ਕਿਸਾਨਾਂ ਵੱਲੋਂ ਮੰਤਰੀ ਧਾਲੀਵਾਲ ਦੇ ਘਰ ਅੱਗੇ ਧਰਨਾ ਸ਼ੁਰੂ
ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 21 ਅਕਤੂਬਰ
ਕਿਰਤੀ ਕਿਸਾਨ ਯੂਨੀਅਨ ਦੇ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਇਕੱਤਰ ਹੋਏ ਕਿਸਾਨਾਂ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਘਰ ਅੱਗੇ ਲਗਾਤਾਰ ਤਿੰਨ ਦਿਨ ਦਿੱਤੇ ਜਾਣ ਵਾਲੇ ਧਰਨੇ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਕਿਸਾਨਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਸਾਉਣੀ 2024 ਦੇ ਝੋਨੇ ਦੇ ਸੀਜ਼ਨ ਵਿੱਚ ਜਿੱਥੇ ਸਰਕਾਰ ਰਵਾਇਤੀ ਝੋਨੇ ਦੀ ਖਰੀਦ ਦਾ ਪ੍ਰਬੰਧ ਨਹੀਂ ਕਰ ਸਕੀ, ਉੱਥੇ ਬਾਸਮਤੀ ਦੀ ਪ੍ਰਾਈਵੇਟ ਵਪਾਰੀਆਂ ਵੱਲੋਂ ਲੁੱਟ ਸਭ ਹੱਦਾਂ ਪਾਰ ਕਰ ਗਈ ਹੈ।
ਉਨ੍ਹਾਂ ਕਿਹਾ ਕਿ ਜਿਹੜੀ 1509 ਬਾਸਮਤੀ ਪਿਛਲੇ ਸਾਲ ,3500/ ਰੁਪਏ ਕੁਇੰਟਲ ਵਿਕੀ ਸੀ ਉਹ ਇਸ ਸੀਜ਼ਨ ਵਿੱਚ 2200 ਰੁਪਏ ਕੁਇੰਟਲ ਤੱਕ ਵਿਕ ਗਈ ਹੈ। ਜਿਹੜੀਆਂ 1121, 1718, 1885 ਕਿਸਮਾਂ ਪਿਛਲੇ ਸੀਜ਼ਨ 5000 ਰੁਪਏ ਸੀ ਇਸ ਸੀਜ਼ਨ ਉਸ ਬਾਸਮਤੀ ਦਾ ਆਮ ਭਾਅ 2800 ਤੋਂ 3000 ਤੱਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਤਰੀ ਜਨਤਕ ਸਟੇਜਾਂ ’ਤੇ ਕਹਿੰਦੇ ਰਹੇ ਹਨ ਕਿ ਵੱਧ ਤੋਂ ਵੱਧ ਬਾਸਮਤੀ ਲਾਈ ਜਾਵੇ ਤਾਂ ਕਿ ਧਰਤੀ ਹੇਠਲੇ ਪਾਣੀ ਦੇ ਗੰਭੀਰ ਸੰਕਟ ਤੋਂ ਬਚਿਆ ਜਾ ਸਕੇ। ਉਹ ਇਹ ਵੀ ਕਹਿੰਦੇ ਰਹੇ ਕਿ ਕਿਸਾਨਾਂ ਨੂੰ ਚੰਗਾ ਭਾਅ ਵੀ ਦਿੱਤਾ ਜਾਵੇਗਾ। ਉਨ੍ਹਾਂ ਹੋਰ ਕਿਹਾ ਕਿ ਬਾਸਮਤੀ ਪਾਣੀ ਦੀ ਬੱਚਤ ਕਰਦੀ ਹੈ ਤੇ ਡਾਲਰਾਂ ਦੀ ਕਮਾਈ ਕਰਕੇ ਦਿੰਦੀ ਹੈ ਤੇ ਦੇ ਇਸ ਦਾ ਵਪਾਰ ਸਰਹੱਦ ਰਾਹੀਂ ਕੀਤਾ ਜਾਵੇ ਤਾਂ ਪੰਜਾਬ ਨੂੰ ਘੱਟੋ ਘੱਟ 40000 ਕਰੋੜ ਰੁਪਏ ਦੀ ਕਮਾਈ ਹੋ ਸਕਦੀ ਹੈ ਤੇ ਪੰਜਾਬ ਦੇ ਨੌਜਵਾਨਾਂ ਨੂੰ ਵੱਡੀ ਪੱਧਰ ’ਤੇ ਰੁਜ਼ਗਾਰ ਮੁਹੱਈਆ ਹੋ ਸਕਦਾ ਹੈ। ਇਸ ਮੌਕੇ ਕਿਸਾਨ ਆਗੂਆਂ ਮੇਜਰ ਸਿੰਘ ਕੜਿਆਲ, ਅਵਤਾਰ ਸਿੰਘ ਜੱੱਸੜ, ਸੁਖਵਿੰਦਰ ਸਿੰਘ ਕਿਆਮਪੁਰ, ਕੁਲਵਿੰਦਰ ਸਿੰਘ ਰੱਖ ਓਠੀਆਂ, ਬਲਵਿੰਦਰ ਸਿੰਘ ਪੰਜਗਰਾਈਂ, ਜਸਬੀਰ ਸਿੰਘ ਓਠੀਆਂ, ਦਵਿੰਦਰ ਸਿੰਘ ਗੱਗੋਮਾਹਲ, ਨੰਬੜਦਾਰ ਦਿਲਬਾਗ ਸਿੰਘ ਮਾਕੋਵਾਲ, ਸਤਨਾਮ ਸਿੰਘ ਤੱਲੇ, ਸਰਪੰਚ ਨਛੱਤਰ ਸਿੰਘ ਖੁਸੂ ਪੁਰ, ਬਲਦੇਵ ਸਿੰਘ ਸਹਿੰਸਰਾ, ਮਨਜੀਤ ਸਿੰਘ ਤੇੜਾ, ਸੁੱਖਦੇਵ ਸਿੰਘ ਬਾਠ, ਸਵਿੰਦਰ ਸਿੰਘ ਨਾਨੋਕੇ ਹਾਜ਼ਰ ਸਨ।
ਤਰਨ ਤਾਰਨ ’ਚ ਕਿਸਾਨਾਂ ਨੇ ਵਿਧਾਇਕ ਸੋਹਲ ਦੇ ਘਰ ਅੱਗੇ ਡੇਰੇ ਲਾਏ
ਤਰਨ ਤਾਰਨ (ਗੁਰਬਖਸ਼ਪੁਰੀ): ਮੰਡੀਆਂ ਵਿੱਚੋਂ ਝੋਨੇ ਦੀ ਖਰੀਦ ਨਾ ਕੀਤੇ ਜਾਣ ਤੋਂ ਇਲਾਵਾ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਅੱਜ ਇਥੇ ਕਿਰਤੀ ਕਿਸਾਨ ਯੂਨੀਅਨ ਦੇ ਝੰਡੇ ਹੇਠ ਜ਼ਿਲ੍ਹੇ ਦੇ ਕਿਸਾਨਾਂ ਨੇ ਤਿੰਨ-ਰੋਜ਼ਾ ਧਰਨਿਆਂ ਦੇ ਪਹਿਲੇ ਦਿਨ ਅੱਜ ਸੋਮਵਾਰ ਨੂੰ ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਰਿਹਾਇਸ਼ ਸਾਹਮਣੇ ਦਿਨ ਭਰ ਲਈ ਧਰਨਾ ਦਿੱਤਾ। ਜਥੇਬੰਦੀ ਦੇ ਆਗੂਆਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਮਸਲਿਆਂ ਵੱਲ ਧਿਆਨ ਨਾ ਦੇਣ ਦਾ ਦੋਸ਼ ਲਗਾਇਆ। ਕਿਸਾਨਾਂ ਨੂੰ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ ਨਾਲ ਅਣਗੌਲਿਆਂ ਕਰਨ ਕਰਕੇ ਮੰਡੀ ਵਿੱਚ ਬਾਸਮਤੀ ਦੀ ਜਿਣਸ ਦਾ ਰੇਟ 3000 ਰੁਪਏ ਪ੍ਰਤੀ ਕੁਇੰਟਲ ਤੋਂ ਹੇਠਾਂ 2000 ਰੁਪਏ ਤੱਕ ਆ ਗਿਆ ਹੈ ਅਤੇ ਸਰਕਾਰ ਨੇ ਵਪਾਰੀ ਨੂੰ ਕਿਸਾਨ ਦੀ ਖੁਲ੍ਹੇਆਮ ਲੁੱਟ ਕਰਨ ਦਾ ਅਧਿਕਾਰ ਦੇ ਦਿੱਤਾ ਹੈ| ਉਨ੍ਹਾਂ ਕਿਹਾ ਕਿ ਤਰਨ ਤਾਰਨ ਦੀ ਮੰਡੀ ਵਿੱਚ ਬੀਤੇ ਦਿਨਾਂ ਤੋਂ ਆਇਆ ਝੋਨਾ ਅਜੇ ਤੱਕ ਵੀ ਨਹੀਂ ਖਰੀਦਿਆ ਜਾ ਸਕਿਆ ਅਤੇ ਇਸੇ ਕਰਕੇ ਕਿਸਾਨ ਆਪਣੇ ਖੇਤਾਂ ਵਿੱਚ ਖੜ੍ਹਾ ਝੋਨਾ ਮੰਡੀ ਵਿੱਚ ਲੈ ਕੇ ਆਉਣ ਲਈ ਤਿਆਰ ਨਹੀਂ ਹੋ ਰਿਹਾ। ਇਸ ਮੌਕੇ ਜਥੇਬੰਦੀ ਦੇ ਆਗੂ ਮਾਸਟਰ ਮੇਹਰ ਸਿੰਘ ਚੁਤਾਲਾ, ਨਾਜਰ ਸਿੰਘ ਸਰਹਾਲੀ ਖੁਰਦ , ਕੁਲਵਿੰਦਰ ਸਿੰਘ ਅਹਿਮਦਪੁਰ , ਕਲਦੀਪ ਸਿੰਘ ਢੋਟਾ, ਮੁਖਤਾਰ ਸਿੰਘ ਅਹਿਮਦਪੁਰ, ਸਰਦਾਰਾ ਸਿੰਘ, ਜਗਵੰਤ ਸਿੰਘ ਨੇ ਸੰਬੋਧਨ ਕਰਦਿਆਂ ਕਿਸਾਨਾਂ ਦੀਆਂ ਹੋਰ ਮੁਸ਼ਕਲਾਂ ਦਾ ਜ਼ਿਕਰ ਕੀਤਾ।