ਟੌਲ ਪਲਾਜ਼ਿਆਂ ਤੇ ਸਿਆਸੀ ਆਗੂਆਂ ਦੇ ਘਰਾਂ ਅੱਗੇ ਡਟੇ ਕਿਸਾਨ
ਸ਼ਗਨ ਕਟਾਰੀਆ/ਜੋਗਿੰਦਰ ਸਿੰਘ ਮਾਨ
ਬਠਿੰਡਾ/ਮਾਨਸਾ, 22 ਅਕਤੂਬਰ
ਝੋਨੇ ਦੀ ਸੁਸਤ ਖ਼ਰੀਦ ਨੂੰ ਰਾਹ ’ਤੇ ਲਿਆਉਣ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਧਰਨਿਆਂ ਦਾ ਦੌਰ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਜ਼ਿਲ੍ਹਾ ਬਠਿੰਡਾ ’ਚ ਚਾਰ ਟੌਲ ਪਲਾਜ਼ਿਆਂ ’ਤੇ ਧਰਨਾ ਦੇ ਰਹੇ ਕਿਸਾਨਾਂ ਵੱਲੋਂ ਟੌਲ ਅੱਜ ਵੀ ਫਰੀ ਰਿਹਾ। ਜ਼ਿਲ੍ਹੇ ਦੇ ਹੀ ‘ਆਪ’ ਅਤੇ ਭਾਜਪਾ ਦੇ ਆਗੂਆਂ ਦੇ ਦਰਾਂ ’ਤੇ ਚੱਲ ਰਹੇ ਧਰਨੇ ਵੀ ਨਿਰੰਤਰ ਚੱਲ ਰਹੇ ਹਨ। ਆਗੂਆਂ ਨੇ ਅੱਜ ਆਪਣੇ ਸੰਬੋਧਨ ’ਚ ਕੇਂਦਰ ਅਤੇ ਪੰਜਾਬ ਸਰਕਾਰਾਂ ’ਤੇ ਦੋਸ਼ ਲਾਇਆ ਕਿ ਹਕੂਮਤ ਖਰੀਦ ਨਾਲ ਸਬੰਧਤ ਮਸਲੇ ਹੱਲ ਨਾ ਕਰਕੇ ਕਿਸਾਨਾਂ ਅਤੇ ਦਾਣਾ ਮੰਡੀਆਂ ਦੇ ਮਜ਼ਦੂਰਾਂ ਨੂੰ ਮੰਡੀਆਂ ਵਿੱਚ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਦੇ ਕਿਸਾਨ ਜਥੇਬੰਦੀਆਂ ਅਤੇ ਕਦੇ ਸ਼ੈੱਲਰ ਮਾਲਕਾਂ ਨੂੰ ਸੱਦ ਕੇ ਮਸਲੇ ਹੱਲ ਕਰਨ ਦਾ ਭਰੋਸਾ ਦਿੰਦੀ ਹੈ, ਪਰ ਹਕੀਕਤ ਦੇ ਵਿੱਚ ਕੁਝ ਵੀ ਲਾਗੂ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਦੋ ਤਿੰਨ ਹਫ਼ਤਿਆਂ ਤੋਂ ਮੰਡੀਆਂ ਵਿੱਚ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ ਅਤੇ ਉਨ੍ਹਾਂ ਦਾ ਝੋਨਾ ਵੀ ਬਦਰੰਗ ਹੋਣ ਲੱਗ ਗਿਆ ਹੈ, ਜਿਸ ਦੀ ਮਜ਼ਬੂਰੀ ਵਿੱਚ ਕਿਸਾਨਾਂ ਵੱਲੋਂ ਘੱਟ ਰੇਟ ਅਤੇ ਜਾਂ ਕਾਟ ’ਤੇ ਪ੍ਰਾਈਵੇਟ ਵਪਾਰੀਆਂ ਨੂੰ ਝੋਨਾ ਵੇਚਣਾ ਪੈ ਰਿਹਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਜੋ ਇਕਾ-ਦੁੱਕਾ ਮੰਡੀਆਂ ਵਿੱਚ ਖਰੀਦ ਦਾ ਕੰਮ ਸ਼ੁਰੂ ਕੀਤਾ ਹੈ, ਇਹ ਆਰਜ਼ੀ ਤੌਰ ’ਤੇ ਹੈ ਅਤੇ ਲੋਕਾਂ ਦੇ ਘੋਲ ਨੂੰ ਮੱਠਾ ਪਾਉਣ ਲਈ ਹੈ। ਉਗਰਾਹਾਂ ਜਥੇਬੰਦੀ ਵੱਲੋਂ ਹੀ ਜੈਤੋ ਸਥਿਤ ਵਿਧਾਇਕ ਅਮੋਲਕ ਸਿੰਘ ਦੀ ਰਿਹਾਇਸ਼ਗਾਹ ਅੱਗੇ ਵੀ ਧਰਨਾ ਜਾਰੀ ਰਿਹਾ। ਇਸੇ ਦੌਰਾਨ ਮਾਨਸਾ ਵਿਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਝੋਨੇ ਦੀ ਨਿਰਵਿਘਨ ਖਰੀਦ ਅਮਲੀ ਰੂਪ ਵਿੱਚ ਚਾਲੂ ਕਰਵਾਉਣ ਲਈ ਅੱਜ 5ਵੇਂ ਦਿਨ ਵੀ ਪੱਕੇ ਮੋਰਚੇ ’ਤੇ ਡੱਟੇ ਰਹੇ। ਇਸ ਜ਼ਿਲ੍ਹੇ ਵਿੱਚ ਮਾਨਸਾ ਤੋਂ ਇਲਾਵਾ ਬੁਢਲਾਡਾ ਅਤੇ ਸਰਦੂਲਗੜ੍ਹ ਦੇ ਵਿਧਾਇਕ ਦੀ ਮਾਨਸਾ ਰਿਹਾਇਸ਼ ਅੱਗੇ ਅੱਜ ਸੈਂਕੜੇ ਔਰਤਾਂ ਅਤੇ ਨੌਜਵਾਨਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਇਨ੍ਹਾਂ ਮੋਰਚਿਆਂ ਵਿੱਚ ਸ਼ਾਮਲ ਹੋਏ। ਮਾਨਸਾ ਵਿਚ ਆਪ ਵਿਧਾਇਕ ਡਾ. ਵਿਜੈ ਸਿੰਗਲਾ ਦੇ ਘਰ ਮੂਹਰੇ ਲਾਏ ਪੱਕੇ ਮੋਰਚੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਝੋਨੇ ਵਿਕਦਾ ਨਹੀਂ, ਪਰਾਲੀ ਫੂਕਣ ਨਹੀਂ ਦਿੰਦੇ, ਡੀ.ਏ.ਪੀ. ਮਿਲਦੀ ਨਹੀਂ, ਅਜੇ ਸਰਕਾਰਾਂ ਕਿਸਾਨੀ ਨੂੰ ਖੁਸ਼ਹਾਲ ਦੱਸਣ ਲੱਗੀਆਂ ਸ਼ਰਮ ਨਹੀਂ ਮੰਨਦੀਆਂ।
ਮੀਤ ਹੇਅਰ ਦੀ ਰਿਹਾਇਸ਼ ਨੇੜੇ ਧਰਨਾ ਜਾਰੀ
ਬਰਨਾਲਾ (ਪਰਸ਼ੋਤਮ ਬੱਲੀ):
ਝੋਨੇ ਦੇ ਨਾਕਸ ਖਰੀਦ ਪ੍ਰਬੰਧਾਂ ਤੇ ਡੀਏਪੀ ਖਾਦ-ਘਾਟ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ‘ਆਪ’ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਨੇੜੇ ਪੱਕਾ ਮੋਰਚਾ ਅੱਜ ਵੀ ਜਾਰੀ ਰਿਹਾ। ਬੁਲਾਰਿਆਂ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਬੁੱਕਣ ਸਿੰਘ ਸੱਦੋਵਾਲ, ਦਰਸ਼ਨ ਸਿੰਘ ਭੈਣੀ ਨੇ ਕਿਹਾ ਕਿ ਇਹ ਮੋਰਚੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖੁੱਲ੍ਹ ਕੇ ਖਰੀਦ ਤੇ ਡੀਏਪੀ ਦੀ ਘਾਟ ਪੂਰੀ ਨਹੀਂ ਕੀਤੀ ਜਾਂਦੀ। ਇਹ ਸਰਕਾਰ ਵੱਲੋਂ ਸਿਫਾਰਸ਼ ਕੀਤੀਆਂ ਫ਼ਸਲੀ ਕਿਸਮਾਂ ਦੇ ਕਾਸ਼ਤਕਾਰਾਂ ਨੂੰ ਪਏ ਘਾਟੇ ਮੁਆਵਜ਼ੇ ਰਾਹੀਂ ਪੂਰੇ ਕਰੇ ਪੰਜਾਬ ਸਰਕਾਰ। ਝੋਨੇ ਦੀ ਨਮੀਂ ਦੀ ਸ਼ਰਤ ਨਰਮ ਕੀਤੀ ਜਾਵੇ। ਮੰਡੀ ਮਜ਼ਦੂਰਾਂ ਦੀਆਂ ਮੰਗਾਂ ਦੀ ਵੀ ਪੂਰਤੀ ਮੰਗੀ।
ਕਿਸਾਨਾਂ ਨੇ ਮਾਨਸਾ-ਸਿਰਸਾ ਰੋਡ ਕੀਤਾ ਜਾਮ
ਝੁਨੀਰ (ਨਿੱਜੀ ਪੱਤਰ ਪੇਰਕ):
ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਪ੍ਰੇਸ਼ਾਨ ਕਿਸਾਨਾਂ ਵੱਲੋਂ ਮਾਨਸਾ-ਸਿਰਸਾ ਰੋਡ ’ਤੇ ਪਿੰਡ ਦੁੱਲੋਵਾਲ ਵਿੱਚ ਧਰਨਾ ਲਾ ਕੇ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੇ ਝੋਨੇ ਦੀ ਖਰੀਦ ਨਹੀਂ ਕਰਦੀ ਉਦੋਂ ਤੱਕ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਜਾਰੀ ਰਹੇਗਾ। ਜਗਦੇਵ ਸਿੰਘ ਭੈਣੀ ਬਾਘਾ ਕਿਹਾ ਕਿ ਪੰਜਾਬ ਸਰਕਾਰ ਪਹਿਲੀ ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਣ ਦੇ ਝੂਠੇ ਦਾਅਵੇ ਕਰ ਰਹੀ ਹੈ ਪਰ ਦੂਸਰੇ ਪਾਸੇ ਮੰਡੀਆਂ ਦੇ ਵਿੱਚ ਕਿਸਾਨ ਆਪਣੀ ਫ਼ਸਲ ਨੂੰ ਲੈ ਕੇ ਰੁਲ ਰਹੇ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਅਜੇ ਤੱਕ ਸਰਕਾਰੀ ਖਰੀਦ ਨਹੀਂ ਹੋ ਰਹੀ ਜਿਸ ਕਾਰਨ ਕਿਸਾਨਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ’ਤੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਭੱਜਣ ਦੇ ਦੋਸ਼ ਵੀ ਲਾਏ।