ਤੀਜੇ ਦਨਿ ਵੀ ਰੇਲਵੇ ਪਟੜੀਆਂ ’ਤੇ ਡਟੇ ਰਹੇ ਕਿਸਾਨ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 30 ਸਤੰਬਰ
18 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ ’ਤੇ ਅੱਜ ਤੀਸਰੇ ਦਨਿ ਵੀ ਸਮੁੱਚੇ ਪੰਜਾਬ ਅੰਦਰ ਰੇਲਾਂ ਦਾ ਚੱਕਾ ਜਾਮ ਰਿਹਾ। ਜ਼ਿਲ੍ਹਾ ਸੰਗਰੂਰ ਦੇ ਸੁਨਾਮ ਊਧਮ ਸਿੰਘ ਵਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਭਾਰੀ ਗਿਣਤੀ ਵਿੱਚ ਕਿਸਾਨ ਬੀਬੀਆਂ ਨੇ ਸੂਬਾਈ ਔਰਤ ਆਗੂ ਬਲਜੀਤ ਕੌਰ ਕਿਲਾਭਰੀਆਂ ਦੀ ਅਗਵਾਈ ਸੁਨਾਮ ਵਿੱਚ ਰੇਲ ਪਟੜੀ ਤੇ ਧਰਨਾ ਲਾ ਕੇ ਰੇਲਾਂ ਨਾ ਚੱਲਣ ਦਿੱਤੀਆਂ। ਬੁਲਾਰਿਆਂ ਨੇ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਤਕਰੀਰਾਂ ਕੀਤੀਆਂ ਅਤੇ ਨਾਅਰੇਬਾਜ਼ੀ ਕੀਤੀ।
ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਤੇ ਮਨਜੀਤ ਨਿਆਲ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀਬਾੜੀ ਸੈਕਟਰ ਨਾਲ ਸਬੰਧਤ ਮੰਗਾਂ ਪੂਰੀਆਂ ਕਰਨ ਦੀ ਥਾਂ ਕਿਸਾਨਾਂ ਮਜ਼ਦੂਰਾਂ ਨੂੰ ਖੇਤੀ ਸੈਕਟਰ ਤੋਂ ਬਾਹਰ ਕਰਨ ਵਾਲੀਆਂ ਨੀਤੀਆਂ ਤਹਿਤ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਖੜੀ ਹੈ। ਇਸ ਤੋਂ ਸਾਫ ਨਜ਼ਰ ਆਉਂਦਾ ਹੈ ਕਿ ਭਾਜਪਾ ਸਰਕਾਰ ਦੀਆਂ ਨੀਤੀਆਂ ਹੀ ਨਹੀਂ ਸਗੋਂ ਇਸ ਦੀ ਨੀਅਤ ਵਿੱਚ ਵੀ ਖੋਟ ਹੈ। ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਤੇ ਔਰਤ ਆਗੂ ਗੁਰਪ੍ਰੀਤ ਕੌਰ ਬਰਾਸ ਨੇ ਕਿਹਾ ਕਿ ਪੰਜਾਬ ਅੰਦਰ ਤਿੰਨ ਰੋਜ਼ਾ ਰੇਲ ਰੋਕੋ ਅੰਦੋਲਨ ਸਫ਼ਲ ਰਿਹਾ ਹੈ। ਕਿਸਾਨ ਆਗੂਆਂ ਨੇ ਸੱਦਾ ਦਿੱਤਾ ਕਿ ਕੇਂਦਰ ਸਰਕਾਰ ਤੋਂ ਹੜ੍ਹ ਪ੍ਰਭਾਵਿਤ ਸੂਬਿਆਂ ਨੂੰ 50,000 ਹਜ਼ਾਰ ਕਰੋੜ ਰੁਪਏ ਦਾ ਰਾਹਤ ਪੈਕੇਜ ਜਾਰੀ ਕਰਵਾਉਣ, ਸਾਰੀਆਂ ਫਸਲਾਂ ਤੇ ਐਮਐਸਪੀ ਲੈਣ ਤੇ ਖ਼ਰੀਦ ਦੀ ਗਾਰੰਟੀ ਦਾ ਕਨੂੰਨ ਲਾਗੂ ਕਰਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਉਨ੍ਹਾਂ ਕਿਸਾਨਾਂ ਨੂੰ ਦੁਸਹਿਰੇ ਦਾ ਤਿਉਹਾਰ ਕਾਰਪੋਰੇਟ ਘਰਾਣਿਆਂ ਤੇ ਭਾਜਪਾ ਸਰਕਾਰ ਦੇ ਵੱਡੇ ਪੁਤਲੇ ਸਾੜ ਕੇ ਮਨਾਉਣ ਲਈ ਵੀ ਕਿਹਾ। ਅੱਜ ਦੇ ਬੁਲਾਰਿਆਂ ਵਿੱਚ ਬਲਾਕ ਲਹਿਰਾ ਦੇ ਪ੍ਰਧਾਨ ਲੀਲਾ ਸਿੰਘ ਚੋਟੀਆਂ, ਵਿੰਦਰ ਸਿੰਘ ਦਿੜ੍ਹਬਾ, ਜਸਪ੍ਰੀਤ ਸਿੰਘ ਹਰੀਗੜ੍ਹ, ਮੱਖਣ ਸਿੰਘ ਪਾਪੜਾ, ਕੁਲਵਿੰਦਰ ਸੋਨੀ ਲੌਂਗੋਵਾਲ , ਹੈਪੀ ਨਮੋਲ, ਜਸਵੀਰ ਮੈਦੇਵਾਸ, ਬਲਦੇਵ ਉੱਭਿਆ, ਬਲਜੀਤ ਬੱਲਰਾ, ਸੁਖਦੇਵ ਲੌਂਗੋਵਾਲ, ਦਰਵਾਰਾ ਲੋਹਾਖੇੜਾ, ਸਤਿਗੁਰੂ ਨਮੋਲ ਸ਼ਾਮਲ ਸਨ।