ਡੀਸੀ ਦਫ਼ਤਰ ਅੱਗੇ ਧਰਨੇ ਲਈ ਲਾਮਬੰਦ ਹੋਣ ਲੱਗੇ ਕਿਸਾਨ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਮਹਿਲ ਕਲਾਂ/ਭਦੌੜ, 9 ਨਵੰਬਰ
ਝੋਨੇ ਦੇ ਮਾੜੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ 11 ਨਵੰਬਰ ਨੂੰ ਡਿਪਟੀ ਕਮਿਸ਼ਨ ਬਰਨਾਲਾ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਜਿਸ ਸਬੰਧੀ ਜੱਥੇਬੰਦੀਆਂ ਆਗੂਆਂ ਵੱਲੋਂ ਪਿੰਡਾਂ ਵਿੱਚ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ। ਕਿਸਾਨ ਆਗੂ ਦਰਸ਼ਨ ਸਿੰਘ ਅਤੇ ਬਿੰਦਰ ਪਾਲ ਕੌਰ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿੱਚ ਝੋਨੇ ਦੀ ਖ਼ਰੀਦ ਦੇ ਬਹੁਤ ਮਾੜੇ ਪ੍ਰਬੰਧ ਚੱਲ ਰਹੇ ਹਨ। ਫ਼ਸਲ ਵਿੱਚ ਵੱਧ ਨਮੀ ਦੱਸ ਕੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਰਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ 11 ਨਵੰਬਰ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫਤਰ ਦਾ ਪੱਕੇ ਤੌਰ ‘ਤੇ ਘਿਰਾਓ ਕੀਤਾ ਜਾਵੇਗਾ ਕਿਉਂਕਿ ਬਰਨਾਲਾ ਜ਼ਿਲ੍ਹੇ ਵਿੱਚ ਫ਼ਸਲ ਦੀ ਖ਼ਰੀਦ ਦੇ ਮਾੜੇ ਪ੍ਰਬੰਧਾਂ ਲਈ ਸਰਕਾਰ ਦੇ ਨਾਲ ਨਾਲ ਡੀਸੀ ਬਰਨਾਲਾ ਵੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਝੋਨੇ ਦੀ ਪਰਾਲੀ ਅਤੇ ਡੀਏਪੀ ਖਾਦ ਦਾ ਵੀ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਇਸੇ ਤਰ੍ਹਾਂ 11 ਨਵੰਬਰ ਨੂੰ ਡੀਸੀ ਦਫ਼ਤਰ ਮੂਹਰੇ ਧਰਨੇ ਲਈ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਦਾਣਾ ਭਦੌੜ ਵਿੱਚ ਮੀਟਿੰਗ ਕੀਤੀ ਗਈ। ਕਿਸਾਨ ਆਗੂ ਜਗਤਾਰ ਸਿੰਘ ਢਿੱਲਵਾਂ, ਹਰੀ ਸਿੰਘ ਭਗਤਪੁਰਾ ਅਤੇ ਭੋਲਾ ਸਿੰਘ ਗਿੱਲ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮੰਡੀਆਂ ਵਿੱਚ ਕਿਸਾਨ ਰੁਲ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮੱਝੂਕੇ ਮੰਡੀ ਵਿੱਚ ਆੜ੍ਹਤੀਏ 100 ਗੱਟੇ ਪਿੱਛੇ ਕਿਸਾਨਾਂ ਤੋਂ ਵੱਧ ਨਮੀ ਦਾ ਬਹਾਨਾ ਲਾ ਕੇ 2 ਤੋਂ 3 ਗੱਟੇ ਵੱਧ ਲੈ ਰਹੇ ਹਨ ਜੋ ਕਿਸਾਨਾਂ ਦੀ ਸਿੱਧੀ ਲੁੱਟ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।