ਬਡਰੁੱਖਾਂ ਨੇੜੇ ਨੈਸ਼ਨਲ ਹਾਈਵੇਅ ’ਤੇ ਗੂੰਜਦੇ ਰਹੇ ਕਿਸਾਨਾਂ ਦੇ ਨਾਅਰੇ
ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਅਕਤੂਬਰ
ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਦੋਵੇਂ ਫੋਰਮਾਂ ਦੇ ਸੱਦੇ ’ਤੇ ਸੈਂਕੜੇ ਕਿਸਾਨ ਅਤੇ ਬੀਬੀਆਂ ਅੱਜ ਦੂਜੇ ਦਿਨ ਵੀ ਪਿੰਡ ਬਡਰੁੱਖਾਂ ਵਿੱਚ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ-7 ਉਪਰ ਚੱਕਾ ਜਾਮ ਕਰਕੇ ਰੋਸ ਧਰਨੇ ’ਤੇ ਡਟੇ ਰਹੇ ਅਤੇ ਕੇਂਦਰ ਤੇ ਰਾਜ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬੀਤੀ ਰਾਤ ਵੀ ਕਿਸਾਨ ਕੌਮੀ ਹਾਈਵੇਅ ’ਤੇ ਡਟੇ ਰਹੇ। ਭਾਵੇਂ ਦੇਰ ਰਾਤ ਹਾਈਵੇਅ ਦੀ ਇੱਕ ਸਾਈਡ ’ਤੇ ਟਰੈਫ਼ਿਕ ਸ਼ੁਰੂ ਹੋ ਗਈ ਸੀ ਪਰ ਸਵੇਰੇ ਕਰੀਬ ਸਵਾ ਸੱਤ ਵਜੇ ਕਿਸਾਨਾਂ ਵੱਲੋਂ ਮੁੜ ਆਵਾਜਾਈ ਬੰਦ ਕਰ ਦਿੱਤੀ। ਅੱਜ ਟਰੈਫ਼ਿਕ ਪੁਲੀਸ ਵੱਲੋਂ ਬਰਨਾਲਾ, ਬਠਿੰਡਾ ਜਾਣ ਵਾਲੀ ਟਰੈਫਿਕ ਨੂੰ ਬਡਰੁੱਖਾਂ ਤੋਂ ਵਾਇਆ ਬਹਾਦਰਪੁਰ ਅਤੇ ਬਡਰੁੱਖਾਂ ਤੋਂ ਵਾਇਆ ਚੰਗਾਲ-ਮਸਤੂਆਣਾ ਸਾਹਿਬ ਰੂਟ ’ਤੇ ਡਾਇਵਰਟ ਕੀਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਝੋਨੇ ਦੀ ਫ਼ਸਲ ਨੂੰ ਪੰਜਾਬ ਤੇ ਕੇਂਦਰ ਸਰਕਾਰ ਦੀ ਆਪਸੀ ਮਿਲੀਭੁਗਤ ਨਾਲ ਮੰਡੀਆਂ ਵਿੱਚ ਰੋਲਿਆ ਜਾ ਰਿਹਾ ਹੈ। ਝੋਨੇ ’ਚ ਨਮੀ ਦੀ ਮਾਤਰਾ ਦੇ ਨਾਂ ’ਤੇ ਝੋਨੇ ਨੂੰ ਐੱਮਐੱਸਪੀ ਤੋ ਦੋ- ਤਿੰਨ ਸੌ ਰੁਪਏ ਘੱਟ ਅਤੇ ਵੱਡੀ ਕਾਟ ਲਗਾ ਕੇ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅੱਜ ਫਸਲ ਨੂੰ ਵਿਕਾਉਣ ਲਈ ਸੜਕਾਂ ’ਤੇ ਬੈਠਣਾ ਪੈ ਰਿਹਾ ਹੈ, ਉਧਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਬਿਆਨ ਦੇਣਾ ਕਿ ਬਿਨਾਂ ਵਜਾ ਕਿਸਾਨ ਧਰਨੇ ਲਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ, ਇਹ ਪੰਜਾਬ ਦੇ ਕਿਸਾਨਾਂ ਦੇ ਜ਼ਖਮਾਂ ’ਤੇ ਲੂਣ ਭੁੱਕਣ ਦਾ ਕੰਮ ਕਰ ਰਹੇ ਹਨ। ਦੂਜੇ ਪਾਸੇ ਕਣਕ ਬੀਜਣ ਦਾ ਡਰ ਕਿਸਾਨ ਨੂੰ ਸਤਾ ਰਿਹਾ ਹੈ ਕਿਉਂਕਿ ਡੀਏਪੀ ਦੀ ਵੱਡੀ ਘਾਟ ਪੰਜਾਬ ਵਿੱਚ ਬਣੀ ਹੋਈ ਹੈ। ਪੰਜਾਬ ਦੀ ਅਫ਼ਸਰਸ਼ਾਹੀ ਵੱਡੇ ਪੱਧਰ ਤੇ ਪਿੰਡਾਂ ਵਿੱਚ ਅੱਗ ਲਾਉਣ ਵਾਲੇ ਕਿਸਾਨ ਭਰਾਵਾਂ ਤੇ ਪਰਚੇ ਦਰਜ ਕਰਨ ਤੇ ਧੜਾਧੜ ਰੈੱਡ ਐਂਟਰੀਆਂ ਤੇ ਜੁਰਮਾਨੇ ਲਾਉਣ ਲਈ ਉਤਰੀ ਹੋਈ ਹੈ। ਇਸ ਮੌਕੇ ਸੂਬਾ ਕਾਰਜਕਾਰੀ ਔਰਤ ਆਗੂ ਦਵਿੰਦਰ ਕੌਰ, ਬਲਜੀਤ ਕੌਰ ਕਿਲ੍ਹਾ ਭਰੀਆਂ, ਭਾਕਿਯੂ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਸੂਬਾ ਕਾਰਜਕਾਰੀ ਆਗੂ ਕਰਨੈਲ ਸਿੰਘ ਲੰਗ, ਕ੍ਰਾਂਤੀਕਾਰੀ ਸੂਬਾ ਆਗੂ ਜਰਨੈਲ ਸਿੰਘ ਕਾਲੇਕੇ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸੋਨੀ ਲੌਂਗੋਵਾਲ, ਕਰਮਜੀਤ ਕੌਰ ਭਿੰਡਰਾਂ ਨੇ ਸੰਬੋਧਨ ਕੀਤਾ।ਸਟੇਜ ਸਕੱਤਰ ਦੀ ਭੂਮਿਕਾ ਸੰਤ ਰਾਮ ਛਾਜਲੀ ਨੇ ਬਾਖੂਬੀ ਨਿਭਾਈ।