ਪਰਾਲੀ ਦੀਆਂ ਟਰਾਲੀਆਂ ਭਰ ਕੇ ਡੀਸੀ ਦਫ਼ਤਰ ਪੁੱਜੇ ਕਿਸਾਨ
ਜਸਵੰਤ ਜੱਸ
ਫਰੀਦਕੋਟ, 20 ਨਵੰਬਰ
ਪਿਛਲੇ ਇੱਕ ਮਹੀਨੇ ਤੋਂ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾ ਰਹੇ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੀ ਅਗਵਾਈ ਵਿੱਚ ਅੱਜ ਇਸ ਸਮੱਸਿਆ ਦੇ ਪੱਕੇ ਹੱਲ ਲਈ ਸੈਂਕੜੇ ਟਰਾਲੀਆਂ ਪਰਾਲੀ ਦੀਆਂ ਭਰ ਕੇ ਡਿਪਟੀ ਕਮਿਸ਼ਨਰ ਦਫ਼ਤਰ ਲਿਆਂਦੀਆਂ ਅਤੇ ਮੰਗ ਕੀਤੀ ਕਿ ਪਰਾਲੀ ਨੂੰ ਖੇਤਾਂ ਵਿੱਚੋਂ ਸਾਂਭਣ ਦੇ ਹੱਲ ਦੱਸੇ ਜਾਣ। ਕਿਸਾਨ ਆਗੂ ਲਾਲ ਸਿੰਘ ਗੋਲੇਵਾਲਾ, ਮਾਸਟਰ ਸੂਰਜ ਭਾਨ, ਬੋਹੜ ਸਿੰਘ ਰੁਪਈਆਂ ਵਾਲਾ, ਰਜਿੰਦਰ ਸਿੰਘ, ਚਰਨਜੀਤ ਸਿੰਘ ਸੰਧੂ ਅਤੇ ਬਲਦੇਵ ਸਿੰਘ ਨੇ ਕਿਹਾ ਕਿ ਕਿਸਾਨ ਵੀ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦੇ ਪਰ ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ ਪੰਜਾਬ ਸਰਕਾਰ ਪਰਾਲੀ ਦੀ ਵਿਗਿਆਨਕ ਤਰੀਕੇ ਨਾਲ ਸਾਂਭ ਸੰਭਾਲ ਨੂੰ ਯਕੀਨੀ ਨਹੀਂ ਬਣਾ ਸਕੀ। ਜੇਕਰ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਤਾਂ ਕਣਕ ਬੀਜਣ ਦਾ ਸਮਾਂ ਬੀਤ ਜਾਵੇਗਾ ਅਤੇ ਯੂਨੀਵਰਸਿਟੀ ਦੀਆਂ ਹਦਾਇਤਾਂ ਮੁਤਾਬਿਕ ਦੇਰੀ ਨਾਲ ਬੀਜੀ ਕਣਕ ਦਾ ਝਾੜ ਘਟੇਗਾ। ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਗਰੀਨ ਟ੍ਰਿਬਿਊਨਲ ਦੇ ਫੈਸਲੇ ਮੁਤਾਬਿਕ ਵੀ ਕੋਈ ਕਾਰਵਾਈ ਨਹੀਂ ਕੀਤੀ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਖਿਲਾਫ਼ ਪਰਾਲੀ ਸਾੜਨ ਦੇ ਇਲਜ਼ਾਮਾਂ ਤਹਿਤ ਦਰਜ ਹੋਏ ਪਰਚੇ ਤੁਰੰਤ ਰੱਦ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਦਾ ਮੰਗ ਪੱਤਰ ਲੈਂਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਵਿਚਾਰਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣਗੇ। ਫਰੀਦਕੋਟ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਇਲਜ਼ਾਮਾਂ ਵਿੱਚ 20 ਕਿਸਾਨਾਂ ਖਿਲਾਫ਼ ਕੇਸ ਦਰਜ ਕੀਤੇ ਹਨ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪਰਾਲੀ ਸਾੜਨ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਸਬੰਧੀ ਸਰਕਾਰਾਂ ਅਤੇ ਅਦਾਲਤਾਂ ਵੱਲੋਂ ਕੀਤੀ ਜਾ ਰਹੀ ਸਖਤੀ ਤੋਂ ਖ਼ਫਾ ਜ਼ਿਲ੍ਹੇ ਭਰ ਦੇ ਕਿਸਾਨਾਂ ਵੱਲੋਂ ਅੱਜ ਇਥੋਂ ਦੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ ਗਿਆ| ਇਸ ਮੌਕੇ ਕਿਸਾਨਾਂ ਵੱਲੋਂ ਪਰਾਲੀਆਂ ਦੀਆਂ ਟਰਾਂਲੀਆਂ ਭਰ ਕੇ ਲਿਆਂਦੀਆਂ ਗਈਆਂ ਤਾਂ ਜੋ ਸਰਕਾਰ ਨੂੰ ਦੱਸਿਆ ਜਾ ਸਕੇ ਕਿ ਪਰਾਲੀ ਦੇ ਢੁਕਵੇਂ ਹੱਲ ਨਾ ਹੋਣ ਕਾਰਣ ਹੀ ਉਹ ਪਰਾਲੀ ਸਾੜਨ ਲਈ ਮਜਬੂਰ ਹਨ| ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ, ਭਗਵੰਤ ਸਿੰਘ ਮਿੱਡਾ ਅਤੇ ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾ ਗੁੱਜਰ ਹੋਰਾਂ ਨੇ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਾਉਣ ਦੇ ਹੁਕਮ ਦੇਣ ਦੇ ਨਾਲ-ਨਾਲ ਪਰਾਲੀ ਸਾਂਭਣ ਦੇ ਠੋਸ ਹੱਲ ਵੀ ਸਰਕਾਰ ਵੱਲੋਂ ਕੀਤੇ ਜਾਣ|
ਮਾਨਸਾ (ਜੋਗਿੰਦਰ ਸਿੰਘ ਮਾਨ): ਇਥੋਂ ਦੇ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਪਰਾਲੀ ਦੀਆਂ ਭਰੀਆਂ ਟਰਾਲੀਆਂ ਲੈ ਕੇ ਕਿਸਾਨ ਪੁੱਜੇ, ਜਿਸ ਦੌਰਾਨ ਕਿਸਾਨਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸੇ ਦੌਰਾਨ ਜਦੋਂ ਕਿਸਾਨ ਡੀ.ਸੀ ਦਫ਼ਤਰ ਵੱਲ ਵੱਧਣ ਲੱਗੇ ਤਾਂ ਕਿਸਾਨਾਂ ਨੂੰ ਪੁਲੀਸ ਨੇ ਰੋਕਣ ਦੀ ਕੋਸ਼ਿਸ ਕੀਤੀ, ਜਿਸ ਤੋਂ ਬਾਅਦ ਕਿਸਾਨ ਉਸੇ ਥਾਂ ’ਤੇ ਧਰਨਾ ਲਾ ਕੇ ਬੈਠ ਗਏ। ਕਿਸਾਨ ਆਗੂਆਂ ਜਗਦੇਵ ਸਿੰਘ ਅਤੇ ਇਕਬਾਲ ਸਿੰਘ ਫਫੜੇ ਨੇ ਕਿਹਾ ਕਿ ਇਹ ਪ੍ਰਦਰਸ਼ਨ ਪਰਾਲੀ ਸਾੜਨ ਦੇ ਦੋਸ਼ ’ਚ ਕਿਸਾਨਾਂ ’ਤੇ ਦਰਜ ਕੀਤੇ ਗਏ ਕੇਸ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ।
ਫਾਜ਼ਿਲਕਾ (ਪਰਮਜੀਤ ਸਿੰਘ): ਕਿਸਾਨਾਂ ਵਲੋਂ ਖੇਤਾਂ ਵਿਚ ਪਰਾਲੀ ਸਾੜਨ ਤੇ ਪੁਲੀਸ ਵਲੋਂ ਦਰਜ ਕੀਤੇ ਜਾ ਰਹੇ ਪਰਚਿਆਂ ਨੂੰ ਰੱਦ ਕਰਵਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਸੰਯੁਕਤ ਕਿਸਾਨ ਮੋਰਚਾ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਪਰਾਲੀ ਨਾਲ ਭਰੀਆਂ ਟਰਾਲੀਆਂ ਲੈ ਕੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਗਿਆ ਅਤੇ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਨੇ ਫ਼ਾਜ਼ਿਲਕਾ ਅਬੋਹਰ ਰੋਡ ਨੂੰ ਜਾਮ ਕਰ ਦਿੱਤਾ ਜਿਸ ਤੋਂ ਬਾਅਦ ਪੁਲੀਸ ਵਲੋਂ ਇੱਥੋਂ ਟ੍ਰੈਫ਼ਿਕ ਦਾ ਰੂਟ ਬਦਲ ਦਿੱਤਾ ਗਿਆ।
