ਪੰਜਾਬ ਦੇ ਕਿਸਾਨਾਂ ਦਾ ਧਰਨਾ: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਅੰਤਰਰਾਜੀ ਸਰਹੱਦਾਂ ’ਤੇ ਸੁਰੱਖਿਆ ਵਧਾਈ
ਚੰਡੀਗੜ੍ਹ, 22 ਅਗਸਤ
ਹੜ੍ਹਾਂ ਕਰਕੇ ਹੋਏ ਨੁਕਸਾਨ ਦੇ ਮੁਆਵਜ਼ੇ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ 16 ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਵਿਚ ਰੋਸ ਪ੍ਰਦਰਸ਼ਨ ਨੂੰ ਲੈ ਕੇ ਦਿੱਤੇ ਸੱਦੇ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਅੰਤਰਰਾਜੀ ਸਰਹੱਦਾਂ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਚੰਡੀਗੜ੍ਹ ਵਿੱਚ ਸਾਰੇ ਦਾਖ਼ਲਾ ਤੇ ਬਾਹਰ ਨਿਕਲਣ ਵਾਲੇ ਰਸਤਿਆਂ ’ਤੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤਾਂ ਕਿ ਕਿਸਾਨਾਂ ਨੂੰ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾ ਸਕੇ। ਇਸੇ ਤਰ੍ਹਾਂ ਅੰਬਾਲਾ ਵਿਚ ਸ਼ੰਭੂ ਵਿਖੇ ਹਰਿਆਣਾ-ਪੰਜਾਬ ਸਰਹੱਦ ’ਤੇ ਵੱਡੀ ਤਾਦਾਦ ਵਿਚ ਪੁਲੀਸ ਮੁਲਾਜ਼ਮ ਮੌਜੂਦ ਹਨ। ਪੰਜਾਬ ਦੇ ਰਾਜਪੁਰਾ ਵਿੱਚ ਦੰਗਾ ਰੋਕੂ ਵਹੀਕਲਾਂ ਤੇ ਸੀਸੀਟੀਵੀ ਵਹੀਕਲ ਦੀ ਤਾਇਨਾਤੀ ਦੇ ਨਾਲ ਬੈਰੀਕੇਡਿੰਗ ਕੀਤੀ ਗਈ ਹੈ। ਅੰਤਰਰਾਜੀ ਸਰਹੱਦਾਂ ’ਤੇ ਕੀਤੀ ਬੈਰੀਕੇਡਿੰਗ ਕਰਕੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਕਰਕੇ ਆਮ ਰਾਹਗੀਰਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਬੀਕੇਯੂ (ਕਰਾਂਤੀਕਾਰੀ), ਬੀਕੇਯੂ (ਏਕਤਾ ਆਜ਼ਾਦ), ਆਜ਼ਾਦ ਕਿਸਾਨ ਕਮੇਟੀ, ਦੋਆਬਾ, ਬੀਕੇਯੂ (ਬਹਿਰਾਮਕੇ) ਤੇ ਭੂਮੀ ਬਚਾਓ ਮੁਹਿੰਮ ਸਣੇ 16 ਕਿਸਾਨ ਜਥੇਬੰਦੀਆਂ ਨੇ ਹੜ੍ਹਾਂ ਕਰਕੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ। ਕਿਸਾਨਾਂ ਵੱਲੋਂ ਪੰਜਾਬ ਸਣੇ ਉੱਤਰੀ ਖੇਤਰ ਵਿੱਚ ਹੜ੍ਹਾਂ ਕਰਕੇ ਹੋਏ ਖਰਾਬੇ ਲਈ ਕੇਂਦਰ ਸਰਕਾਰ ਤੋਂ 50,000 ਕਰੋੜ ਰੁਪਏ ਦੇ ਪੈਕੇਜ ਦੀ ਮੰਗ ਕੀਤੀ ਗਈ ਹੈ। ਇਹੀ ਨਹੀਂ ਕਿਸਾਨਾਂ ਨੇ ਫ਼ਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਵਜੋਂ 50,000 ਪ੍ਰਤੀ ਏਕੜ, ਨੁਕਸਾਨੇ ਘਰ ਲਈ ਪੰਜ ਲੱਖ ਤੇ ਹੜ੍ਹਾਂ ਕਰਕੇ ਮਾਰੇ ਲੋਕਾਂ ਦੇ ਵਾਰਸਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ। ਚੇਤੇ ਰਹੇ ਕਿ ਲੰਘੇ ਦਿਨ ਸੰਗਰੂਰ ਜ਼ਿਲ੍ਹੇ ਕੁਝ ਕਿਸਾਨ ਆਗੂਆਂ ਨੂੰ ‘ਹਿਰਾਸਤ’ ਵਿੱਚ ਲਏ ਜਾਣ ਖਿਲਾਫ਼ ਧਰਨਾ ਦੇ ਰਹੇ ਕਿਸਾਨਾਂ ਤੇ ਪੁਲੀਸ ਵਿਚਾਲੇ ਹੋਈ ਝੜਪ ਦੌਰਾਨ ਟਰੈਕਟਰ ਟਰਾਲੀ ਹੇਠ ਆਉਣ ਕਰਕੇ ਇਕ ਕਿਸਾਨ ਦੀ ਮੌਤ ਹੋ ਗਈ ਸੀ ਜਦੋਂਕਿ ਪੰਜ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। ਕਿਸਾਨਾਂ ਦਾ ਦਾਅਵਾ ਹੈ ਕਿ ਮੰਗਲਵਾਰ ਦੇ ਇਸ ਤਜਵੀਜ਼ਤ ਧਰਨੇ ਦੇ ਮੱਦੇਨਜ਼ਰ ਉਨ੍ਹਾਂ ਦੇ ਕੁਝ ਆਗੂਆਂ ਨੂੰ ਸੋਮਵਾਰ ਨੂੰ ਪੰਜਾਬ ਦੇ ਵੱਖ ਵੱਖ ਹਿੱਸਿਆਂ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁਝ ਕਿਸਾਨਾਂ ਨੂੰ ਹਰਿਆਣਾ ਦੇ ਅੰਬਾਲਾ ਤੇ ਕੁਰੂਕਸ਼ੇਤਰ ਤੋਂ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਅੰਮ੍ਰਿਤਸਰ ਤੇ ਤਰਨ ਤਾਰਨ ਦੇ ਟੌਲ ਪਲਾਜ਼ਿਆਂ ’ਤੇ ਕਿਸਾਨਾਂ ਦੇ ਧਰਨੇ ਜਾਰੀ ਹਨ। -ਪੀਟੀਆਈ