For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੂੰ ਕਾਲੇ ਝੰਡੇ ਦਿਖਾਏ

08:08 AM Apr 15, 2024 IST
ਕਿਸਾਨਾਂ ਨੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੂੰ ਕਾਲੇ ਝੰਡੇ ਦਿਖਾਏ
ਸਮਾਣਾ-ਪਟਿਆਲਾ ਸੜਕ ’ਤੇ ਆਵਾਜਾਈ ਠੱਪ ਕਰਦੇ ਹੋਏ ਕਿਸਾਨ।
Advertisement

ਸੁਭਾਸ਼ ਚੰਦਰ
ਸਮਾਣਾ, 14 ਅਪਰੈਲ
ਭਾਰਤੀ ਜਨਤਾ ਪਾਰਟੀ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਪ੍ਰਨੀਤ ਕੌਰ ਨੂੰ ਅੱਜ ਇੱਥੇ ਬੂਥ ਸੰਮੇਲਨ ਵਿੱਚ ਪੁੱਜਣ ਮੌਕੇ ਕਿਸਾਨਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਕਾਲੇ ਝੰਡੇ ਦਿਖਾ ਕੇ ਉਨ੍ਹਾਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੁਲੀਸ ਵੱਲੋਂ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਬੱਸ ਵਿੱਚ ਬਿਠਾਇਆ ਗਿਆ, ਤਾਂ ਮੌਕੇ ’ਤੇ ਹਾਜਰ ਸੈਂਕੜੇ ਕਿਸਾਨਾਂ ਨੇ ਪੁਲੀਸ ਦੀ ਬੱਸ ਘੇਰ ਕੇ ਸਮਾਣਾ-ਪਟਿਆਲਾ ਰੋਡ ਜਾਮ ਕਰ ਦਿੱਤਾ। ਇਸ ਕਾਰਨ ਪੁਲੀਸ ਨੂੰ ਹਿਰਾਸਤ ਵਿੱਚ ਲਏ ਆਗੂ ਮੌਕੇ ’ਤੇ ਹੀ ਰਿਹਾਅ ਕਰਨੇ ਪਏ। ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਦੇਸ਼ ਵਿੱਚ ਭਾਜਪਾ ਉਮੀਦਵਾਰਾਂ ਦੇ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਜਥੇਬੰਦੀਆ ਦੇ ਆਗੂਆਂ ਕੁਲਬੀਰ ਟੋਡਰਪੁਰ, ਜਗਮੇਲ ਸਿੰਘ ਗਾਜੇਵਾਸ, ਸੁਖਵਿੰਦਰ ਤੁਲੇਵਾਲ, ਅਵਤਾਰ ਭੇਡਪੁਰੀ, ਜਗਤਾਰ ਫ਼ਤਿਹਮਾਜਰੀ, ਪੂਰਨ ਚੰਦ ਨਨਹੇੜਾ ਨੇ ਆਖਿਆ ਕਿ ਦਿੱਲੀ ਕਿਸਾਨ ਅੰਦੋਲਨ ਵਿੱਚ 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ, ਲਖੀਮਪੁਰ ਖੀਰੀ ਵਿੱਚ ਭਾਜਪਾ ਸੰਸਦ ਮੈਂਬਰ ਦੇ ਮੁੰਡੇ ਅਸ਼ੀਸ਼ ਮਿਸ਼ਰਾ ਵੱਲੋਂ ਜੀਪ ਹੇਠਾਂ ਕੁਚਲ ਕੇ ਕਿਸਾਨਾਂ ਨੂੰ ਮਾਰਨ, ਖਨੌਰੀ ਬਾਰਡਰ ’ਤੇ ਨੌਜਵਾਨ ਕਿਸਾਨ ਸ਼ੁਭਦੀਪ ਸਿੰਘ ਨੂੰ ਹਰਿਆਣਾ ਪੁਲਿਸ ਵੱਲੋਂ ਸਿਰ ਵਿੱਚ ਗੋਲੀ ਮਾਰ ਕੇ ਸ਼ਹੀਦ ਕਰਨਾ ਦੇਸ਼ ਦੀ ਕਿਸਾਨੀ ਉੱਤੇ ਮੋਦੀ ਸਰਕਾਰ ਵੱਲੋਂ ਕੀਤੇ ਅੱਤਿਆਚਾਰ ਦੀਆਂ ਮੂੰਹ ਬੋਲਦੀਆਂ ਘਟਨਾਵਾਂ ਹਨ। ਕਿਸਾਨਾਂ ਉੱਤੇ ਗੋਲੀਆਂ ਚਲਾਉਣ ਅਤੇ ਕਾਰਪੋਰੇਟ ਘਰਾਣਿਆਂ ਲਈ ਗਲੀਚੇ ਵਿਛਾਉਣ ਵਾਲੀ ਭਾਜਪਾ ਹਕੂਮਤ ਨੂੰ ਲੋਕ ਸਭਾ ਚੋਣਾਂ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਘੇਰਿਆ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚ ਭਾਜਪਾ ਦੀ ਚੋਣ ਮੁਹਿੰਮ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਗੁਰਮੀਤ ਸਿੰਘ ਦਿੱਤੁਪੁਰ, ਅਮਰੀਕ ਸਿੰਘ ਘੱਗਾ, ਹਰਵਿੰਦਰ ਸਿੰਘ ਗਿੱਲ, ਟੇਕ ਸਿੰਘ, ਗੁਰਮੇਲ ਸਿੰਘ, ਜਸਵੀਰ ਫਤਿਹਪੁਰ, ਜਸਵਿੰਦਰ ਸਿੰਘ ਬਿਸ਼ਨਪੁਰਾ, ਗੁਰਵਿੰਦਰ ਦੇਧਨਾ, ਸ਼ੇਰ ਸਿੰਘ ਕਾਕੜਾ, ਬਲਵਿੰਦਰ ਸਮਾਣਾ ਤੇ ਜਰਨੈਲ ਮਰਦਾਂਹੇੜੀ, ਹਰਚਰਨ ਸਿੰਘ, ਚੰਨ ਸਿੰਘ ਕਾਕੜਾ, ਲਾਲ ਸਿੰਘ ਖੇੜੀ, ਸ਼ਿਗਾਰਾ ਸਿੰਘ ਡਕਾਲਾ, ਰਣਜੀਤ ਸਿੰਘ ਆਦਿ ਹਾਜ਼ਰ ਸਨ।

Advertisement

ਭਾਜਪਾ ਆਗੂਆਂ ਦਾ ਵਿਰੋਧ ਕਰਨ ਦੀ ਤਿਆਰੀ ਵਿੱਚ ਬੈਠੇ ਕਿਸਾਨ ਪੁਲੀਸ ਨੇ ਹਿਰਾਸਤ ਵਿੱਚ ਲਏ

ਕਿਸਾਨਾਂ ਨੂੰ ਧਰਨਾ ਨਾ ਲਾਉਣ ਲਈ ਮਨਾਉਂਦੇ ਹੋਏ ਡੀਐੱਸਪੀ ਗੁਰਦੇਵ ਸਿੰਘ।

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਭਾਰਤੀ ਕਿਸਾਨ ਯੂਨ‌ੀਅਨ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਵੱਲੋਂ ਸਥਾਨਕ ਵਿਰਾਸਤ ਹੋਟਲ ’ਚ ਭਾਜਪਾ ਮਾਲੇਰਕੋਟਲਾ ਵੱਲੋਂ ਕਰਵਾਏ ਬੂਥ ਸੰਮੇਲਨ ’ਚ ਭਾਜਪਾ ਦੇ ਸੂਬਾਈ ਸਕੱਤਰ ਭਾਨੂੰ ਪ੍ਰਤਾਪ ਅਤੇ ਸੂਬਾਈ ਮੀਤ ਪ੍ਰਧਾਨ ਅਰਵਿੰਦ ਖੰਨਾ ਦੀ ਆਮਦ ਦੇ ਵਿਰੋਧ ’ਚ ਸੰਮੇਲਨ ਨੇੜੇ ਧਰਨਾ ਦੇਣ ਦੀ ਕੋਸ਼ਿਸ਼ ਕਰ ਰਹੇ ਕਿਸਾਨ ਪੁਲੀਸ ਨੇ ਹਿਰਾਸਤ ਵਿੱਚ ਲੈ ਲਏ। ਪੁਲੀਸ ਨੇ 40- 50 ਕਿਸਾਨਾਂ ਨੂੰ ਜਬਰੀ ਬੱਸਾਂ ’ਚ ਚੜ੍ਹਾ ਕੇ ਕੁਝ ਨੂੰ ਹਿਮਤਾਣਾ ਚੌਕੀ ਅਤੇ ਕੁਝ ਨੂੰ ਪਹਿਲਾਂ ਥਾਣਾ ਸਦਰ ਅਹਿਮਦਗੜ੍ਹ ’ਚ ਬੰਦ ਕਰ ਦਿੱਤਾ। ਇਸ ਦੌਰਾਨ ਪੁਲੀਸ ਅਤੇ ਕਿਸਾਨਾਂ ਵਿੱਚ ਖਿੱਚ-ਧੂਹ ਵੀ ਹੋਈ। ਹਿਮਤਾਣਾ ਚੌਕੀ ’ਚ ਬੰਦ ਕਿਸਾਨਾਂ ਦੀ ਹਮਾਇਤ ’ਚ ਅਤੇ ਰਿਹਾਈ ਲਈ ਆਲ਼ੇ ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਨੇ ਰੋਸ ਵਜੋਂ ਹਿਮਤਾਣਾ ਚੌਕੀ ਅੱਗੇ ਧਰਨਾ ਲਾ ਦਿੱਤਾ। ਪੁਲੀਸ ਨੇ ਭਾਜਪਾ ਆਗੂਆਂ ਦੀ ਆਮਦ ਨੂੰ ਲੈ ਕੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਗਰੇਵਾਲ ਚੌਕ, ਗੁਰਦੁਆਰਾ ਹਾਅ ਦਾ ਨਾਅਰਾ ਚੌਕ ਅਤੇ ਟਰੱਕ ਯੂਨ‌ੀਅਨ ਚੌਕ ’ਚ ਸਖ਼ਤ ਨਾਕਾਬੰਦੀ ਕੀਤੀ ਹੋਈ ਸੀ। ਪੁਲੀਸ ਨੇ ਸੰਗਰੂਰ-ਲੁਧਿਆਣਾ ਜਾਣ ਵਾਲੇ ਵਾਹਨਾਂ ਲਈ ਬਦਲਵੇਂ ਰੂਟ ਦਾ ਪ੍ਰਬੰਧ ਕੀਤਾ ਹੋਇਆ ਸੀ। ਕਿਸਾਨ ਆਗੂ ਰਵਿੰਦਰ ਸਿੰਘ ਹਥਨ ਨੇ ਦੱਸਿਆ ਕਿ ਪੁਲੀਸ ਨੇ ਕਿਸਾਨਾਂ ਨੂੰ ਬੱਸਾਂ ‘ਚ ਚੜ੍ਹਾਉਣ ਮੌਕੇ ਕਿਸਾਨਾਂ ਨਾਲ ਧੱਕਾ- ਮੁੱਕੀ ਕੀਤੀ, ਡੰਡੇ ਮਾਰੇ ਅਤੇ ਤੇ ਗਾਲ਼ੀ ਗਲੋਚ ਵੀ ਕੀਤਾ। ਇਸ ਖਿੱਚ -ਧੂਹ ਦੌਰਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਸਮੇਤ ਕਈ ਕਿਸਾਨਾਂ ਦੀਆਂ ਪੱਗਾਂ ਲੱਥ ਗਈਆਂ। ਰਵਿੰਦਰ ਸਿੰਘ ਨੇ ਦੱਸਿਆ ਕਿ ਜਦ ਤੱਕ ਗ੍ਰਿਫ਼ਤਾਰ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਤੱਕ ਹਿਮਤਾਣਾ ਚੌਕੀ ਅੱਗੇ ਧਰਨਾ ਜਾਰੀ ਰਹੇਗਾ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲਾ ਆਗੂ ਚਮਕੌਰ ਸਿੰਘ ਹਥਨ, ਰੁਪਿੰਦਰ ਸਿੰਘ ਚੌਂਦਾ, ਬਲਾਕ ਪ੍ਰਧਾਨ ਮਾਨ ਸਿੰਘ ਸੱਦੋਪੁਰ ਨੇ ਬੀਜੇਪੀ ਆਗੂਆਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕੀਤੀ। ਪੁਲੀਸ ਨੇ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਕਿਸਾਨਾਂ ਨੂੰ ਸਾਢੇ ਛੇ ਵਜੇ ਰਿਹਾਅ ਕਰ ਦਿੱਤਾ।

Advertisement
Author Image

Advertisement
Advertisement
×