For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੇ ਬਿੱਟੂ ਨੂੰ ਕਾਲੀਆਂ ਝੰਡੀਆਂ ਦਿਖਾਈਆਂ

07:41 AM May 24, 2024 IST
ਕਿਸਾਨਾਂ ਨੇ ਬਿੱਟੂ ਨੂੰ ਕਾਲੀਆਂ ਝੰਡੀਆਂ ਦਿਖਾਈਆਂ
ਪਿੰਡ ਗੋਰਸੀਆਂ ਖਾਨ ਮੁਹੰਮਦ ’ਚ ਰਵਨੀਤ ਬਿੱਟੂ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਦੇ ਹੋਏ ਕਿਸਾਨ ਤੇ ਮਜ਼ਦੂਰ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 23 ਮਈ
ਕਾਂਗਰਸ ਛੱਡ ਕੇ ਭਾਜਪਾ ਵੱਲੋਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਰਵਨੀਤ ਬਿੱਟੂ ਦਾ ਅੱਜ ਮੁੜ ਬੇਟ ਇਲਾਕੇ ਵਿੱਚ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ। ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਨੂੰ ਪਿੰਡ ਗੋਰਸੀਆਂ ਖਾਨ ਮੁਹੰਮਦ ਵਿੱਚ ਘੇਰਨ ਦੀ ਕੋਸ਼ਿਸ਼ ਕੀਤੀ। ਭਾਜਪਾ ਉਮੀਦਵਾਰ ਦਾ ਅੱਜ ਗੋਰਸੀਆਂ ਖਾਨ ਮੁਹੰਮਦ ਸਣੇ ਗੱਗ ਕਲਾਂ, ਬੰਗਸੀਪੁਰਾ, ਅੱਕੂਵਾਲ, ਖੁਰਸ਼ੈਦਪੁਰਾ ਤੇ ਹੋਰ ਪਿੰਡਾਂ ਦਾ ਚੋਣ ਦੌਰਾ ਸੀ। ਇਸ ਬਾਰੇ ਪਤਾ ਲੱਗਣ ’ਤੇ ਜਮਹੂਰੀ ਕਿਸਾਨ ਸਭਾ ਦੇ ਕਾਰਕੁਨ ਬਲਰਾਜ ਸਿੰਘ ਕੋਟਉਮਰਾ ਅਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਕਾਰਕੁਨ ਡਾ. ਸੁਖਦੇਵ ਭੂੰਦੜੀ ਦੀ ਅਗਵਾਈ ਹੇਠ ਕਾਲੀਆਂ ਝੰਡੀਆਂ ਲੈ ਕੇ ਪਹੁੰਚ ਗਏ। ਅੱਜ ਸਵੇਰੇ ਗਿਆਰਾਂ ਵਜੇ ਦੇ ਕਰੀਬ ਭਾਜਪਾ ਉਮੀਦਵਾਰ ਨੇ ਉਕਤ ਪਿੰਡਾਂ ’ਚ ਪਹੁੰਚਣਾ ਸੀ। ਕਿਸਾਨਾਂ-ਮਜ਼ਦੂਰਾਂ ਦੇ ਵਿਰੋਧ ਦੀ ਅਗਾਊਂ ਸੂਚਨਾ ਮਿਲਣ ’ਤੇ ਪੁਲੀਸ ਫੋਰਸ ਵੀ ਵੱਡੀ ਗਿਣਤੀ ਵਿੱਚ ਪਹੁੰਚ ਗਈ। ਕਿਸਾਨ ਆਗੂ ਬਲਰਾਜ ਸਿੰਘ ਕੋਟਉਮਰਾ ਨੇ ਦੱਸਿਆ ਕਿ ਪੁਲੀਸ ਨੇ ਕਿਸਾਨ ਤੇ ਮਜ਼ਦੂਰ ਕਾਰਕੁਨਾਂ ਨੂੰ ਘੇਰਾ ਪਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਪੁਲੀਸ ਨੂੰ ਸਪੱਸ਼ਟ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕਾਲੀਆਂ ਝੰਡੀਆਂ ਦਿਖਾਉਣ ਦੇ ਪ੍ਰੋਗਰਾਮ ਤੋਂ ਉਹ ਪਿੱਛੇ ਨਹੀਂ ਹਟਣਗੇ। ਇਸੇ ਦੌਰਾਨ ਰਵਨੀਤ ਬਿੱਟੂ ਆਪਣੇ ਕਾਫਲੇ ਸਮੇਤ ਪਿੰਡ ਗੋਰਸੀਆਂ ਖਾਨ ਮੁਹੰਮਦ ’ਚ ਪਹੁੰਚੇ। ਉਨ੍ਹਾਂ ਨੂੰ ਦੇਖ ਕੇ ਕਿਸਾਨਾਂ-ਮਜ਼ਦੂਰਾਂ ਨੇ ਭਾਜਪਾ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰਨ ਵਾਲੇ ਕਿਸਾਨ ਇੱਥੋਂ ਹੀ ਆਪਣਾ ਵਿਰੋਧ ਦਰਜ ਕਰਵਾ ਕੇ ਪਰਤ ਗਏ। ਅੱਗੇ ਜਿਸ ਥਾਂ ਪ੍ਰੋਗਰਾਮ ਰੱਖਿਆ ਗਿਆ ਸੀ ਉੱਥੇ ਕੋਈ ਨਹੀਂ ਪਹੁੰਚਿਆ, ਜਿਸ ਕਰਕੇ ਪ੍ਰੋਗਰਾਮ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਿਆ। ਆਗੂਆਂ ਕਿਹਾ ਕਿ ਪਿਛਲੇ ਦਿਨੀਂ ਜਗਰਾਉਂ ਵਿੱਚ ਰਵਨੀਤ ਬਿੱਟੂ ਨੇ, ਜੋ ਸ਼ਬਦਾਵਲੀ ਕਿਸਾਨਾਂ ਲਈ ਵਰਤੀ ਹੈ ਉਹ ਨਿੰਦਣਯੋਗ ਹੈ ਅਤੇ ਇਸ ਲਈ ਭਾਜਪਾ ਅਤੇ ਉਸ ਦੇ ਉਮੀਦਵਾਰ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

