ਅਨਾਜ ਮੰਡੀ ਜਾਣ ਤੋਂ ਟਾਲਾ ਵੱਟਣ ਲੱਗੇ ਕਿਸਾਨ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 22 ਅਕਤੂਬਰ
ਝੋਨੇ ਦੀ ਖ਼ਰੀਦ ਨਾ ਹੋਣ ਤੋਂ ਦੁਖੀ ਕਿਸਾਨਾਂ ਨੇ ਦਾਣਾ ਵਿੱਚ ਫ਼ਸਲ ਲਿਜਾਣ ਤੋਂ ਕਿਨਾਰਾ ਕਰ ਲਿਆ ਹੈ। ਪਿੰਡ ਚੀਮਾ ਦੇ ਕਿਸਾਨ ਗੁਰਪ੍ਰੇਮ ਸਿੰਘ ਨੇ 30 ਏਕੜ ਦਾ ਝੋਨਾ ਵੱਢ ਕੇ ਖੇਤਾਂ ਵਿੱਚ ਹੀ ਰੱਖਣ ਵਿੱਚ ਸਮਝਦਾਰੀ ਦਿਖਾਈ ਹੈ। ਉਨ੍ਹਾਂ ਦੱਸਿਆ ਕਿ ਉਹ 225 ਏਕੜ ਦੇ ਕਰੀਬ ਠੇਕੇ ਉਪਰ ਖੇਤੀ ਕਰ ਰਿਹਾ ਹੈ। ਕਰੀਬ 7 ਦਿਨ ਪਹਿਲਾਂ 18 ਏਕੜ ਝੋਨਾ ਵੱਢ ਕੇ ਬਰਨਾਲਾ ਦੀ ਦਾਣਾ ਮੰਡੀ ਵਿੱਚ ਵੇਚਣ ਲਈ ਸੁੱਟਿਆ ਸੀ ਅਤੇ ਅਜੇ ਤੱਕ ਕੇਵਲ 10 ਏਕੜ ਦਾ ਝੋਨਾ ਹੀ ਵਿਕਿਆ ਹੈ। ਨਮੀ ਦੀ ਸਮੱਸਿਆ ਕਰਕੇ ਝੋਨਾ ਨਹੀਂ ਵਿਕ ਰਿਹਾ। ਝੋਨੇ ਵਿੱਚ 18 19 ਫ਼ੀਸਦੀ ਨਮੀ ਵਾਲਾ ਝੋਨਾ ਵੀ ਨਹੀਂ ਖ਼ਰੀਦਿਆ ਜਾ ਰਿਹਾ ਹੈ ਜਿਸ ਕਰਕੇ ਦਾਣਾ ਮੰਡੀ ਦੀ ਖੱਜਲ ਖੁਆਲੀ ਤੋਂ ਬਚਣ ਲਈ ਉਸ ਨੇ ਹੁਣ ਆਪਣੀ ਬਾਕੀ ਫ਼ਸਲ ਨੂੰ ਵੱਢ ਕੇ ਖੇਤ ਵਿੱਚ ਹੀ ਰੱਖਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਹਿਸਾਬ ਨਾਲ ਇਸ ਵਾਰ ਨਮੀ ਦੀ ਸਖ਼ਤੀ ਅਤੇ ਮਾੜੇ ਖ਼ਰੀਦ ਪ੍ਰਬੰਧ ਹਨ ਉਸ ਦੀ ਸਾਰੀ ਫ਼ਸਲ ਵਿਕਣ ਨੂੰ ਕਰੀਬ ਡੇਢ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ। ਬੀਕੇਯੂ ਡਕੌਂਦਾ ਦੇ ਆਗੂ ਬਲਵੰਤ ਸਿੰਘ ਗੋਗੀ ਸਿੰਘ ਅਤੇ ਜਸਵਿੰਦਰ ਸੋਨੀ ਨੇ ਕਿਹਾ ਕਿ ਦੋਵੇਂ ਸਰਕਾਰਾਂ ਮਿਲ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। ਜੇਕਰ ਇਹੀ ਹਾਲਾਤ ਰਹੇ ਤਾਂ ਹੋਰ ਕਿਸਾਨ ਵੀ ਝੋਨਾ ਮੰਡੀ ਦੀ ਥਾਂ ਆਪਣੇ ਘਰਾਂ ਤੇ ਖੇਤਾਂ ਵਿੱਚ ਹੀ ਰੱਖਣ ਲਈ ਮਜਬੂਰ ਹੋਣਗੇ।
ਬੀਕੇਯੂ ਡਕੌਂਦਾ ਵੱਲੋਂ ਤਿੱਖੇ ਸੰਘਰਸ਼ ਦੀ ਚਿਤਾਵਨੀ
ਮਹਿਲ ਕਲਾਂ ਦੀ ਦਾਣਾ ਮੰਡੀ ਵਿੱਚ ਖ਼ਰੀਦ ਦੇ ਨਾਲ ਨਾਲ ਲਿਫ਼ਟਿੰਗ ਨਹੀਂ ਹੋਈ। ਬੀਕੇਯੂ ਡਕੌਂਦਾ ਦੇ ਵਫ਼ਦ ਦੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਮਿਲ ਕੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਸੂਬਾ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਸਰਕਾਰ ਨੇ ਦੋ ਦਿਨਾਂ ਵਿੱਚ ਝੋਨੇ ਦੇ ਸਹੀ ਪ੍ਰਬੰਧਾਂ ਦਾ ਭਰੋਸਾ ਦਿੱਤਾ ਸੀ ਪਰ ਸਰਕਾਰ ਨਾਕਾਮ ਰਹੀ। ਅਜਿਹੇ ਹਾਲਾਤਾਂ ਨੂੰ ਦੇਖਦੇ ਹੋਏ ਜੱਥੇਬੰਦੀ ਕਿਸਾਨਾਂ ਆੜ੍ਹਤੀਆਂ, ਸ਼ੈਲਰ ਮਾਲਕਾਂ ਅਤੇ ਮਜ਼ਦੂਰਾਂ ਨੂੰ ਲੈ ਕੇ ਸੜਕਾਂ ਉਪਰ ਉਤਰੇਗੀ ਜਿਸਦੀ ਜਿੰਮੇਵਾਰ ਸੂਬਾ ਤੇ ਕੇਂਦਰ ਸਰਕਾਰ ਹੋਵੇਗੀ।