For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੇ ਪਰਨੀਤ ਨੂੰ ਦਿਖਾਈਆਂ ਕਾਲੀਆਂ ਝੰਡੀਆਂ

07:50 AM Apr 08, 2024 IST
ਕਿਸਾਨਾਂ ਨੇ ਪਰਨੀਤ ਨੂੰ ਦਿਖਾਈਆਂ ਕਾਲੀਆਂ ਝੰਡੀਆਂ
ਪਾਤੜਾਂ ’ਚ ਪਰਨੀਤ ਕੌਰ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਹੋਏ ਕਿਸਾਨ। -ਫੋਟੋ: ਰਾਜੇਸ਼ ਸੱਚਰ
Advertisement

ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ, 7 ਅਪਰੈਲ
ਪਟਿਆਲਾ ਸੰਸਦੀ ਸੀਟ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਖਿਲਾਫ਼ ਅੱਜ ਪਾਤੜਾਂ ਅਤੇ ਨਾਭਾ ਵਿੱਚ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਇਸ ਦੌਰਾਨ ਭਾਜਪਾ ਆਗੂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਤੇ ਨਾਅਰੇਬਾਜ਼ੀ ਕੀਤੀ। ਬੋਲੇਰੋ ਤੇ ਕਾਰ ਸਵਾਰ ਕੁਝ ਕਿਸਾਨਾਂ ਨੇ ਪਰਨੀਤ ਕੌਰ ਦੇ ਕਾਫਲੇ ਦਾ ਪਿੱਛਾ ਵੀ ਕੀਤਾ ਜਿਨ੍ਹਾਂ ਨੂੰ ਪੁਲੀਸ ਨੇ ਇਕ ਨਾਕੇ ’ਤੇ ਰੋਕ ਲਿਆ। ਪਰਨੀਤ ਕੌਰ ਭਾਜਪਾ ਵਰਕਰਾਂ ਨੂੰ ਮਿਲਣ ਲਈ ਦੇਵੀ ਦਵਾਲਾ ਚੌਕ ਨਾਭਾ ਪੁੱਜੇ ਸਨ। ਉਨ੍ਹਾਂ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਵਾਲ਼ਿਆਂ ’ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਕਿਸਾਨ ਯੂਨੀਅਨ ਉਗਰਾਹਾਂ ਆਦਿ ਨਾਲ ਸਬੰਧਤ ਕਿਸਾਨ ਮੌਜੂਦ ਸਨ। ਕਿਸਾਨਾਂ ਨੇ ਭਾਜਪਾ ਨੂੰ ਕਿਸਾਨ ਵਿਰੋਧੀ ਗਰਦਾਨਦਿਆਂ ‘ਭਾਜਪਾ ਮੁਰਦਾਬਾਦ’ ਦੇ ਨਾਅਰੇ ਵੀ ਲਾਏ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕਿਸੇ ਵੀ ਉਮੀਦਵਾਰ ਅਤੇ ਆਗੂ ਨੂੰ ਉਹ ਚੋਣ ਪ੍ਰਚਾਰ ਨਹੀਂ ਕਰਨ ਦੇਣਗੇ। ਪਰਨੀਤ ਕੌਰ ਨੇ ਪਾਤੜਾਂ ਦੇ ਇਕ ਪੈਲੇਸ ਵਿੱਚ ਬੂਥ ਪੱਧਰ ਦਾ ਇਕੱਠ ਕਰ ਕੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਨੇ ਭਾਜਪਾ ਉਮੀਦਵਾਰ ਤੇ ਪਾਰਟੀ ਆਗੂਆਂ ਨੂੰ ਕਾਲੀਆਂ ਝੰਡੀਆਂ ਦਿਖਾਉਂਦਿਆਂ ਨਾਅਰੇਬਾਜ਼ੀ ਕੀਤੀ। ਪਰਨੀਤ ਕੌਰ ਮੁਸਕਰਾਉਂਦੇ ਤੇ ਹੱਥ ਹਿਲਾਉਂਦੇ ਹੋਏ ਪੁਲੀਸ ਵੱਲੋਂ ਕੀਤੀ ਬੈਰੀਕੇਡਿੰਗ ਤੋਂ ਅੱਗੇ ਪੈਦਲ ਚੱਲ ਕੇ ਪੈਲੇਸ ਵਿੱਚ ਪਹੁੰਚੇ। ਇਸ ਦੌਰਾਨ ਜਦੋਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਸਮਾਗਮ ਵਾਲੀ ਥਾਂ ਨੇੜੇ ਆਏ ਤਾਂ ਕਿਸਾਨਾਂ ਦੀ ਨਾਅਰੇਬਾਜ਼ੀ ਪਹਿਲਾਂ ਨਾਲੋਂ ਵੀ ਉੱਚੀ ਹੋ ਗਈ। ਕਿਸਾਨਾਂ ਦਾ ਰੋਹ ਦੇਖ ਕੇ ਗਰੇਵਾਲ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਨੂੰ ਬਿਨਾਂ ਰੋਕੇ ਪੰਡਾਲ ਵਿੱਚ ਪੁੱਜੇ। ਉਨ੍ਹਾਂ ਕਿਹਾ ਕਿ ਢਾਬੀ ਗੁੱਜਰਾਂ ਬਾਰਡਰ ਉੱਤੇ ਹਰਿਆਣਾ ਪੁਲੀਸ ਵੱਲੋਂ ਕੀਤੇ ਗਏ ਤਸ਼ੱਦਦ ਦੌਰਾਨ ਸ਼ਹੀਦ ਤੇ ਜ਼ਖ਼ਮੀ ਹੋਏ ਇਕੱਲੇ ਇਕੱਲੇ ਕਿਸਾਨ ਦੇ ਘਰ ਜਾ ਕੇ ਉਨ੍ਹਾਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਹਾਈ ਕਮਾਂਡ ਤੱਕ ਕਿਸਾਨਾਂ ਦੀ ਗੱਲ ਪਹੁੰਚਾਈ ਹੈ। ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਦੋਸ਼ ਲਗਾਇਆ ਕਿ ਭਾਜਪਾ ਦਾ ਵਿਰੋਧ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਣੇ ਅਕਾਲੀ ਦਲ ਰਲ ਕੇ ਕਰਵਾ ਰਿਹਾ ਹੈ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕੁੱਲ ਹਿੰਦ ਕਿਸਾਨ ਸਭਾ 1936 , ਕਿਰਤੀ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਕਿਸਾਨ ਆਗੂ ਕੁਲਵੰਤ ਸਿੰਘ ਮੌਲਵੀਵਾਲਾ, ਸੁਖਦੇਵ ਸਿੰਘ ਹਰਿਆਊ, ਅਮਰੀਕ ਸਿੰਘ, ਸਾਹਿਬ ਸਿੰਘ ਦੁਤਾਲ, ਗੁਰਵਿੰਦਰ ਸਿੰਘ ਦੇਧਨਾ ਅਤੇ ਮਲਕੀਤ ਸਿੰਘ ਨਿਆਲ ਨੇ ਐਲਾਨ ਕੀਤਾ ਕਿ ਭਾਜਪਾ ਉਮੀਦਵਾਰਾਂ ਦਾ ਵਿਰੋਧ ਜਾਰੀ ਰਹੇਗਾ।

