ਵਿਧਾਇਕ ਦੀ ਕੋਠੀ ਅੱਗੇ ਪੱਕੇ ਮੋਰਚੇ ’ਤੇ ਡਟੇ ਕਿਸਾਨ
ਪਵਨ ਗੋਇਲ
ਭੁੱਚੋ ਮੰਡੀ, 26 ਜੂਨ
ਬੇਮੌਸਮੇ ਮੀਂਹ ਅਤੇ ਗੜਿਆਂ ਨਾਲ ਖ਼ਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਲੈਣ ਲਈ ਪਿੰਡ ਗਿੱਦੜ ਦੀਆਂ ਤਿੰਨ ਕਿਸਾਨ ਜਥੇਬੰਦੀਆਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਲਾਰਿਆਂ ਤੋਂ ਅੱਕ ਕੇ ਨਥਾਣਾ ਦੀ ਸਬ ਤਹਿਸੀਲ ਅੱਗੋਂ ਚੁੱਕ ਕੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿੱਚ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾ ਦਿੱਤਾ। ਉਨ੍ਹਾਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਆਵਜ਼ਾ ਦੇਣ ਦੇ ਵਾਰ ਵਾਰ ਦਿੱਤੇ ਭਰੋਸੇ ਪੂਰੇ ਨਾ ਕਰਨ ਕਾਰਨ ਕਿਸਾਨਾਂ ਵਿੱਚ ਭਾਰੀ ਰੋਹ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਫਸਲਾਂ ਦਾ ਮੁਆਵਜ਼ਾ ਮਿਲਣ ਤੱਕ ਪੱਕਾ ਮੋਰਚਾ ਜਾਰੀ ਰਹੇਗਾ। ਇਸ ਮੋਰਚੇ ਵਿੱਚ ਕਿਸਾਨ ਬੀਬੀਆਂ ਵੀ ਹੱਥਾਂ ਵਿੱਚ ਜਥੇਬੰਦੀਆਂ ਦੇ ਝੰਡੇ ਲੈ ਕੇ ਮੋਰਚੇ ਵਿੱਚ ਡਟੀਆਂ ਹੋਈਆਂ ਸਨ। ਮੋਰਚੇ ਨੂੰ ਸੰਬੋਧਨ ਕਰਦਿਆਂ ਭਾਕਿਯੂ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਬੀਕੇਯੂ ਡਕੌਂਦਾ ਦੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ ਅਤੇ ਭਾਕਿਯੂ ਸਿੱਧੂਪੁਰ ਦੇ ਭਰਪੂਰ ਸਿੰਘ ਅਤੇ ਮੱਘਰ ਸਿੰਘ ਨੇ ਕਿਹਾ ਕਿ ਵਿਧਾਇਕ ਦੇ ਘਰ ਅੱਗੇ ਲਗਾਏ ਗਏ ਪੱਕੇ ਮੋਰਚੇ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੈ। ਕਿਉਂਕਿ ਦੋ ਮਹੀਨੇ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਹੁਣ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਨਥਾਣਾ ਦੇ ਪੱਕੇ ਮੋਰਚੇ ਵਿੱਚ ਪਹਿਲਾਂ 15 ਜੂਨ ਫਿਰ 16 ਜੂਨ ਅਤੇ 18 ਜੂਨ ਨੂੰ ਵਿਧਾਇਕ ਦੇ ਘਰ ਅੱਗੇ ਦਿੱਤੇ ਧਰਨੇ ਵਿੱਚ 22 ਜੂਨ ਨੂੰ ਮੁਆਵਜ਼ਾ ਦੇਣ ਦਾ ਪੱਕਾ ਭਰੋਸਾ ਦਿੱਤਾ ਸੀ। ਜੋ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ। ਮੋਰਚੇ ਵਿੱਚ ਸ਼ਾਮਲ ਉਗਰਾਹਾਂ ਦੇ ਔਰਤ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂੂ, ਕਰਮਜੀਤ ਕੌਰ ਲਹਿਰਾ ਖਾਨਾ, ਸ਼ਿੰਦਰ ਕੌਰ ਗਿੱਦੜ ਅਤੇ ਕਰਨੈਲ ਕੌਰ ਗਿੱਦੜ ਨੇ ਕਿਹਾ ਕਿ ਉਹ ਇਸ ਸੰਘਰਸ਼ ਨੂੰ ਜੇਤੂ ਬਣਾਉਣ ਲਈ ਆਪਣੇ ਕਿਸਾਨ ਭਰਾਵਾਂ ਦੇ ਦੇ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਣਗੀਆਂ। ਇਸ ਮੌਕੇ ਭਾਕਿਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ, ਬਲਾਕ ਜਨਰਲ ਸਕੱਤਰ ਬਲਜੀਤ ਸਿੰਘ ਪੂਹਲਾ ਅਤੇ ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਨੇ ਮੰਗ ਕੀਤੀ ਕਿ ਫਸਲਾਂ ਦੇ ਮੁਆਵਜ਼ੇ ਦੇ ਪੈਸੇ ਜਲਦੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਏ ਜਾਣ। ਇਸ ਮੌਕੇ ਪੰਜਾਬ ਸਟੂਡੈਂਟ ਯੂਨੀਅਨ (ਸ਼ਹੀਦ ਰੰਧਾਵਾ) ਦੇ ਬਿੱਕਰਜੀਤ ਸਿੰਘ ਨੇ ਸੰਬੋਧਨ ਕੀਤਾ।