For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੇ ਫਗਵਾੜਾ ਮਿੱਲ ਦੀ ਜਾਇਦਾਦ ਨੂੰ ਜਿੰਦਾ ਲਾਇਆ

08:58 AM Sep 20, 2024 IST
ਕਿਸਾਨਾਂ ਨੇ ਫਗਵਾੜਾ ਮਿੱਲ ਦੀ ਜਾਇਦਾਦ ਨੂੰ ਜਿੰਦਾ ਲਾਇਆ
ਫਗਵਾੜਾ ਮਿੱਲ ਦੇ ਗੇਟ ਨੂੰ ਤਾਲਾ ਲਗਾਉਂਦੇ ਹੋਏ ਕਿਸਾਨ।
Advertisement

ਜਸਬੀਰ ਸਿੰਘ ਚਾਨਾ
ਫਗਵਾੜਾ, 19 ਸਤੰਬਰ
ਇਥੋਂ ਦੀ ਸ਼ੂਗਰ ਮਿੱਲ ਵੱਲ ਬਕਾਇਆ ਕਰੋੜਾਂ ਰੁਪਏ ਲੈਣ ਲਈ ਅੱਜ ਕਿਸਾਨਾਂ ਨੇ ਫਗਵਾੜਾ ਮਿੱਲ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਾਹਮਣੇ ਮਿੱਲ ਦੀ ਜਾਇਦਾਦ ਨੂੰ ਜਿੰਦਰਾ ਲਾ ਦਿੱਤਾ।
ਅੱਜ ਸਵੇਰੇ ਕਿਸਾਨ ਇੱਥੋਂ ਦੀ ਦਾਣਾ ਮੰਡੀ ਵਿੱਚ ਇਕੱਤਰ ਹੋਏ, ਜਿੱਥੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਕ੍ਰਿਪਾਲ ਸਿੰਘ ਮੁਸਾਪੂਰ ਤੇ ਕ੍ਰਿਪਾਲ ਸਿੰਘ ਪਾਲਾ ਮੌਲੀ ਨੇ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਮਿੱਲ ਮਾਲਕਾਂ ਵੱਲ ਲੰਮੇ ਸਮੇਂ ਤੋਂ ਕਿਸਾਨਾਂ ਦੀ ਕਰੋੜਾਂ ਰੁਪਏ ਦੀ ਰਾਸ਼ੀ ਬਕਾਇਆ ਹੈ ਤੇ ਬਕਾਇਆ ਜਾਰੀ ਨਾ ਹੋਣ ਕਾਰਨ ਕਿਸਾਨ ਆਰਥਿਕ ਸੰਕਟ ਝੱਲ ਰਹੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ 2021 ਤੋਂ ਪ੍ਰਸ਼ਾਸਨ ਲਗਾਤਾਰ ਉਨ੍ਹਾਂ ਨੂੰ ਭਰੋਸੇ ਹੀ ਦਿੰਦੇ ਆ ਰਿਹਾ ਹੈ, ਜਦੋਂ ਕਿ ਸਰਕਾਰ ਤੇ ਪ੍ਰਸ਼ਾਸਨ ਇਸ ਮਾਮਲੇ ’ਚ ਗੰਭੀਰ ਨਹੀਂ। ਜਾਣਕਾਰੀ ਅਨੁਸਾਰ ਮੰਡੀ ਵਿੱਚ ਇਕੱਠ ਕਰਨ ਮਗਰੋਂ ਕਿਸਾਨ ਇਕੱਠੇ ਹੋ ਕੇ ਸ਼ੂਗਰ ਮਿੱਲ ਦੇ ਅੱਗੇ ਪੁੱਜੇ ਜਿਥੇ ਉਨ੍ਹਾਂ ਧਰਨਾ ਲਗਾਇਆ ਤੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਹਿਸੀਲ ਪੱਧਰ ਦੇ ਅਧਿਕਾਰੀ ਸਵੇਰ ਤੋਂ ਜੁਟੇ ਰਹੇ ਪਰ ਕੋਈ ਗੱਲ ਸਿਰੇ ਨਹੀਂ ਚੜ੍ਹੀ ਜਦਕਿ ਕਿਸਾਨ ਮਿੱਲ ਦੇ ਨਾਲ ਲੱਗਦੀ 10 ਕਨਾਲ 12 ਮਰਲੇ ਜ਼ਮੀਨ ਨੂੰ ਪ੍ਰਸ਼ਾਸਨ ਵੱਲੋਂ ਆਪਣੇ ਕਬਜ਼ੇ ’ਚ ਲੈਣ ਦੀ ਮੰਗ ’ਤੇ ਅੜੇ ਰਹੇ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਜਾਇਦਾਦ ਨੂੰ ਅਟੈੱਚ ਕਰਨ ਦਾ ਬੋਰਡ ਲੱਗਾ ਦਿੱਤਾ ਤੇ ਫ਼ਿਰ ਕਿਸਾਨ ਤਾਲਾ ਲਗਾਉਣ ਦੀ ਮੰਗ ਕਰਨ ਲੱਗ ਗਏ। ਇਸ ਦੌਰਾਨ ਧਰਨੇ ਵਾਲੀ ਥਾਂ ਪੁੱਜੇ ਡੀਸੀ ਅਮਿਤ ਕੁਮਾਰ ਪੰਚਾਲ ਅਤੇ ਐੱਸਐੱਸਪੀ ਵਤਸਲਾ ਗੁਪਤਾ ਨੇ ਕਿਸਾਨਾਂ ਨਾਲ ਪੁਲੀਸ ਦੀ ਬੱਸ ਵਿੱਚ ਲਗਪਗ ਦੋ ਘੰਟੇ ਮੀਟਿੰਗ ਕੀਤੀ ਪਰ ਗੱਲਬਾਤ ਸਿਰੇ ਨਹੀਂ ਚੜ੍ਹੀ। ਮੀਟਿੰਗ ਦਾ ਸਿੱਟਾ ਨਾ ਨਿਕਲਣ ’ਤੇ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਅਲਟੀਮੇਟਮ ਦੇਣ ਤੋਂ ਬਾਅਦ ਮਿੱਲ ਦੀ ਜਾਇਦਾਦ ਦੇ ਗੇਟ ਨੂੰ ਤਾਲਾ ਲਾ ਦਿੱਤਾ ਤੇ ਪ੍ਰਸ਼ਾਸਨ ਦੇਖਦਾ ਹੀ ਰਹਿ ਗਿਆ। ਤਾਲਾ ਲਗਾਉਣ ਤੋਂ ਬਾਅਦ ਸਥਿਤੀ ਤਣਾਅਪੂਰਨ ਬਣ ਗਈ ਤੇ ਕਿਸਾਨਾਂ ਨੇ ਆਪਣਾ ਰੋਹ ਪ੍ਰਗਟਾਉਂਦੇ ਹੋਏ ਧਰਨਾ ਸਮਾਪਤ ਕਰ ਦਿੱਤਾ।ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਜੇ ਪ੍ਰਸ਼ਾਸਨ ਵਲੋਂ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨ ਵੱਡੇ ਪੱਧਰ ’ਤੇ ਫਗਵਾੜਾ ਮਿੱਲ ਅੱਗੇ ਪ੍ਰਦਰਸ਼ਨ ਲਈ ਮਜਬੂਰ ਹੋਣਗੇ।

Advertisement

Advertisement
Advertisement
Author Image

joginder kumar

View all posts

Advertisement