For the best experience, open
https://m.punjabitribuneonline.com
on your mobile browser.
Advertisement

ਹੜ੍ਹ ਮਾਰੇ ਖੇਤਰਾਂ ਵਿੱਚ ਹਰ ਸਾਲ ਦੁਬਾਰਾ ਝੋਨਾ ਲਾਉਂਦੇ ਨੇ ਕਿਸਾਨ

07:30 AM Jul 11, 2024 IST
ਹੜ੍ਹ ਮਾਰੇ ਖੇਤਰਾਂ ਵਿੱਚ ਹਰ ਸਾਲ ਦੁਬਾਰਾ ਝੋਨਾ ਲਾਉਂਦੇ ਨੇ ਕਿਸਾਨ
ਹੜ੍ਹਾਂ ਕਾਰਨ ਪਿਛਲੇ ਸਾਲ ਤਬਾਹ ਹੋਏ ਝੋਨੇ ਬਾਰੇ ਦੱਸਦੇ ਹੋਏ ਅਮਰਿੰਦਰ ਸਿੰਘ ਰਾਠੀਆਂ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 10 ਜੁਲਾਈ
ਬਰਸਾਤੀ ਨਦੀਆਂ ਵਿਚ ਹੜ੍ਹਾਂ ਦਾ ਖ਼ਤਰਾ ਅਜੇ ਸਿਰ ’ਤੇ ਹੈ ਪਰ ਕਿਸਾਨਾਂ ਨੇ ਹੜ੍ਹ ਮਾਰੂ ਖੇਤਰਾਂ ਵਿਚ 80 ਤੋਂ ਲੈ ਕੇ 95 ਫ਼ੀਸਦੀ ਝੋਨਾ ਲਗਾ ਦਿੱਤਾ ਹੈ। ਹਰ ਵਾਰ ਦੀ ਤਰ੍ਹਾਂ ਹੜ੍ਹਾਂ ਦੌਰਾਨ ਝੋਨਾ ਮਰਨ ਦਾ ਖਤਰਾ ਇਸ ਵਾਰ ਵੀ ਕਿਸਾਨਾਂ ਨੂੰ ਸਤਾ ਰਿਹਾ ਹੈ ਪਰ ਮਜਬੂਰ ਕਿਸਾਨ ਨੇ ਝੋਨਾ ਫਿਰ ਲਗਾ ਦਿੱਤਾ ਹੈ। ਵੱਖ-ਵੱਖ ਖੇਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਰਸਾਤੀ ਨਦੀਆਂ ਵਿਚ ਆਉਂਦੇ ਹੜ੍ਹਾਂ ਕਾਰਨ ਹੋਰਨਾਂ ਫ਼ਸਲਾਂ ਦੇ ਨਾਲ ਨਾਲ ਝੋਨੇ ਦੀ ਤਬਾਹੀ ਹੁੰਦੀ ਹੈ। ਇਸ ਬਾਰੇ ਕਿਸਾਨਾਂ ਨੂੰ ਪਤਾ ਹੈ ਪਰ ਫਿਰ ਵੀ ਉਹ ਹੜ੍ਹ ਆਉਣ ਤੋਂ ਪਹਿਲਾਂ ਝੋਨਾ ਲਾਉਂਦੇ ਹਨ। ਜੇ ਹੜ੍ਹ ਦੌਰਾਨ ਝੋਨਾ ਮਰ ਜਾਂਦਾ ਹੈ ਤਾਂ ਉਹ ਕਈ ਤਰ੍ਹਾਂ ਦੀਆਂ ਤੰਗੀਆਂ ਤੇ ਬਿਜਲੀ ਪਾਣੀ ਦੀ ਮੁੜ ਵਰਤੋਂ ਕਰਕੇ ਝੋਨਾ ਲਾਉਂਦੇ ਹਨ। ਕੁਝ ਖੇਤਰਾਂ ਵਿਚ ਤਾਂ ਇਹ ਹਾਲ ਹੁੰਦਾ ਹੈ ਕਿ ਝੋਨਾ ਦੁਬਾਰਾ ਫਿਰ ਮਰ ਜਾਂਦਾ ਹੈ ਤੇ ਉਹ ਮੁੜ ਲਗਾਇਆ ਜਾਂਦਾ ਹੈ। ਇਸ ਨਾਲ ਜਿੱਥੇ ਕਿਸਾਨਾਂ ਨੂੰ ਵਿੱਤੀ ਨੁਕਸਾਨ ਹੁੰਦਾ ਹੈ ਉੱਥੇ ਹੀ ਧਰਤੀ ਹੇਠਲਾ ਪਾਣੀ ਬਰਬਾਦ ਹੁੰਦਾ ਹੈ ਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਦਾ ਵੀ ਨੁਕਸਾਨ ਹੁੰਦਾ ਹੈ। ਇਸ ਦੌਰਾਨ ਕਿਸਾਨ ਵਿੱਤੀ ਨੁਕਸਾਨ ਬਾਰੇ ਤਾਂ ਗੱਲ ਕਰਦੇ ਹਨ ਪਰ ਧਰਤੀ ਹੇਠਲੇ ਪਾਣੀ ਤੇ ਬਿਜਲੀ ਦੇ ਹੋ ਰਹੇ ਨੁਕਸਾਨ ਦੀ ਗੱਲ ਨਹੀਂ ਕਰਦੇ।

Advertisement

ਦੂਜੀ ਵਾਰ ਮਹਿੰਗੀ ਮਿਲਦੀ ਹੈ ਪਨੀਰੀ ਅਤੇ ਲੇਬਰ: ਕਿਸਾਨ

ਸਨੌਰ ਤੋਂ ਅੱਗੇ ਪਿੰਡ ਰਾਠੀਆਂ ਦੇ ਰਾਜੇਵਾਲ ਗਰੁੱਪ ਦੇ ਬਲਾਕ ਪ੍ਰਧਾਨ ਰਹੇ ਕਿਸਾਨ ਅਮਰਿੰਦਰ ਸਿੰਘ ਰਾਠੀਆਂ ਨੇ ਕਿਹਾ ਕਿ ਪਿਛਲੇ ਸਾਲ 45 ਏਕੜ ਝੋਨਾ ਹੜ੍ਹ ਕਾਰਨ ਮਰ ਗਿਆ ਸੀ ਜੋ ਮਾਲੇਰਕੋਟਲੇ ਕੋਲੋਂ ਇਕ ਪਿੰਡ ਵਿਚੋਂ ਲਿਆਂਦੀ ਪਨੀਰੀ ਨਾਲ ਦੁਬਾਰਾ ਲਗਾਇਆ ਗਿਆ। 2000 ਰੁਪਏ ਮਰਲਾ ਪਨੀਰੀ ਮਿਲੀ ਜਿਸ ’ਤੇ ਕਰੀਬ 80 ਤੋਂ 90 ਹਜ਼ਾਰ ਰੁਪਏ ਖਰਚਾ ਆ ਗਿਆ, ਕਬਾੜ ਦੀ ਦਬਾਈ, ਯੂਰੀਆ, ਲੇਬਰ ਦਾ ਖਰਚਾ (4 ਹਜ਼ਾਰ ਰੁਪਏ ਏਕੜ) ਸਾਰਾ ਕੁਝ ਦੁਬਾਰਾ ਕਰਨਾ ਪਿਆ। ਕਿਸਾਨ ਲਖਵਿੰਦਰ ਸਿੰਘ ਭਾਂਖਰ ਨੇ ਕਿਹਾ ਕਿ ਪਿਛਲੇ ਸਾਲ 20 ਏਕੜ ਝੋਨਾ ਮਰ ਗਿਆ, ਹਰ ਸਾਲ ਮਰਦਾ ਹੈ। ਪਿਛਲੇ ਸਾਲ ਪਨੀਰੀ ਅਬੋਹਰ ਤੋਂ ਲੈ ਕੇ ਆਏ ਜਿਸ ਦੇ ਲਿਆਉਣ ਦਾ ਖਰਚਾ 25 ਹਜ਼ਾਰ ਰੁਪਏ ਪੈ ਗਿਆ ਸੀ। ਗੁਰਪ੍ਰੀਤ ਸਿੰਘ ਧਰਮਹੇੜੀ ਨੇ ਕਿਹਾ ਕਿ ਸਾਡੇ ਇਲਾਕੇ ਵਿਚ ਕਰੀਬ 80 ਫ਼ੀਸਦੀ ਝੋਨਾ ਮਰ ਜਾਂਦਾ ਹੈ ਕਈ ਵਾਰ ਤਾਂ 100 ਫ਼ੀਸਦੀ ਮਰਦਾ ਹੈ ਤੇ ਦੁਬਾਰਾ ਲਾਇਆ ਜਾਂਦਾ ਹੈ।

Advertisement
Author Image

joginder kumar

View all posts

Advertisement
Advertisement
×