Advertisement

ਸੂਬਾ ਸਰਕਾਰ ਦੀਆਂ ਜਥੇਬੰਦੀਆਂ ਕਰ ਰਹੀਆਂ ਨੇ ਭਾਜਪਾ ਆਗੂਆਂ ਦਾ ਘਿਰਾਓ: ਖੰਨਾ

ਬਰਨਾਲਾ (ਰਵਿੰਦਰ ਰਵੀ): ਸੰਗਰੂਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਸੂਬੇ ਵਿੱਚ ਭਾਜਪਾ ਉਮੀਦਵਾਰਾਂ ਦਾ ਘਿਰਾਓ ਕਿਸਾਨ ਜਥੇਬੰਦੀਆਂ ਨਹੀਂ, ਸਗੋਂ ਸੂਬਾ ਸਰਕਾਰ ਦੀਆਂ ਬਣਾਈਆਂ ਜਥੇਬੰਦੀਆਂ ਕਰ ਰਹੀਆਂ ਹਨ। ਉਨ੍ਹਾਂ ਅੱਜ ਧਨੌਲਾ ਵਿੱਚ ਮੰਡਲ ਪ੍ਰਧਾਨ ਜਗਤਾਰ ਸਿੰਘ ਢਿੱਲੋਂ ਦੀ ਅਗਵਾਈ ’ਚ ਕੀਤੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਇਆ ਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਪੂਰੇ ਦੇਸ਼ ’ਚ ਬਾਲ ਵੀਰ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਲੈ ਕੇ ਸਿੱਖਾਂ ਦੇ ਮਨਾਂ ’ਚ ਜਗ੍ਹਾ ਬਣਾਈ। ਖੰਨਾ ਨੇ ਕਿਹਾ ਕਿ ਉਹ ਉਮੀਦ ਫਾਊਂਡੇਸ਼ਨ ਰਾਹੀਂ ਪਿਛਲੇ 25 ਸਾਲਾਂ ਤੋਂ ਸੰਗਰੂਰ ਹਲਕੇ ਦੇ ਲੋਕਾਂ ਦੀ ਬਿਨਾਂ ਕਿਸੇ ਲਾਲਚ ਦੇ ਸੇਵਾ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਭਾਜਪਾ ਦੇ ਹੱਕ ’ਚ ਭੁਗਤਨ ਦੀ ਅਪੀਲ ਕੀਤੀ। ਇਸ ਨੁੱਕੜ ਮੀਟਿੰਗ ਨੂੰ ਜਥੇਦਾਰ ਸੁਖਵੰਤ ਸਿੰਘ ਧਨੌਲਾ, ਧੀਰਜ ਕੁਮਾਰ ਦੱਧਾਹੂਰ, ਯਾਦਵਿੰਦਰ ਸ਼ੰਟੀ, ਮੰਗਲ ਦੇਵ ਸ਼ਰਮਾ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।

Advertisement
Author Image

joginder kumar

View all posts

Advertisement
Advertisement
×