For the best experience, open
https://m.punjabitribuneonline.com
on your mobile browser.
Advertisement

ਝੋਨੇ ਦਾ ਬੀਜ ਖਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਲੈਣਾ ਨਾ ਭੁੱਲਣ ਕਿਸਾਨ: ਸੈਣੀ

09:01 AM May 15, 2024 IST
ਝੋਨੇ ਦਾ ਬੀਜ ਖਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਲੈਣਾ ਨਾ ਭੁੱਲਣ ਕਿਸਾਨ  ਸੈਣੀ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ੈੱਲਰ ਐਸੋਸੀਏਸ਼ਨ ਦੇ ਨੁਮਾਇੰਦੇ।
Advertisement

ਜਗਮੋਹਨ ਸਿੰਘ
ਰੂਪਨਗਰ, 14 ਮਈ
ਆਲ ਇੰਡੀਆ ਰਾਇਸ ਮਿਲਰਜ਼ ਐਸੋਸ਼ੀਏਸ਼ਨ ਜਥੇਬੰਦੀ ਦੇ ਪ੍ਰਧਾਨ ਤਰਸੇਮ ਸੈਣੀ ਨੇ ਰੂਪਨਗਰ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੈੱਲਰ ਮਾਲਕਾਂ ਦੀਆਂ ਮੁਸ਼ਕਿਲਾਂ ਬਿਆਨ ਕੀਤੀਆਂ। ਇਸ ਮੌਕੇ ਸ਼੍ਰੀ ਸੈਣੀ ਨੇ ਦੱਸਿਆ ਕਿ ਪੰਜਾਬ ਅੰਦਰ ਪੀ.ਆਰ. 126 ਕਿਸਮ ਦੇ ਨਾਮ ਉੱਤੇ ਝੋਨੇ ਦੇ ਨਕਲੀ ਬੀਜਾਂ ਦੀ ਵਿਕਰੀ ਕੀਤੀ ਜਾ ਰਹੀ ਹੈ ਤੇ ਭੋਲੇ ਭਾਲੇ ਕਿਸਾਨ ਦੁਕਾਨਦਾਰ ਤੋਂ ਬਿੱਲ ਨਾ ਲੈਣ ਕਾਰਨ ਫਸਲ ਬੀਜਣ ਤੋਂ ਬਾਅਦ ਬੁਰੀ ਤਰ੍ਹਾਂ ਫਸ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ, ਤਰਨ ਤਾਰਨ , ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਗੁਰਦਾਸਪੁਰ, ਫਤਿਹਗੜ੍ਹ ਸਾਹਿਬ ਤੇ ਰੂਪਨਗਰ ਜ਼ਿਲ੍ਹਿਆਂ ਅੰਦਰ ਕਥਿਤ ਤੌਰ ’ਤੇ ਝੋਨੇ ਦੇ ਹਾਈਬ੍ਰਿੱਡ ਬੀਜਾਂ ਦੀ ਵਿਕਰੀ ਕੀਤੀ ਜਾਂਦੀ ਹੈ, ਜਿਹੜੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਵੀ ਨਹੀਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸੀਜਨ ਦੌਰਾਨ ਸ਼ੈੱਲਰ ਮਾਲਕਾਂ ਨੂੰ ਡੁਪਲੀਕੇਟ ਬੀਜਾਂ ਕਾਰਨ ਕਰੋੜਾਂ ਰੁਪਏ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਖੇਤੀਬਾੜੀ ਵਿਭਾਗ ਦੇ ਕਈ ਨੁਮਾਇੰਦੇ ਬਹੁ ਕੌਮੀ ਕੰਪਨੀਆਂ ਨਾਲ ਕਥਿਤ ਮਿਲੀਭੁਗਤ ਕਰ ਕੇ ਉਨ੍ਹਾਂ ਦੇ ਬੀਜਾਂ ਨੂੰ ਪ੍ਰਮੋਟ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀਆਂ ਮੰਗਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਧਿਆਨ ਵਿੱਚ ਲਿਆ ਦਿੱਤੀਆਂ ਹਨ। ਉਨ੍ਹਾਂ ਅਪੀਲ ਕੀਤੀ ਹੈ ਕਿ ਕਿਸਾਨ ਝੋਨੇ ਦੇ ਬੀਜ ਖਰੀਦਣ ਸਮੇਂ ਸਾਵਧਾਨੀ ਵਰਤਣ। ਇਸ ਦੇ ਨਾਲ ਹੀ ਉਨ੍ਹਾਂ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਸਮੇਂ-ਸਮੇਂ ਸਿਰ ਬੀਜ ਵਿਕਰੇਤਾਵਾਂ ਦੀਆਂ ਦੁਕਾਨਾਂ ’ਤੇ ਅਚਨਚੇਤ ਛਾਪੇ ਮਾਰ ਕੇ ਨਕਲੀ ਬੀਜ ਵੇਚਣ ਵਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰਨ। ਇਸ ਮੌਕੇ ਜਥੇਬੰਦੀ ਦੇ ਆਗੂ ਜ਼ਿਲ੍ਹਾ ਪ੍ਰਧਾਨ ਮਨਿੰਦਰ ਵਰਮਾ, ਲਖਵੀਰ ਸਿੰਘ ਪ੍ਰਧਾਨ ਸਰਹਿੰਦ, ਸੰਜੇ ਭੂਤ ਮੀਤ ਪ੍ਰਧਾਨ ਪੰਜਾਬ, ਲਵੀ ਭਾਰਗਵ, ਨਕੁਲ ਕੁਮਾਰ, ਅਨੂਪ ਸਿੰਘ, ਜਿੰਮੀ ਬਾਂਸਲ, ਸੁਮੀਤ ਬਾਂਸਲ, ਸੰਦੀਪ ਗੋਇਲ, ਜਸਪ੍ਰੀਤ ਸਿੰਘ, ਹਰਿੰਦਰ ਦਿਓਲ ਆਦਿ ਵੀ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement