ਪਿੰਡ ਲੇਲੇਵਾਲਾ ਵਿੱਚ ਮੁਆਵਜ਼ੇ ਲਈ ਪੱਕੇ ਮੋਰਚੇ ’ਤੇ ਡਟੇ ਕਿਸਾਨ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 1 ਜੁਲਾਈ
ਇੱਥੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਕਿਸਾਨਾਂ ਦੇ ਖੇਤਾਂ ਵਿੱਚ ਜ਼ਮੀਨਦੋਜ਼ ਗੈਸ ਪਾਈਪਲਾਈਨ ਪਾਉਣ ਵਾਲੀ ਗੁਜਰਾਤ ਦੀ ਇਕ ਕੰਪਨੀ ਵੱਲੋਂ ਮੁਆਵਜ਼ਾ ਨਾ ਦੇਣ ਕਾਰਨ ਕਿਸਾਨਾਂ ਵਿੱਚ ਰੋਸ ਹੈ। ਅੱਜ ਬੀਕੇਯੂ (ਉਗਰਾਹਾਂ) ਨੇ ਅੱਜ ਪਿਛਲੇ ਦਿਨੀਂ ਕੰਪਨੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਕੀਤੇ ਲਿਖਤੀ ਸਮਝੌਤੇ ਤੋਂ ਟਾਲ ਮਟੋਲ ਕਰਨ ਦੇ ਰੋਸ ਵਜੋਂ ਸਥਾਨਕ ਸ਼ਹਿਰ ’ਚ ਰੋਸ ਮੁਜ਼ਾਹਰਾ ਕਰਕੇ ਪਿੰਡ ਲੇਲੇਵਾਲਾ ਵਿੱਚ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ। ਅੱਜ ਪਹਿਲਾਂ ਵੱਡੀ ਗਿਣਤੀ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਇੱਥੇ ਅਨਾਜ ਮੰਡੀ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਕੰਪਨੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ। ਇਸ ਉਪਰੰਤ ਪਿੰਡ ਲੇਲੇਵਾਲਾ ਦੇ ਖੇਤਾਂ ਵਿੱੱਚ, ਜਿੱਥੇ ਗੈਸ ਪਾਈਪਲਾਈਨ ਪਾਉਣ ਦਾ ਕੰਮ ਰੋਕਿਆ ਹੋਇਆ ਹੈ, ਰਜਵਾਹੇ ਦੇ ਪੁਲ ’ਤੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ। ਮੋਰਚੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂਆਂ ਹਰਜਿੰਦਰ ਸਿੰਘ ਬੱਗੀ ਅਤੇ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਜੀਆਈਜੀਐੱਲ ਕੰਪਨੀ ਵੱਲੋਂ ਪਿਛਲੇ ਦਿਨੀਂ 15 ਮਈ ਨੂੰ ਪਿੰਡ ਬਹਿਮਣ ਕੌਰ ਸਿੰਘ ਵਿਖੇ ਕਿਸਾਨਾਂ ਦੇ ਖੇਤਾਂ ਵਿੱਚ ਗੈਸ ਪਾਈਪਲਾਈਨ ਬਗੈਰ ਮੁਆਵਜ਼ੇ ਜਾਂ ਨਿਗੂਣਾ ਮੁਆਵਜ਼ਾ ਦੇ ਕੇ ਧੱਕੇ ਨਾਲ ਪਾਈ ਜਾ ਰਹੀ ਸੀ। ਉਸ ਦਿਨ ਕਿਸਾਨ ਸੰਘਰਸ਼ ਦੇ ਦਬਾਅ ਹੇਠ ਡੀਸੀ ਬਠਿੰਡਾ ਨੇ ਤਲਵੰਡੀ ਸਾਬੋ ’ਚ ਬੀਕੇਯੂ (ਉਗਰਾਹਾਂ) ਅਤੇ ਕੰਪਨੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਜਿਸ ਵਿੱਚ ਸਹਿਮਤੀ ਨਾਲ ਇਹ ਲਿਖਤੀ ਸਮਝੌਤਾ ਹੋਇਆ ਸੀ ਕਿ ਜਿਹੜੇ ਕਿਸਾਨਾਂ ਦੇ ਖੇਤਾਂ ਵਿੱਚ ਦੀ ਪਾਈਪਲਾਈਨ ਪੈ ਚੁੱਕੀ ਹੈ ਤੇ ਜਿਨ੍ਹਾਂ ਦੇ ਖੇਤਾਂ ਵਿੱਚ ਦੀ ਪਾਉਣੀ ਹੈ ਉਨ੍ਹਾਂ ਸਾਰਿਆਂ ਨੂੰ 24 ਲੱਖ ਰੁਪਏ ਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਹਡ਼ੇ ਕਿਸਾਨਾਂ ਦੇ ਖੇਤਾਂ ਵਿੱਚ ਕੰਮ ਹੋ ਚੁੱਕਾ ਹੈ ਉਨ੍ਹਾਂ ਨੂੰ ਅੱਜ ਤੱਕ ਫਸਲ ਦਾ ਸਾਰਾ ਮੁਆਵਜ਼ਾ ਦਿੱਤਾ ਜਾਵੇਗਾ। ਪਰ ਅਜੇ ਤੱਕ ਕਿਸੇ ਵੀ ਕਿਸਾਨ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੇਲੇਵਾਲਾ ਦੇ ਖੇਤਾਂ ਵਿੱਚ ਪਾਈਪਲਾਈਨ ਦਾ ਕੰਮ ਤਦ ਤੱਕ ਰੋਕਿਆ ਜਾਵੇਗਾ ਜਦੋਂ ਤੱਕ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲਦਾ। ਮੋਰਚੇ ਵਿੱਚ ਤਲਵੰਡੀ ਸਾਬੋ ਅਤੇ ਮੌੜ ਬਲਾਕ ਦੇ ਕਿਸਾਨ ਅਤੇ ਆਗੂ ਸ਼ਾਮਲ ਹੋਏ।