ਲਿੰਕ ਸੜਕਾਂ ਦੇ ਬਰਮ ਨਾ ਵੱਢਣ ਕਿਸਾਨ: ਡੀਸੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਜੂਨ
ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਲਵਾਈ ਲਈ ਖੇਤ ਤਿਆਰ ਕਰਨ ਦੌਰਾਨ ਪੇਂਡੂ ਖੇਤਰ ਦੀਆਂ ਸੜਕਾਂ ਦੇ ਬਰਮਾਂ ਨਾਲ ਬਿਲਕੁਲ ਵੀ ਛੇੜਛਾੜ ਨਾ ਕਰਨ ਅਤੇ ਬਰਮਾਂ ਨੂੰ ਬਿਲਕੁਲ ਸੁਰੱਖਿਅਤ ਰੱਖਣ। ਇਸ ਦੇ ਨਾਲ-ਨਾਲ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵੱਢੇ ਬਰਮ ਝੋਨੇ ਦੀ ਲਵਾਈ ਤੋਂ ਪਹਿਲਾਂ-ਪਹਿਲਾਂ ਪੂਰੇ ਕਰਵਾਉਣੇ ਯਕੀਨੀ ਬਨਾਉਣ। ਜ਼ਿਕਰਯੋਗ ਹੈ ਕਿ ਬਰਮ ਪੂਰੇ ਕਰਵਾਉਣ ਸਬੰਧੀ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਉਪ ਮੰਡਲ ਮੈਜਿਸਟਰੇਟ (ਚੇਅਰਮੈਨ), ਤਹਿਸੀਲਦਾਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ, ਸੰਗਰੂਰ ਅਤੇ ਕਾਰਜਕਾਰੀ ਇੰਜਨੀਅਰ ਪੰਜਾਬ ਮੰਡੀ ਬੋਰਡ ਸੰਗਰੂਰ ਨੂੰ ਸ਼ਾਮਲ ਕਰ ਕੇ ਕਮੇਟੀ ਬਣਾਈ ਗਈ ਹੈ, ਜਿਹੜੀ ਕਿ ਲਿੰਕ ਸੜਕਾਂ ਦੇ ਬਰਮ ਪੂਰੇ ਕਰਵਾਉਣ ਸਬੰਧੀ ਕਾਰਜ ਕਰ ਰਹੀ ਹੈ। ਰਿਸ਼ੀ ਨੇ ਕਿਹਾ ਕਿ ਕਈ ਵਾਰ ਜ਼ਿੰਮੀਦਾਰਾਂ ਵੱਲੋਂ ਬਰਮ ਵੱਢ ਕੇ ਆਪਣੇ ਖੇਤਾਂ ਵਿੱਚ ਸ਼ਾਮਲ ਕਰ ਲਏ ਜਾਂਦੇ ਹਨ। ਅਜਿਹਾ ਕਰਨ ਕਾਰਨ ਬਰਮ ਦੀ ਘੱਟ ਚੌੜਾਈ ਜਿੱਥੇ ਆਵਾਜਾਈ ਲਈ ਮੁਸ਼ਕਿਲ ਖੜ੍ਹੀ ਕਰਦੀ ਹੈ, ਉੱਥੇ ਲਿੰਕ ਸੜਕਾਂ ਦੇ ਜਲਦੀ ਖਰਾਬ ਹੋਣ ਦਾ ਕਾਰਨ ਵੀ ਬਣਦੀ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ, ਜਿਸ ਨਾਲ ਸਮੁੱਚੇ ਪੇਂਡੂ ਖੇਤਰ ਨੂੰ ਲਾਭ ਹੋਵੇਗਾ।