ਪ੍ਰਧਾਨ ਮੰਤਰੀ ਤੋਂ ਭਲੇ ਦੀ ਆਸ ਛੱਡ ਦੇਣ ਕਿਸਾਨ: ਬਾਜਵਾ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 9 ਦਸੰਬਰ
ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸੇ ਵੀ ਕਿਰਸਾਨੀ ਭਲੇ ਦੀ ਕਿਸਾਨਾਂ ਨੂੰ ਆਸ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਉਹ ਕਾਰਪੋਰੇਟ ਦੇ ਕਬਜ਼ੇ ਵਿਚ ਕਿਸਾਨਾਂ ਦੇ ਪੱਖ ਵਿਚ ਕੋਈ ਵੀ ਲਾਭ ਵਾਲਾ ਫ਼ੈਸਲਾ ਨਹੀਂ ਕਰਨਾ ਚਾਹੁੰਦੇ। ਬਾਜਵਾ ਅੱਜ ਇੱਥੇ ਹਰਪਾਲ ਟਿਵਾਣਾ ਆਡੀਟੋਰੀਅਮ ਵਿੱਚ ਮੋਹਿਤ ਮਹਿੰਦਰਾ ਵੱਲੋਂ ਕਰਵਾਏ ਕਾਂਗਰਸ ਅਹੁਦੇਦਾਰ ਸੰਮੇਲਨ ਵਿੱਚ ਬੋਲ ਰਹੇ ਸਨ। ਇਸ ਮੌਕੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਵੀ ਮੌਜੂਦ ਸਨ।
ਸ੍ਰੀ ਬਾਜਵਾ ਨੇ ਕਿਹਾ ਕਿ ਜੋ ਭਾਰਤ ਮਾਲਾ ਪ੍ਰਾਜੈਕਟ, ਹੋਰ ਸੜਕਾਂ ਦੇ ਪ੍ਰਾਜੈਕਟ ਅਤੇ ਗੁਜਰਾਤ ਜੰਮੂ ਕਸ਼ਮੀਰ ਗੈਸ ਪਾਈਪਲਾਈਨ ਵਰਗੇ ਪ੍ਰਾਜੈਕਟ ਪੰਜਾਬ ਵਿੱਚ ਸਾਹਮਣੇ ਆ ਰਹੇ ਹਨ, ਅਸਲ ਵਿੱਚ ਉਹ ਪੰਜਾਬ ਦੇ ਭਲੇ ਲਈ ਨਹੀਂ ਸਗੋਂ ਕਾਰਪੋਰੇਟ ਨੂੰ ਲਾਭ ਪਹੁੰਚਾਉਣ ਲਈ ਲਿਆਂਦੇ ਗਏ ਹਨ। ਜਿਵੇਂ ਭਾਰਤ ਮਾਲਾ ਸੜਕੀ ਪ੍ਰਾਜੈਕਟ ਹੈ, ਉਸ ਬਾਰੇ ਸਪੱਸ਼ਟ ਹੈ ਕਿ ਇਸ ਦੇ ਆਲੇ ਦੁਆਲੇ ਕਾਰਪੋਰੇਟ ਨੇ ਹਜ਼ਾਰਾਂ ਏਕੜ ਜ਼ਮੀਨ ਖ਼ਰੀਦਣ ਲਈ ਪੂਰਾ ਜ਼ੋਰ ਲਗਾ ਦਿੱਤਾ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਆਪਣੀ ਸਾਖ਼ ਪੰਜਾਬੀਆਂ ਵਿੱਚ ਮਕਬੂਲ ਕਰਨ ਵਿਚ ਕਾਮਯਾਬ ਨਹੀਂ ਹੋਵੇਗਾ।
ਜ਼ਿਲ੍ਹਾ ਪ੍ਰਧਾਨ ਟੀਮ ਸਣੇ ਸਮਾਗਮ ਵਿੱਚ ਨਾ ਹੋਏ ਸ਼ਾਮਲ
ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਦੀ ਸਾਰੀ ਟੀਮ ਇਸ ਮੌਕੇ ਹਾਜ਼ਰ ਨਹੀਂ ਹੋਈ। ਇਸ ਕਰਕੇ ਪਟਿਆਲਾ ਦਿਹਾਤੀ ਵਿੱਚ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਦੀ ਵਿਰੋਧਤਾ ਜੱਗ ਜ਼ਾਹਿਰ ਹੋ ਗਈ। ਸ੍ਰੀ ਕਾਲੂ ਨੇ ਕਿਹਾ ਕਿ ਮੋਹਿਤ ਮਹਿੰਦਰਾ ਸਾਡੇ ਕਿਸੇ ਮਾਮਲੇ ਵਿੱਚ ਸਹਾਈ ਨਹੀਂ ਹੁੰਦੇ ਤਾਂ ਫਿਰ ਉਹ ਕਿਉਂ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਜਾਣਗੇ।