀ ਖਰੀਦ ਤੇ ਚੁਕਾਈ ਦਾ ਜਲਦ ਕੋਈ ਹੱਲ ਨਾ ਕੱਢਿਆ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰ ਦੇਣਗੇ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆ ਕਿਸਾਨ ਆਗੂ ਬਲਕਾਰ ਸਿੰਘ ਫਾਜਿਲਵਾਲ, ਜਸਪਾਲ ਸਿੰਘ ਸੰਢਾਂਵਾਲ,ਗੁਰਮੁਖ ਸਿੰਘ ਸਿੱਧੂ ਅਤੇ ਮਨਜੀਤ ਸਿੰਘ ਸਾਬੀ ਨੇ ਮੰਗ ਕੀਤੀ ਕਿ ਪੀ.ਆਰ 126 ਝੋਨੇ ਸਮੇਤ ਹਰ ਕਿਸਮ ਦੇ ਝੋਨੇ ਨੂੰ ਐੱਮਐੱਸਪੀ ’ਤੇ ਨਿਰਵਿਘਨ ਖਰੀਦਿਆ ਜਾਵੇ,ਖਰੀਦੇ ਝੋਨੇ ਦੀ ਚੁਕਾਈ ਕਰਵਾਉਣ, 22 ਫੀਸਦੀ ਨਮੀ ਕਰਨ ਅਤੇ ਦਾਗੀ ਦਾਣਿਆਂ ਵਰਗੀਆਂ ਹੋਰ ਸ਼ਰਤਾਂ ਨਰਮ ਕੀਤੀਆਂ ਜਾਣ। ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਉਨ੍ਹਾਂ ਦੀ ਮੰਗ ਅਨੁਸਾਰ ਮਿਥਣ ਅਤੇ ਹੋਰ ਹੱਕੀ ਮੰਗਾਂ ਮੰਨਣ ਦੀ ਅਪੀਲ ਵੀ ਕੀਤੀ।