ਮਾਲਵੇ ’ਚ ਕੇਂਦਰ ਸਰਕਾਰ ਵਿਰੁੱਧ ਰੇਲ ਪੱਟੜੀਆਂ ’ਤੇ ਡਟੇ ਕਿਸਾਨ
ਸ਼ਗਨ ਕਟਾਰੀਆ
ਬਠਿੰਡਾ, 18 ਦਸੰਬਰ
ਕਿਸਾਨ-ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਿਕ) ਵੱਲੋਂ ਅੱਜ ਇੱਥੇ ਮੁਲਤਾਨੀਆ ਪੁਲ ਨੇੜੇ ਰੇਲ ਪਟੜੀਆਂ ’ਤੇ ਧਰਨਾ ਲਾ ਕੇ 12 ਤੋਂ 3 ਵਜੇ ਤੱਕ ਰੇਲਾਂ ਦਾ ਪਹੀਆ ਜਾਮ ਕੀਤਾ ਗਿਆ। ਕਿਸਾਨ ਆਗੂਆਂ ਮੁਖਤਿਆਰ ਸਿੰਘ ਅਤੇ ਗੁਰਦੀਪ ਸਿੰਘ ਨੇ ਕਿਹਾ ਦਸ ਮਹੀਨਿਆਂ ਤੋਂ ‘ਦਿੱਲੀ ਚੱਲੋ’ ਅੰਦੋਲਨ ਤਹਿਤ ਸ਼ੰਭੂ ਅਤੇ ਖਨੌਰੀ ਹੱਦਾਂ ’ਤੇ ਪ੍ਰਦਰਸ਼ਨ ਚੱਲ ਰਹੇ ਹਨ। ਉਨ੍ਹਾਂ ਆਖਿਆ ਕਿ 6, 8 ਅਤੇ 14 ਦਸੰਬਰ ਨੂੰ ਦਿੱਲੀ ਵੱਲ ਵਧਣ ਵਾਲੇ ਕਾਫ਼ਲਿਆਂ ਨੂੰ ਹਰਿਆਣਾ ਸਰਕਾਰ ਵੱਲੋਂ ਤਸ਼ੱਦਦ ਦੇ ਜ਼ੋਰ ਰੋਕ ਦਿੱਤਾ ਗਿਆ। ਇਸੇ ਤਰ੍ਹਾਂ 26 ਨਵੰਬਰ ਤੋਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧ ਨੀਤੀਆਂ ਖ਼ਿਲਾਫ਼ ਮਰਨ ਵਰਤ ’ਤੇ ਡਟੇ ਹੋਏ ਹਨ। ਉਨ੍ਹਾਂ ਕੇਂਦਰ ਸਰਕਾਰ ’ਤੇ ਜਬਰ ਰਾਹੀਂ ਰੋਸ ਪ੍ਰਦਰਸ਼ਨ ਦੀ ਆਜ਼ਾਦੀ ਦਾ ਗਲਾ ਘੁੱਟਣ ਦਾ ਦੋਸ਼ ਲਾਇਆ।
ਮੋਗਾ (ਮਹਿੰਦਰ ਸਿੰਘ ਰੱਤੀਆਂ):
ਇਥੇ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਸੱਦੇ ’ਤੇ ਮੋਗਾ ਅਤੇ ਡਗਰੂ ਵਿੱਚ ਦੁਪਹਿਰ 12 ਤੋਂ 3 ਕਿਸਾਨ ਜਥੇਬੰਦੀਆਂ ਨੇ ਰੇਲ ਮਾਰਗ ਜਾਮ ਕੀਤਾ। ਇਸ ਦੌਰਾਨ ਫ਼ਿਰੋਜ਼ਪੁਰ ਤੋਂ ਲੁਧਿਆਣਾ ਜਾਣ ਵਾਲੀ ਯਾਤਰੀ ਗੱਡੀ ਡਗਰੂ ਫ਼ਾਟਕ ਉੱਤੇ 3 ਘੰਟੇ ਰੁਕੀ ਰਹੀ।
ਮਾਨਸਾ (ਜੋਗਿੰਦਰ ਸਿੰਘ ਮਾਨ):
ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਣੇ ਹੋਰਨਾਂ ਕਿਸਾਨੀ ਮੰਗਾਂ ਦੀ ਪੂਰਤੀ ਲਈ 10 ਮਹੀਨਿਆਂ ਤੋਂ ਸੰਭੂ-ਖਨੌਰੀ ਬਾਰਡਰਾਂ ’ਤੇ ਜਾਰੀ ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਨੇ ਮਾਲਵਾ ਖੇਤਰ ਵਿੱਚ ਥਾਂ-ਥਾਂ ’ਤੇ ਧਰਨਾ ਦੇ ਕੇ ਤਿੰਨ ਘੰਟਿਆਂ ਲਈ ਰੇਲ ਅਵਾਜਾਈ ਠੱਪ ਕੀਤੀ ਗਈ। ਇਨ੍ਹਾਂ ਧਰਨਿਆਂ ਕਾਰਨ ਪੰਜਾਬ ਤੋਂ ਬਾਹਰਲੇ ਸੂਬਿਆਂ ਨੂੰ ਜਾਣ-ਆਉਣ ਵਾਲੀਆਂ ਅਨੇਕਾਂ ਰੇਲਾਂ ਲੇਟ ਹੋ ਗਈਆਂ। ਮਾਨਸਾ ਵਿੱਖ ਰੇਲ ਪਟੜੀਆਂ ’ਤੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈਕੇ ਜਥੇਬੰਦੀ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਤੇ ਬੈਠੇ ਹੋਏ ਹਨ, ਉੱਥੇ ਹੀ ਸ਼ੰਭੂ ਬਾਰਡਰ ਦਿੱਲੀ ਨੂੰ ਜਾਂਦੇ ਹੋਏ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਅਤੇ ਗੋਲੀਆਂ ਵਰ੍ਹਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਮੰਨਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ।
ਬਰੇਟਾ (ਪੱਤਰ ਪ੍ਰੇਰਕ):
ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਅਤੇ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੀ ਅਗਵਾਈ ਹੇਠ ਕਿਸਾਨਾਂ ਨੇ ਅੱਜ ਇਥੇ ਤਿੰਨ ਘੰਟੇ ਰੇਲ ਆਵਾਜਾਈ ਠੱਪ ਰੱਖੀ।
ਬਰਨਾਲਾ (ਪਰਸ਼ੋਤਮ ਬੱਲੀ):
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਬਰਨਾਲਾ ’ਚ 12 ਤੋਂ 3 ਵਜੇ ਤੱਕ ਰੇਲਵੇ ਟਰੈਕ ਉੱਤੇ ਧਰਨਾ ਦਿੱਤਾ ਗਿਆ। ਕਿਸਾਨ ਆਗੂ ਪਵਿੱਤਰ ਸਿੰਘ ਲਾਲੀ, ਮਨਜੀਤ ਰਾਜ, ਹਾਕਮ ਸਿੰਘ ਢਿਲਵਾਂ ਨੇ ਕਿਹਾ ਕਿ ਦਿੱਲੀ ਕਿਸਾਨ ਅੰਦੋਲਨ ਦੇ ਲਗਪਗ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਮੰਨੀਆਂ ਮੰਗਾਂ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ ਜਿਸ ਦੇ ਰੋਸ ਵਜੋਂ ਫਰਵਰੀ ਮਹੀਨੇ ਤੋਂ ਗੈਰ ਰਾਜਨੀਤਕ ਸਯੁੰਕਤ ਕਿਸਾਨ ਮੋਰਚਾ ਵੱਲੋਂ ਖਨੌਰੀ ਅਤੇ ਸ਼ੰਭੂ ਬਾਰਡਰ ਉੱਤੇ ਮੋਰਚਾ ਲੱਗਿਆ ਹੋਇਆ ਹੈ। ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਤੋਂ ਤੰਗ ਆ ਕੇ ਆਗੂ ਜਗਜੀਤ ਸਿੰਘ ਡੱਲੇਵਾਲ ਲੰਘੀ 26 ਨਵੰਬਰ ਤੋਂ ਮਰਨ ਵਰਤ ਉੱਤੇ ਬੈਠੇ ਹਨ ਜਿਨ੍ਹਾਂ ਦੀ ਸਿਹਤ ਬਹੁਤ ਚਿੰਤਾ ਜਨਕ ਬਣੀ ਹੋਈ ਹੈ। ਅਜਿਹੇ ਹਾਲਾਤ ‘ਚ ਮੋਰਚੇ ਦੇ ਸਮਰਥਨ ਦੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਵੱਲੋਂ ਆਪਣੀ ਤਾਕਤ ਅਨੁਸਾਰ ਤੇ ਬਾਕੀਆਂ ਦੇ ਸਹਿਯੋਗ ਨਾਲ ਸੂਬੇ ਅੰਦਰ ਕਈ ਰੇਲਵੇ ਟਰੈਕਾਂ ‘ਤੇ ਧਰਨੇ ਦਿੱਤੇ ਗਏ ਹਨ।
ਰਾਮਪੁਰਾ ਫੂਲ (ਖੇਤਰੀ ਪ੍ਰਤੀਨਿਧ):
ਅੱਜ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਤੇ ਭਾਕਿਯੂ ਏਕਤਾ ਸਿੱਧੂਪੁਰ ਵੱਲੋਂ ਸਾਂਝੇ ਤੌਰ ’ਤੇ ਰਾਮਪੁਰਾ ਫੂਲ਼ ਦੇ ਰੇਲਵੇ ਸਟੇਸ਼ਨ ’ਤੇ ਰੇਲਾਂ ਰੋਕੀਆਂ ਗਈਆਂ।
