ਪਟਿਆਲਾ ਵਿੱਚ ਕਿਸਾਨਾਂ ਵੱਲੋਂ ਸਿਹਤ ਮੰਤਰੀ ਦੀ ਕੋਠੀ ਅੱਗੇ ਧਰਨਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਅਕਤੂਬਰ
ਝੋਨੇ ਦੀ ਫ਼ਸਲ ਸਮੇਤ ਕਿਸਾਨਾਂ ਦੇ ਮੰਡੀਆਂ ’ਚ ਰੁਲਣ ਦਾ ਗੰੰਭੀਰ ਨੋਟਿਸ ਲੈਂਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੱਦੇ ਤਹਿਤ ਉਲੀਕੇ ਪ੍ਰੋਗਰਾਮ ਤਹਿਤ ਕਿਸਾਨ ਜਥੇਬੰਦੀ ਵੱਲੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਪਟਿਆਲਾ ਸਥਿਤ ਕੋਠੀ ਦੇ ਨਜ਼ਦੀਕ ਧਰਨਾ ਦਿੱਤਾ ਗਿਆ। ਯੂਨੀਅਨ ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਕਹਿਣਾ ਸੀ ਕਿ ਭਲਕੇ 19 ਅਕਤੂਬਰ ਨੂੰ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਅਤੇ ਉਨ੍ਹਾਂ ਦੀ ਧੀ ਤੇ ਭਾਜਪਾ ਮਹਿਲਾ ਮੋਰਚਾ ਦੀ ਸੂਬਾਈ ਪ੍ਰਧਾਨ ਬੀਬਾ ਜੈਇੰਦਰ ਕੌਰ ਦੀ ਪਟਿਆਲਾ ਸ਼ਹਿਰ ’ਚ ਹੀ ਸਥਿਤ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦਾ ਘਿਰਾਓ ਵੀ ਕੀਤਾ ਜਾਵੇਗਾ।
ਇਸੇ ਦੌਰਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਜਸਦੇਵ ਸਿੰਘ ਜਰੀਕਪੁਰ (ਨੂਗੀ ਬਹਿਣੀਵਾਲ) ਨੇ ਦੱਸਿਆ ਕਿ ਅੱਜ ਸਿਹਤ ਮੰਤਰੀ ਦੀ ਰਿਹਾਇਸ਼ ਦੇ ਬਾਹਰ ਦਿੱਤੇ ਗਏ ਧਰਨੇ ਨੂੰ ਮਾਸਟਰ ਬਲਰਾਜ ਜੋਸ਼ੀ, ਜਗਦੀਪ ਛੰਨਾ, ਹਰਦੀਪ ਡਰੌਲੀ, ਹਰਮਨਦੀਪ ਨੰਦਪੁਰ, ਗੁਰਵੀਰ ਨੰਦਪੁਰ, ਮਨਦੀਪ ਕੌਰ ਬਾਰਨ ਤੇ ਗੁਰਮੀਤ ਕੌਰ ਬਾਰਨ ਆਗੂਆਂ ਵੱਲੋਂ ਜਥੇਬੰਦੀਆਂ ਦੀ ਮੰਗ ਅਨੁਸਾਰ ਮੰਚ ਤੋਂ ਸੰਬੋਧਨ ਕੀਤਾ। ਸ੍ਰੀ ਉਗਰਾਹਾਂ ਨੇ ਕਿਹਾ ਕਿ ਝੋਨੇ ਦੀ ਖਰੀਦ ਵਿੱਚ ਵੱਡੀ ਸਮੱਸਿਆ ਸ਼ੈਲਰਾਂ ਵਿੱਚ ਚੌਲਾਂ ਦੀ ਚੁਕਾਈ ਨਾ ਹੋਣਾ ਹੈ ਜਿਸ ਕਾਰਨ ਸ਼ੈਲਰ ਮਾਲਕਾਂ ਨੂੰ ਵੀ ਦਿੱਕਤ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਝੋਨੇ ਵਿੱਚ ਨਮੀ ਦੀ ਮਾਤਰਾ 22 ਫੀਸਦੀ ਕਰੇ ਅਤੇ ਪਰਾਲੀ ਦੇ ਸਾੜਨ ਤੋਂ ਬਗੈਰ ਸਾਂਭ ਸੰਭਾਲ਼ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਵੀ ਯਕੀਨੀ ਬਣਾਇਆ ਜਾਵੇ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਇਕ ਮਾਲੇਰਕੋਟਲਾ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦੇ ਕਾਲਜ ਰੋਡ ਸਥਿਤ ਦਫ਼ਤਰ ਅੱਗੇ ਪੱਕਾ ਮੋਰਚਾ ਲਾਉਂਦਿਆਂ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਰਵਿੰਦਰ ਸਿੰਘ ਹਥਨ, ਰਜਿੰਦਰ ਸਿੰਘ ਭੋਗੀਵਾਲ ਅਤੇ ਮਜ਼ਦੂਰ ਆਗੂ ਮੇਜਰ ਸਿੰਘ ਹਥਨ ਨੇ ਕਿਹਾ ਕਿ ਕੇਂਦਰ ਸਰਕਾਰ ਸੰਸਾਰ ਵਪਾਰ ਸੰਸਥਾ ਦੇ ਖੁੱਲ੍ਹੀ ਮੰਡੀ ਦੀ ਨੀਤੀ ਨੂੰ ਰੱਦ ਕਰਕੇ ਉਸ ਨੀਤੀ ’ਚੋਂ ਬਾਹਰ ਆਏ, ਪੰਜਾਬ ਸਰਕਾਰ ਖ਼ਰੀਦੇ ਜਾ ਰਹੇ ਝੋਨੇ ਦੇ ਭੰਡਾਰਨ ਦਾ ਹੱਲ ਕਰੇ, ਘੱਟੋ-ਘੱਟ ਸਮਰਥਨ ਮੁੱਲ ’ਤੇ ਝੋਨੇ ਦੀ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਏ, ਝੋਨੇ ਦੀ ਖ਼ਰੀਦ ਲਈ ਨਮੀ ਦਾ ਮਿਆਰ 22 ਫ਼ੀਸਦੀ ਕਰੇ ਤੇ ਮੰਡੀ ਮਜ਼ਦੂਰਾਂ ਦੀਆਂ ਮੰਗਾਂ ਪ੍ਰਵਾਨ ਕਰੇ। ਇਸ ਮੌਕੇ ਗੁਰਚਰਨ ਸਿੰਘ, ਰਛਪਾਲ ਸਿੰਘ ਫ਼ਰੀਦਪੁਰ, ਨੈਬ ਸਿੰਘ, ਜਗਰੂਪ ਸਿੰਘ, ਹਰਬੰਸ ਸਿੰਘ ਮਾਣਕੀ, ਨਛੱਤਰ ਸਿੰਘ, ਕਰਨੈਲ ਸਿੰਘ ਭੂਦਨ ਤੇ ਜਰਨੈਲ ਸਿੰਘ ਨੇ ਵੀ ਸੰਬੋਧਨ ਕੀਤਾ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਬੀਕੇਯੂ ਏਕਤਾ-ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੇ ਪੁਰਾਣੀ ਅਨਾਜ ਮੰਡੀ ਵਿਚਲੇ ਦਫ਼ਤਰ ਅੱਗੇ ਜਥੇਬੰਦੀ ਦੇ ਸੱਦੇ ’ਤੇ ਦਿਨ-ਰਾਤ ਦਾ ਪੱਕਾ ਮੋਰਚਾ ਲਾਇਆ ਗਿਆ। ਉੱਧਰ, ਜਥੇਬੰਦੀ ਵੱਲੋਂ ਚੋਟੀਆਂ ਦੇ ਟੌਲ ਪਲਾਜ਼ਾ ਨੂੰ ਮੁਫ਼ਤ ਕਰਨ ਲਈ ਵੀ ਧਰਨਾ ਜਾਰੀ ਰਿਹਾ। ਮੋਰਚੇ ਨੂੰ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ ਨੇ ਸੰਬੋਧਨ ਕੀਤਾ।
ਇਸ ਮੌਕੇ ਕਰਨੈਲ ਸਿੰਘ ਗਨੋਟਾ, ਬਿੰਦਰ ਖੋਖਰ, ਨਿੱਕਾ ਸੰਗਤੀਵਾਲਾ, ਰਾਮ ਨੰਗਲਾ ਤੇ ਸਰਬਜੀਤ ਸ਼ਰਮਾ, ਕਰਮਜੀਤ ਕੌਰ ਸੰਗਤੀਵਾਲਾ ਤੇ ਪਿੰਡ ਇਕਾਈਆਂ ਦੇ ਪ੍ਰਧਾਨ ਤੇ ਹੋਰ ਅਹੁਦੇਦਾਰ ਹਾਜ਼ਰ ਸਨ। ਇਸ ਦੌਰਾਨ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਇਨ੍ਹਾਂ ਮੋਰਚਿਆਂ ਦੀ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਪੰਜਾਬ ਵਿੱਚ ਜੋ ਚਾਵਲ ਸ਼ੈਲਰਾਂ ਤੇ ਐੱਫਸੀਆਈ ਦੇ ਗੁਦਾਮਾਂ ਵਿੱਚ ਪਿਆ ਹੈ, ਉਹ ਕੇਂਦਰ ਸਰਕਾਰ ਨੇ ਨਹੀਂ ਚੁੱਕਿਆ ਜਿਸ ਕਾਰਨ ਪੰਜਾਬ ਵਿੱਚ ਝੋਨੇ ਦੀ ਫ਼ਸਲ ਨੂੰ ਰੱਖਣ ਲਈ ਸਮੱਸਿਆ ਆ ਰਹੀ ਹੈ ਜਿਸ ਦੀ ਸਿੱਧੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਸੰਘਰਸ਼ ਦੇ ਨਾਲ ਹਨ।
ਕਿਸਾਨਾਂ ਵੱਲੋਂ ਭਾਜਪਾ ਆਗੂ ਅਰਵਿੰਦ ਖੰਨਾ ਦੀ ਕੋਠੀ ਅੱਗੇ ਧਰਨਾ
ਸੰਗਰੂਰ (ਗੁਰਦੀਪ ਸਿੰਘ ਲਾਲੀ): ਭਾਕਿਯੂ ਏਕਤਾ-ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਇੱਥੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਦੀ ਕੋਠੀ ਅੱਗੇ ਆਵਾਜਾਈ ਠੱਪ ਕਰ ਕੇ ਧਰਨਾ ਦਿੱਤਾ ਗਿਆ। ਝੋਨੇ ਦੀ ਖਰੀਦ ਅਤੇ ਚੁਕਾਈ ਦੇ ਪ੍ਰਬੰਧਾਂ ਤੋਂ ਨਾਖੁਸ਼ ਕਿਸਾਨਾਂ ਵੱਲੋਂ ਬੀਤੇ ਦਿਨ ਟੌਲ ਪਲਾਜ਼ਾ ਪਰਚੀ-ਮੁਕਤ ਕਰ ਕੇ ਧਰਨੇ ਦਿੱਤੇ ਗਏ ਸਨ ਜਦੋਂਕਿ ਅੱਜ ਦੂਜੇ ਦਿਨ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਦਿੱਤੇ ਗਏ। ਧਰਨੇ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ-ਮਜ਼ਦੂਰਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਲਗਾਤਾਰ ਧਰਨੇ ਜਾਰੀ ਰਹਿਣਗੇ। ਧਰਨੇ ਨੂੰ ਯੂਨੀਅਨ ਦੇ ਬਲਾਕ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ, ਜਗਤਾਰ ਸਿੰਘ ਲੱਡੀ, ਬੂਟਾ ਸਿੰਘ, ਹੈਪੀ ਸ਼ੇਰੋਂ, ਕਰਮਜੀਤ ਸਿੰਘ ਮੰਗਵਾਲ, ਗੁਰਦੀਪ ਸਿੰਘ ਕੰਮੋਮਾਜਰਾ ਧੂਰੀ ਬਲਾਕ ਦੇ ਆਗੂ ਬਾਬੂ ਸਿੰਘ ਅਤੇ ਬਲਵੰਤ ਸਿੰਘ ਘਨੌਰੀ ਕਲਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਇਨ੍ਹਾਂ ਮੰਗਾਂ ਵਿੱਚ ਝੋਨੇ ਦੀ ਪੂਰੀ ਐੱਮ ਐੱਸ ਪੀ ’ਤੇ ਨਿਰਵਿਘਨ ਖ੍ਰੀਦ ਚਾਲੂ ਕਰਨ ਤੋਂ ਇਲਾਵਾ ਹੁਣ ਤੱਕ ਘੱਟ ਮੁੱਲ ’ਤੇ ਵਿਕੇ ਝੋਨੇ ਦੀ ਕਮੀ ਪੂਰਤੀ ਕਰਨ, ਸਰਕਾਰੀ ਸਿਫਾਰਸ਼ ਅਨੁਸਾਰ ਪਾਣੀ ਦੀ ਬੱਚਤ ਲਈ ਬੀਜੀ ਗਈ ਪੀ ਆਰ 126 ਕਿਸਮ ਦੇ ਪੂਸਾ 44 ਨਾਲੋਂ ਘੱਟ ਝਾੜ ਦੀ ਅਤੇ ਐੱਮਐੱਸਪੀ ਤੋਂ ਘੱਟ ਮਿਲੇ ਮੁੱਲ ਦੀ ਕਮੀ ਪੂਰਤੀ ਕਰਨ, ਬਾਸਮਤੀ ਦੀ ਐੱਮ ਐੱਸ ਪੀ ਮਿੱਥਣ, ਝੋਨੇ ਦੀ ਵੱਧ ਤੋਂ ਵੱਧ ਨਮੀ 22% ਕਰਨ ਅਤੇ ਦਾਗੀ ਦਾਣਿਆਂ ਵਰਗੀਆਂ ਹੋਰ ਸ਼ਰਤਾਂ ਨਰਮ ਕਰਨ, ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਉਨ੍ਹਾਂ ਦੀ ਮੰਗ ਅਨੁਸਾਰ ਮਿੱਥਣ ਅਤੇ ਹੋਰ ਹੱਕੀ ਮੰਗਾਂ ਮੰਨਣ ਅਤੇ ਜੁਰਮਾਨੇ ਕਰਨ ਜਾਂ ਲਾਲ ਐਂਟਰੀਆਂ ਕਰਨ ਦਾ ਸਿਲਸਿਲਾ ਬੰਦ ਕਰਨ ਸਮੇਤ ਪਹਿਲਾਂ ਚੁੱਕੇ ਅਜਿਹੇ ਕਦਮ ਵਾਪਸ ਲੈਣ ਵਰਗੀਆਂ ਮੰਗਾਂ ਲਈ ਇਹ ਪੱਕੇ ਮੋਰਚੇ ਲਗਾਏ ਗਏ ਹਨ।
ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਦਾ ਘਿਰਾਓ
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਸ਼ਹਿਰ ’ਚ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਦਾ ਘਿਰਾਓ ਕੀਤਾ। ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਕੀਤੇ ਪ੍ਰਦਰਸ਼ਨ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਜਲਦ ਤੋਂ ਜਲਦ ਝੋਨੇ ਦੀ ਨਿਰਵਿਘਨ ਖਰੀਦ ਦਾ ਪ੍ਰਬੰਧ ਕਰੇ, ਡੀਏਪੀ ਖਾਦ ਦਾ ਜਲਦੀ ਤੋਂ ਜਲਦੀ ਪ੍ਰਬੰਧ ਕੀਤਾ ਜਾਵੇ, ਝੋਨੇ ਦੀ ਪਰਾਲੀ ਦਾ ਯੋਗ ਪ੍ਰਬੰਧ ਕੀਤਾ ਜਾਵੇ। ਧਰਨੇ ਨੂੰ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਜਨਰਲ ਸਕੱਤਰ ਰਾਮਸਰਨ ਸਿੰਘ ਉਗਰਾਹਾਂ, ਬਲਾਕ ਪ੍ਰੈਸ ਸਕੱਤਰ ਸੁਖਪਾਲ ਸਿੰਘ ਮਾਣਕ ਕਣਕਵਾਲ, ਅਜੈਬ ਸਿੰਘ ਜਖੇਪਲ, ਮਹਿੰਦਰ ਸਿੰਘ ਨਮੋਲ, ਮਨੀ ਸਿੰਘ ਭੈਣੀ, ਯਾਦਵਿੰਦਰ ਸਿੰਘ ਚੱਠੇ ਨਕਟੇ, ਗਗਨ ਚੱਠਾ,ਜੀਤ ਸਿੰਘ ਗੰਢੂਆਂ, ਮੱਖਣ ਰਟੋਲਾਂ, ਮਨੀ ਰਟੋਲਾ, ਜਸਵੀਰ ਕੌਰ ਉਗਰਾਹਾਂ, ਮਨਜੀਤ ਕੌਰ ਤੋਲਾਵਾਲ ਤੇ ਬਲਜੀਤ ਖਡਿਆਲ ਨੇ ਸੰਬੋਧਨ ਕੀਤਾ।