ਫਿਰੋਜ਼ਪੁਰ (ਸੰਜੀਵ ਹਾਂਡਾ): ਇਥੇ ਡੀਸੀ ਦਫ਼ਤਰ ਦੇ ਬਾਹਰ ਕਿਸਾਨਾਂ ਨੇ ਧਰਨਾ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਜਸਬੀਰ ਸਿੰਘ, ਇੰਦਰਜੀਤ ਸਿੰਘ ਅਤੇ ਗੁਰਮੇਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਪਰਾਲੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਦਾ ਪੱਕਾ ਹੱਲ ਕਰੇ।
ਪੁਲੀਸ ਦੀਆਂ ਰੋਕਾਂ ਤੋੜ ਕੇ ਸਕੱਤਰੇਤ ਪੁੱਜੇ ਕਿਸਾਨ
ਮੋਗਾ (ਮਹਿੰਦਰ ਸਿੰਘ ਰੱਤੀਆਂ): ਉੱਤਰ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਪੁਲੀਸ ਦੀਆਂ ਰੋਕਾਂ ਤੋੜ ਕੇ ਪਰਾਲੀ ਨਾਲ ਭਰੀਆਂ ਟਰਾਲੀਆਂ ਲੈ ਕੇ ਸਕੱਤਰੇਤ ਪੁੱਜੇ। ਇਸ ਮੌਕੇ ਪੁਲੀਸ ਅਧਿਕਾਰੀਆਂ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਕਿਸਾਨਾਂ ਦੇ ਰੋਹ ਅੱਗੇ ਗੋਡੇ ਟੇਕ ਗਈ। ਪੁਲੀਸ ਨੇ ਸਕੱਤਰੇਤ ਗੇਟ ਨੂੰ ਜਿੰਦਰਾ ਮਾਰ ਕੇ ਪੁਲੀਸ ਤਾਇਨਾਤ ਕਰ ਦਿੱਤੀ। ਵੱਡੀ ਗਿਣਤੀ ਵਿਚ ਕਿਸਾਨ ਸਕੱਤਰੇਤ ਦੀਆਂ ਦੀਵਾਰਾਂ ਟੱਪ ਕੇ ਅੰਦਰ ਦਾਖਲ ਹੋਏ ਅਤੇ ਸਕੱਤਰੇਤ ਅੰਦਰ ਧਰਨਾ ਦਿੱਤਾ। ਜਿਹੜੇ ਬਜ਼ੁਰਗ ਕਿਸਾਨ ਦੀਵਾਰ ਨਾ ਟੱਪ ਸਕੇ ਉਨ੍ਹਾਂ ਸਕੱਤਰੇਤ ਬਾਹਰ ਵੱਖਰੀ ਸਟੇਜ ਲਗਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਪਰਾਲੀ ਸਾੜਨ ਉੱਤੇ ਸਰਕਾਰ ਵੱਲੋਂ ਐਫ਼ਆਈਆਰ ਦਰਜ ਕਰਨ ਉੱਤੇ ਸਰਕਾਰ ਨੂੰ ਕੋਸਿਆ।
ਬੀਕੇਯੂ (ਉਗਰਾਹਾਂ) ਵੱਲੋਂ ਥਾਣੇ ਦਾ ਘਿਰਾਓ
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਤਲਵੰਡੀ ਸਾਬੋ ਨੇ ਪਰਾਲੀ ਸਾੜਨ ’ਤੇ ਕੇਸ ਦਰਜ ਕਰਨ ਖ਼ਿਲਾਫ਼ ਅੱਜ ਸਥਾਨਕ ਥਾਣੇ ਅੱਗੇ ਧਰਨਾ ਲਾ ਕੇ ਘਿਰਾਓ ਕੀਤਾ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸੇ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੀ ਪਰਾਲੀ ਦਾ ਮਸਲਾ ਹੱਲ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਸਨ ਪਰ ਹੁਣ ਸਰਕਾਰ ਬਣਨ ਬਾਅਦ ਪਰਾਲੀ ਦਾ ਹੱਲ ਹੁੰਦਾ ਤਾਂ ਕਿਧਰੇ ਦਿਖਾਈ ਨਹੀਂ ਦੇ ਰਿਹਾ ਪਰ ਮਜਬੂਰੀਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਪਰਚੇ ਦਰਜ ਕਰਕੇ ਸਰਕਾਰ ਨੇ ਆਪਣਾ ਕਿਸਾਨ ਵਿਰੋਧੀ ਚਿਹਰਾ ਜ਼ਰੂਰ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੇ ਦਬਾਅ ਹੇਠ ਪੰਜਾਬ ਦੀ ਅਖੌਤੀ ਇਨਕਲਾਬੀ ਸਰਕਾਰ ਕਿਸਾਨਾਂ ’ਤੇ ਧੜਾਧੜ ਪਰਚੇ ਦਰਜ ਕਰ ਰਹੀ ਹੈ। ਜਦ ਕਿ ਚਾਹੀਦਾ ਇਹ ਸੀ ਕਿ ਸਰਕਾਰ ਪਰਾਲੀ ਦੇ ਹੱਲ ਲਈ ਕਿਸਾਨਾਂ ਨੂੰ ਲੋੜੀਂਦੇ ਸਾਧਨ ਮੁਹੱਈਆ ਕਰਵਾਉਂਦੀ।