Advertisement

ਜਿੱਤਣ ਮਗਰੋਂ ਕਿਸਾਨਾਂ ਲਈ ਵਕੀਲ ਬਣ ਕੇ ਲੜਾਂਗੀ: ਪਰਨੀਤ ਕੌਰ

ਪਰਨੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਵੱਲੋਂ ਕੀਤੇ ਵਿਰੋਧ ਦੇ ਹਵਾਲੇ ਨਾਲ ਕਿਹਾ ਕਿ ਹਰੇਕ ਨੂੰ ਆਪਣੀ ਗੱਲ ਕਹਿਣ ਲਈ ਵਿਰੋਧ-ਪ੍ਰਦਰਸ਼ਨ ਦਾ ਜਮਹੂਰੀ ਹੱਕ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਦੀਆਂ ਕੀਤੀਆਂ ਕੋਸ਼ਿਸ਼ਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਰਹੇ ਹਨ ਤੇ ਅੱਗੋਂ ਵੀ ਇਹ ਅਮਲ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪਟਿਆਲਾ ਦਾ ਸ਼ਾਹੀ ਪਰਿਵਾਰ ਕਿਸਾਨਾਂ ਦਾ ਹਮੇਸ਼ਾ ਹੀ ਕਦਰਦਾਨ ਰਿਹਾ ਹੈ ਤੇ ਰਹੇਗਾ। ਪਰਨੀਤ ਕੌਰ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਲਾਈ ਗਈ ਡਿਊਟੀ ਨੂੰ ਬਾਖੂਬੀ ਨਿਭਾਉਂਦੇ ਹੋਏ ਵੋਟਾਂ ਮੰਗਣ ਖਾਤਰ ਲੋਕਾਂ ’ਚ ਜਾਂਦੇ ਰਹਿਣਗੇ।

Advertisement
Author Image

Advertisement
Advertisement
×