ਮਖੂ (ਨਿੱਜੀ ਪੱਤਰ ਪ੍ਰੇਰਕ):
ਕਿਸਾਨ ਜਥੇਬੰਦੀਆਂ ਵੱਲੋਂ ਅੱਜ ਰੇਲਾਂ ਰੋਕਣ ਦੇ ਸੱਦੇ ’ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਮਖੂ ਵਿੱਜ ਰੇਲਵੇ ਲਾਈਨ ’ਤੇ ਧਰਨਾ ਲਗਾ ਕੇ ਰੇਲ ਗੱਡੀਆਂ ਦਾ ਜਾਮ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਅਬੋਹਰ (ਪੱਤਰ ਪ੍ਰੇਰਕ): ਇਥੇ ਕਿਸਾਨਾਂ ਨੇ ਦੁਪਹਿਰ 12 ਤੋਂ 3 ਵਜੇ ਤੱਕ ਰੇਲਵੇ ਲਾਈਨਾਂ ’ਤੇ ਧਰਨਾ ਦਿੱਤਾ। ਅਜੀਤਵਾਲ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਮੋਰਚਾ ਅਤੇ ਐੱਸਕੇਐੱਮ ਗੈਰ ਰਾਜਨੀਤਕ ਸੱਦੇ ’ਤੇ ਕਿਸਾਨਾਂ ਨੇ ਅਜੀਤਵਾਲ ਵਿੱਚ ਰੇਲਾਂ ਰੋਕ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਫ਼ਿਰੋਜ਼ਪੁਰ ਰੇਲ ਮੰਡਲ ’ਚ 52 ਥਾਵਾਂ ’ਤੇ ਰੋਕੀਆਂ ਰੇਲਾਂ
ਫ਼ਿਰੋਜ਼ਪੁਰ (ਸੰਜੀਵ ਹਾਂਡਾ):
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਅੱਜ ਪੂਰੇ ਫ਼ਿਰੋਜ਼ਪੁਰ ਰੇਲਵੇ ਮੰਡਲ ਅੰਦਰ 52 ਥਾਵਾਂ ’ਤੇ ਰੇਲਾਂ ਦਾ ਚੱਕਾ ਜਾਮ ਕੀਤਾ। ਇਹ ਕਿਸਾਨ ਕੇਂਦਰ ਸਰਕਾਰ ਕੋਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਲੰਮੇਂ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਸਥਾਨਕ ਰੇਲਵੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਕਿਸਾਨਾਂ ਦੇ ਇਸ ਰੋਸ ਪ੍ਰਦਰਸ਼ਨ ਕਾਰਣ ਅੱਜ 12 ਟਰੇਨਾਂ ਨੂੰ ਰੱਦ ਕਰਨਾ ਪਿਆ ਜਦਕਿ 34 ਰੇਲ ਗੱਡੀਆਂ ਨੂੰ ਦੇਰੀ ਨਾਲ ਰਵਾਨਾ ਕੀਤਾ ਗਿਆ। ਹਾਲਾਂਕਿ ਇਹ ਰੇਲਾਂ ਉਨ੍ਹਾਂ ਥਾਵਾਂ ’ਤੇ ਰੋਕੀਆਂ ਗਈਆਂ ਜਿਥੇ ਸਵਾਰੀਆਂ ਨੂੰ ਖਾਣ-ਪੀਣ ਦਾ ਸਮਾਨ ਲੈਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਯਾਤਰੀਆਂ ਨੂੰ ਰੇਲਾਂ ਦੀ ਜਾਣਕਾਰੀ ਦੇਣ ਲਈ ਕਈ ਸਟੇਸ਼ਨਾਂ ਤੇ ਹੈਲਪ ਡੈਸਕ ਵੀ ਬਣਾਏ ਗਏ। ਇਥੇ ਬਸਤੀ ਟੈਂਕਾਂ ਵਿਚ ਧਰਨੇ ਤੇ ਬੈਠੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਮੰਗਾਂ ਨੂੰ ਲਾਗੂ ਕਰਵਾਉਣ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ।