ਫਸਲ ਦੀ ਅਦਾਇਗੀ ’ਤੇ ਕਟੌਤੀ ਖ਼ਿਲਾਫ਼ ਡਟੇ ਕਿਸਾਨ
ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 26 ਅਕਤੂਬਰ
ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹੇ ਪੱਧਰੀ ਧਰਨਾ ਇੱਥੋਂ ਨੇੜਲੇ ਅੱਡੇ ਪੁਲ ਸਠਿਆਲੀ ਵਿਚ ਸ਼ੁਰੂ ਕਰ ਦਿੱਤਾ ਹੈ। ਧਰਨੇ ਦੀ ਅਗਵਾਈ ਕਰਨ ਵਾਲੇ ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ ਅਤੇ ਸੁਖਵਿੰਦਰ ਸਿੰਘ ਵਰਿਆਮ ਨੰਗਲ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਨੂੰ ਲੈ ਕੇ ਪੰਜਾਬ ਭਰ ਵਿੱਚ ਕਿਸਾਨਾਂ ਨੂੰ ਤੰਗ ਕਰਨ ਲਈ ਖ਼ਰੀਦ ਪ੍ਰਕਿਰਿਆ ਨੂੰ ਲਮਕਾਇਆ ਜਾ ਰਿਹਾ ਹੈ। ਅਜਿਹੀ ਹਾਲਤ ਵਿੱਚ ਕਿਸਾਨਾਂ ਨੂੰ ਪ੍ਰੇਸ਼ਾਨ ਹੋ ਕੇ ਘੱਟੋ ਘੱਟ ਮੁੱਲ ਉੱਤੇ ਵੀ 100 ਤੋਂ 300 ਰੁਪਏ ਤੱਕ ਦਾ ਹੋਰ ਕੱਟ ਲਗਾ ਕੇ ਫਸਲ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦਾਣਾ ਮੰਡੀਆਂ ਅੰਦਰ ਅਜਿਹੀ ਹਾਲਤ ਪੈਦਾ ਹੋਣ ਦੇਣ ਪਿੱਛੇ ਪੰਜਾਬ ਸਰਕਾਰ ਪੂਰੀ ਤਰਾਂ ਸ਼ੈਲਰ ਮਾਲਕਾਂ ਨੂੰ ਸਹਿਯੋਗ ਦਿੰਦੀ ਹੋਈ ਨਜ਼ਰ ਆ ਰਹੀ ਹੈ। ਕਿਸਾਨਾਂ ਨੂੰ ਜਿਨਸ ਦਾ ਪੂਰਾ ਮੁੱਲ ਦਿਵਾਉਣ ਅਤੇ ਝੋਨੇ ਦੀ ਖ਼ਰੀਦ ਹਕੀਕਤ ਵਿੱਚ ਸਮੇਂ ਸਿਰ ਪੂਰੀ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਪੰਜਾਬ ਭਰ ਵਿੱਚ 4 ਥਾਵਾਂ ਉੱਤੇ ਅਣਮਿਥੇ ਸਮੇਂ ਦੇ ਧਰਨੇ ਸ਼ੁਰੂ ਕਰ ਦਿੱਤੇ ਹਨ।